ਪਾਕਿ ਅਦਾਲਤ ਵੱਲੋਂ ਮੁਸ਼ੱਰਫ ਦੀ ਅਪੀਲ ਖਾਰਜ

ਇਸਲਾਮਾਬਾਦ, 21 ਫਰਵਰੀ (ਪੀ.ਟੀ.)- ਮੁਸ਼ਕਿਲਾਂ ’ਚ ਘਿਰੇ ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੂੰ ਅੱਜ ਉਸ ਵੇਲੇ ਇੱਕ ਵੱਡਾ ਝਟਕਾ ਲੱਗਾ ਜਦੋਂ ਇਕ ਵਿਸ਼ੇਸ਼ ਅਦਾਲਤ ਨੇ ਫੌਜੀ ਕਾਨੂੰਨ ਅਧੀਨ ਮੁਕੱਦਮਾ ਚਲਾਉਣ ਦੀ ਬੇਨਤੀ ਕਰਨ ਵਾਲੀ ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਤੇ ਉਨ੍ਹਾਂ ਨੂੰ 11 ਮਾਰਚ ਨੂੰ ਅਦਾਲਤ ’ਚ ਪੇਸ਼ੀ ਲਈ ਤਲਬ ਕੀਤਾ। ਬਚਾਅ ਪੱਖ ਨੇ ਇਹ ਕਹਿੰਦਿਆਂ 3 ਮੈਂਬਰੀ ਵਿਸ਼ੇਸ਼ ਅਦਾਲਤ ਦੇ ਗਠਨ ’ਤੇ ਇਤਰਾਜ ਕੀਤਾ ਸੀ ਕਿ ਸਾਬਕਾ ਫੌਜੀ ਮੁਖੀ ਹੋਣ ਦੇ ਨਾਤੇ 70 ਸਾਲਾ ਮੁਸ਼ੱਰਫ ’ਤੇ ਸਿਰਫ਼ ਫੌਜੀ ਅਦਾਲਤ ਵਿੱਚ ਹੀ ਮੁਕੱਦਮਾ ਚਲਾਇਆ ਜਾ ਸਕਦਾ ਹੈ। ਜੱਜ ਫੈਜ਼ਲ ਅਰਬ ਦੀ ਪ੍ਰਧਾਨਗੀ ਵਾਲੀ ਵਿਸ਼ੇਸ਼ ਅਦਾਲਤ ਨੇ 18 ਫਰਵਰੀ ਨੂੰ ਆਪਣੇ ਰਾਖਵੇਂ ਰੱਖੇ ਫੈਸਲੇ ਨੂੰ ਸੁਣਾਉਂਦਿਆਂ ਮੁਸ਼ੱਰਫ ਦੀ ਅਪੀਲ ਖਾਰਜ ਕਰ ਦਿੱਤੀ ਤੇ ਕਿਹਾ ਕਿ ਉਸ ਕੋਲ ਸਾਬਕਾ ਫੌਜੀ ਤਾਨਾਸ਼ਾਹ ਵਿਰੁੱਧ ਮੁਕੱਦਮਾ ਚਲਾਉਣ ਦੀ ਸ਼ਕਤੀ ਹੈ।

Send this to a friend