Skip to content
Independent perspectives. Global stories.
BREAKING

ਸ਼੍ਰੀਨਗਰ ਵਿਖੇ ਮੁਕਾਬਲੇ ’ਚ ਲਸ਼ਕਰ ਦੇ ਤਿੰਨ ਅੱਤਵਾਦੀ ਹਲਾਕ

Share this story

ਦਰਬਾਰ ਦੀ ਬਦਲੀ ਸਮੇਂ 7 ਨੂੰ ਹਮਲੇ ਦੀ ਬਣਾ ਰਹੇ ਸਨ ਯੋਜਨਾ

ਸ੍ਰੀਨਗਰ, 5 ਮਈ- ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਸ਼ਨਿੱਚਰਵਾਰ ਨੂੰ ਸ੍ਰੀਨਗਰ ਦੇ ਬਾਹਰ-ਬਾਹਰ 5 ਘੰਟੇ ਚੱਲੇ ਇੱਕ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦੇ 3 ਮਿਲੀਟੈਂਟਾਂ ਨੂੰ ਮਾਰ ਕੇ ਇੱਕ ਵੱਡੇ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ। ਇਸ ਮੁਕਾਬਲੇ ਵਿੱਚ 4 ਸੁਰੱਖਿਆਕਰਮੀ ਜ਼ਖਮੀ ਹੋਏ ਹਨ, ਪ੍ਰੰਤੂ ਸਾਰੇ ਹੀ ਖਤਰੇ ਤੋਂ ਬਾਹਰ ਹਨ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਅੱਤਵਾਦੀਆਂ ਦਾ ਇਹ ਗਰੁੱਪ 7 ਮਈ ਨੂੰ ਉਸ ਵੇਲੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ ਜਦੋਂ ਜੰਮੂ-ਕਸ਼ਮੀਰ ਸਰਕਾਰ ਦੇ ਦਫਤਰ ਜੰਮੂ ਤੋਂ ਬਦਲ ਕੇ ਪਹਿਲੀ ਵਾਰ ਸ੍ਰੀਨਗਰ ਵਿਖੇ ਖੋਲ੍ਹਣ ਜਾ ਰਹੇ ਹਨ। ਇਸ ਮੁਕਾਬਲੇ ਦੌਰਾਨ ਸ੍ਰੀਨਗਰ ਦੇ ਲੋਕਾਂ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਸ੍ਰੀਨਗਰ ਦੀ ਛੱਤਬਲ ਕਾਲੋਨੀ ਵਿੱਚ ਮੁਕਾਬਲਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਸੁਰੱਖਿਆ ਦਸਤਿਆਂ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਲੈਣੀ ਸ਼ੁਰੂ ਕੀਤੀ। ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵੇਰੇ ਗੋਲੀਆਂ ਦੀ ਆਵਾਜ਼ ਸੁਣੀ ਸੀ। ਇਸ ਦੌਰਾਨ ਸੁਰੱਖਿਆ ਫੋਰਸਾਂ ਨੇ ਕਾਲੋਨੀ ਨੂੰ ਘੇਰ ਲਿਆ ਅਤੇ ਆਉਣ ਜਾਣ ਦੇ ਰਸਤੇ ਸੀਲ ਕਰ ਦਿੱਤੇ। ਇੱਥੇ ਮੁਕਾਬਲਾ ਕੋਈ 5 ਘੰਟੇ ਚੱਲਿਆ, ਜਿਸ ਦੌਰਾਨ ਤਿੰਨ ਮਿਲੀਟੈਂਟ ਮਾਰੇ ਗਏ। ਸਰਕਾਰ ਨੇ ਫੌਰੀ ਤੌਰ ’ਤੇ ਮੋਬਾਇਲ ਸੇਵਾਵਾਂ ਨੂੰ ਬੰਦ ਕਰ ਦਿੱਤਾ। ਆਈਜੀ ਪੁਲਿਸ ਕਸ਼ਮੀਰ ਵਿੰਗ ਸਵਾਮੀ ਪ੍ਰਕਾਸ਼ ਪਾਨੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਜੋ ਸਾਮਾਨ ਮਿਲਿਆ ਹੈ ਉਸ ਤੋਂ ਪਤਾ ਲਗਦਾ ਹੈ ਕਿ ਮਿਲੀਟੈਂਟ ਲਸ਼ਕਰ-ਏ-ਤੋਇਬਾ ਨਾਲ ਸਬੰਧਿਤ ਸਨ। ਇੱਕ ਅੱਤਵਾਦੀ ਦੀ ਪਹਿਚਾਣ ਫਿਆਜ਼ ਅਹਿਮਦ ਵਜੋਂ ਹੋਈ ਹੈ।

WRITTEN BY