ਕਿਸਾਨਾਂ ਨੂੰ ਸੰਦਾਂ, ਫੁਹਾਰਾ ਸਿੰਜਾਈ ਤੇ ਸੌਰ ਊਰਜਾ ਵਰਤੋਂ ਲਈ ਸਬਸਿਡੀ ਮਿਲੇਗੀ
ਮੋਹਾਲੀ/ਚੰਡੀਗੜ੍ਹ, 19 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਗਤੀਸ਼ੀਲ ਪੰਜਾਬ ਖੇਤੀ ਸੰਮੇਲਨ ਦੇ ਆਖਿਰੀ ਦਿਨ ਹੋਏ ਵਿਚਾਰ ਵਟਾਂਦਰਾ ਸੈਸ਼ਨ ਦੌਰਾਨ ਖੇਤੀਬਾੜੀ ਲਈ ਸੂੁਬੇ ਵਿੱਚ ਪਸਾਰ ਸੇਵਾਵਾਂ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਹਰ ਸਾਲ ਹੋਵੇਗਾ। ਉਨ੍ਹਾਂ ਨੇ ਸਾਇੰਸਦਾਨਾਂ ਤੇ ਹੋਰ ਆਰਥਿਕ ਮਾਹਿਰਾਂ ਵੱਲੋਂ ਮੁਫਤ ਬਿਜਲੀ ਦੀ ਵਿਰੋਧਤਾ ’ਤੇ ਕਿਹਾ ਕਿ ਜੇ ਇਹ ਮੁਫਤ ਨਾ ਹੁੰਦੀ ਤਾਂ ਰਾਜ ਦੇ ਕਿਸਾਨ 60 ਹਜ਼ਾਰ ਕਰੋੜ ਰੁਪਏ ਦੇ ਹੋਰ ਕਰਜ਼ਾਈ ਹੋ ਜਾਂਦੇ। ਉਨ੍ਹਾਂ ਕੇਂਦਰ ਦੀ ਖੇਤੀਬਾੜੀ ਪ੍ਰਤੀ ਉਦਾਸੀਨਤਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰੀ ਬਜਟ ਵਿੱਚ ਕਾਰਾਂ ਤਾਂ ਸਸਤੀਆਂ ਹੋਈਆਂ ਹਨ ਪਰ ਬਾਹਰੋਂ ਆਉਂਦੇ ਖੇਤੀ ਸੰਦਾਂ ’ਤੇ ਐਕਸਾਇਜ਼ ਡਿਊਟੀ
ਨਹੀਂ ਘਟਾਈ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਕਿਸਾਨ ਕਮਿਸ਼ਨ ਹਰੇਕ ਕਿਸਾਨ ਨੂੰ ਸਬਸਿਡੀ ਦੇਵੇਗਾ, ਤੁਪਕਾ/ਫੁਹਾਰਾ ਸਿੰਜਾਈ ’ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਸੂਬੇ ਵਿੱਚ ਬਿਨਾਂ ਜ਼ਮੀਨੀ ਹੱਦਬੰਦੀ ਦੀ ਸ਼ਰਤ ਦੇ 80 ਫੀਸਦੀ ਸਬਸਿਡੀ ਦੇਣ, ਸੌਰ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ 70 ਫੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਝੋਨੇ ਦੀ ਸਿੱਧੀ ਬਿਜਾਈ ਦੇ ਤਜਰਬੇ ਨੂੰ ਸਫਲ ਕਰਾਰ ਦਿੰਦਿਆਂ ਇਸ ਨੂੰ ਉਤਸ਼ਾਹਿਤ ਕਰਨ ਲਈ ਕਿਹਾ। ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦਾ ਸੱਦਾ ਦਿੰਦਿਆਂ ਉਨ੍ਹਾਂ ਨੇ ਸਬਸਿਡੀ ’ਤੇ ਉਪਲੱਭਧ ਮਸ਼ੀਨਾਂ ਰਾਹੀਂ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਲਈ ਆਖਿਆ। ਉਨ੍ਹਾਂ ਚਿੱਟੀ ਕ੍ਰਾਂਤੀ ਲਿਆਉਣ ਦਾ ਸੱਦਾ ਦਿੰਦਿਆਂ ਔਰਤਾਂ ਲਈ 50 ਫੀਸਦੀ ਸਬਸਿਡੀ ਬਾਰੇ ਵੀ ਦੱਸਿਆ। ਸਾਬਕਾ ਕੇਂਦਰੀ ਖੇਤੀ ਮੰਤਰੀ ਅਤੇ ਦੇਸ਼ ਦੇ ਉੱਘੇ ਖੇਤੀ ਮਾਹਿਰ ਡਾ. ਸੋਮ ਪਾਲ ਸ਼ਾਸਤਰੀ ਨੂੰ ਪੰਜਾਬ ਨੂੰ ਸੇਵਾਵਾਂ ਦੇਣ ਦਾ ਸੱਦਾ ਦਿੱਤਾ।
ਡਾ. ਸੋਮਪਾਲ ਸਿੰਘ ਸ਼ਾਸਤਰੀ, ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਖੇਤੀ ਦੀ ਤਰੱਕੀ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਹੈ ਅਤੇ ਇਸ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸ਼ੁਰੂਆਤ ਵੀ ਪੰਜਾਬ ਤੋਂ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਦੀਆਂ ਫਸਲਾਂ ਦੇ ਬੀਮੇ, ਮਸ਼ੀਨਰੀ-ਔਜ਼ਾਰ ਟੈਕਸ ਰਹਿਤ ਅਤੇ ਸਬਸਿਡੀ ਦੇ ਆਧਾਰ ’ਤੇ ਦੇਣ, ਕੇਂਦਰੀ ਖੇਤੀਬਾੜੀ ਬਜਟ ਵਿੱਚ ਵਾਧਾ ਕਰਨ, ਪੰਜਾਬ ਵਿੱਚੋਂ ਬੇਰੁਜ਼ਗਾਰੀ ਦੇ ਖਾਤਮੇ ਲਈ ਅਤੇ ਪੰਜਾਬ ਵਿੱਚ ਚੀਨ ਮਾਡਲ ਦੀ ਕ੍ਰਾਂਤੀ ਸ਼ੁਰੂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅੱਜ ਲਾਭਦਾਇਕ ਧੰਦਾ ਨਹੀਂ ਰਹੀ।
ਡਾ. ਜੀ.ਐਸ. ਕਾਲਕਟ, ਚੇਅਰਮੈਨ ਪੰਜਾਬ ਰਾਜ ਫਾਰਮਰਜ਼ ਕਮਿਸ਼ਨ ਨੇ ਕਿਹਾ ਕਿ ਖੇਤੀਬਾੜੀ ਨੂੰ ਮੁਨਾਫੇਵੰਦ ਧੰਦਾ ਬਣਾਉਣ ਲਈ ਕਿਸਾਨਾਂ ਨੂੰ ਕਣਕ ਤੇ ਝੋਨੇ ਤੋਂ ਹੱਟ ਕੇ ਖੇਤੀ ਵਿਭਿੰਨਤਾ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਕਿਸਾਨਾਂ ਵੱਲੋਂ ਪੈਦਾ ਕੀਤੇ ਫਲ, ਸਬਜ਼ੀਆਂ, ਦੁੱਧ ਅਤੇ ਹੋਰ ਖੇਤੀ ਪੈਦਾਵਾਰ ਦੇ ਮੰਡੀਕਰਨ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ ਨਹੀਂ ਤਾਂ ਕਿਸਾਨ ਆਉਣ ਵਾਲੇ ਸਮੇਂ ਵਿੱਚ ਆਰਥਿਕ ਤੌਰ ’ਤੇ ਹੋਰ ਵੀ ਕਮਜ਼ੋਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਸਬਜ਼ੀਆਂ ਨੂੰ ਇਕੱਠਾ ਕਰਨ ਲਈ ਕੁਲੈਕਸ਼ਨ ਸੈਂਟਰ ਬਣਾਉਣੇ ਚਾਹੀਦੇ ਹਨ ਅਤੇ ਕਿਸਾਨਾਂ ਨੂੰ ਖੇਤੀ ’ਤੇ ਖਰਚੇ ਘਟਾਉਣ ਲਈ ਆਧੁਨਿਕ ਔਜ਼ਾਰਾਂ ’ਤੇ ਵੱਧ ਸਬਸਿਡੀ ਦੇਣ ਦੀ ਲੋੜ ਹੈ।
ਇਸ ਮੌਕੇ ਡਾ. ਟੀ.ਹਾਕ, ਚੇਅਰਮੈਨ ਕਮਿਸ਼ਨ ਫਾਰ ਐਗਰੀਕਲਚਰਲ ਕਾਸਟਸ ਐਂਡ ਪ੍ਰਾਈਜਿਸ਼ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਕਿਸਾਨਾਂ ਨੂੰ ਸਹੀ ਦਿਸ਼ਾ ਅਤੇ ਆਰਥਿਕ ਸਹਾਇਤਾ ਨਾ ਮਿਲਣ ਕਰਕੇ ਕਿਸਾਨਾਂ ਦੀ ਹਾਲਤ ਮਾੜੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਖੇਤੀ ਉਤਪਾਦਨ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨਾਲ ਕਿਸਾਨਾਂ ਨੂੰ ਖੇਤੀਬਾੜੀ ਤੋਂ ਲਾਭ ਘਟਦਾ ਜਾ ਰਿਹਾ ਹੈ ਅਤੇ ਕਿਸਾਨ ਖੇਤੀਬਾੜੀ ਦੇ ਧੰਦੇ ਤੋਂ ਕਿਨਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਖੇਤੀਬਾੜੀ ਆਧਾਰਤ ਸਨਅਤਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਦੇ ਲਾਭ ਦੇ ਨਾਲ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਸਰਹੱਦੀ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਜਿਥੇ ਅਜੇ ਵੀ ਕਿਸਾਨਾਂ ਦੇ ਕ੍ਰਿਸ਼ੀ ਕਾਰਡ ਨਹੀਂ ਬਣ ਸਕੇ ਜਿਸ ਕਰਕੇ ਸਰਹੱਦੀ ਖੇਤਰ ਦੇ ਕਿਸਾਨ ਦੂਜੇ ਕਿਸਾਨਾਂ ਨਾਲੋਂ ਪਛੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪ੍ਰੋਡਿਊਸਰ ਕੰਪਨੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਕਿਸਾਨ ਆਪਣੀ ਪੈਦਾਵਾਰ ਸਾਂਝੇ ਤੌਰ ’ਤੇ ਲਾਭਦਾਇਕ ਖੇਤਰਾਂ ਵਿੱਚ ਜਾ ਕੇ ਵੇਚ ਸਕਣ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਿਸਾਨਾਂ ਦੀ ਭਲਾਈ ਲਈ ਅਜੇ ਵੀ ਨੀਤੀਆਂ ਦੀ ਘਾਟ ਹੈ ਅਤੇ ਜੋ ਨੀਤੀਆਂ ਬਣਾਈਆਂ ਗਈਆਂ ਹਨ ਉਹ ਵੀ ਪੂਰਨ ਰੂਪ ਵਿੱਚ ਲਾਗੂ ਨਹੀਂ ਹੋ ਸਕੀਆਂ।
ਡਾ. ਜੀ.ਐਸ. ਖੁਸ਼, ਸਾਬਕਾ ਮੁਖੀ ਪਲਾਂਟ ਬ੍ਰੀਡਿੰਗ ਜਨਰੇਟਿੰਗ ਅਤੇ ਬਾਇਓ ਕਮਿਸਟਰੀ ਆਈ.ਆਰ.ਆਰ.ਆਈ. ਨੇ ਕਿਹਾ ਕਿ ਕਿਸਾਨਾਂ ਨੂੰ ਵੱਧ ਝਾੜ ਪ੍ਰਾਪਤ ਕਰਨ ਲਈ ਫਸਲਾਂ ਦੀਆਂ ਵੱਧ ਝਾੜ ਵਾਲੀਆਂ ਕਿਸਮਾਂ ਦੀ ਖੇਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਾਇਓ ਤਕਨੀਕ ਰਾਹੀਂ ਖੇਤੀ ਨੂੰ ਅਪਣਾਉਣ ਦੀ ਲੋੜ ਹੈ ਜਿਸ ਨਾਲ 25 ਤੋਂ 30 ਪ੍ਰਤੀਸ਼ਤ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਫਸਲਾਂ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕਦਾ ਹੈ।
ਡਾ. ਵੀ. ਕੇ. ਤਨੇਜਾ, ਵਾਇਸ ਚਾਂਸਲਰ ਗਡਵਾਸੂ ਨੇ ਕਿਹਾ ਕਿ ਡੇਅਰੀ ਦੇ ਧੰਦੇ ਵਿੱਚ ਲੱਗੇ ਕਿਸਾਨਾਂ ਨੂੰ ਦੁੱਧ ਤੋਂ ਜ਼ਿਆਦਾ ਮੁਨਾਫਾ ਨਹੀਂ ਮਿਲ ਰਿਹਾ, ਉਨ੍ਹਾਂ ਨੂੰ ਆਪਣੇ ਵੱਲੋਂ ਕੀਤੀ ਲੇਬਰ ਦਾ ਹੀ ਮੁੱਲ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੇਬਰ ਅਤੇ ਫੀਡ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਡੇਅਰੀ ਘਾਟੇ ਵੱਲ ਜਾ ਰਹੀ ਹੈ ਇਸ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ। ਕਿਸਾਨਾਂ ਨੂੰ ਇਕੱਲਾ ਦੁੱਧ ਵੇਚਣ ਦੀ ਥਾਂ ਦੁੱਧ ਤੋਂ ਉਤਪਾਦ ਤਿਆਰ ਕਰਕੇ ਵੇਚਣੇ ਚਾਹੀਦੇ ਹਨ ਜਿਸ ਨਾਲ ਉਹ ਜ਼ਿਆਦਾ ਮੁਨਾਫਾ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਨਸਲ ਸੁਧਾਰਨ ਲਈ ਪ੍ਰਾਈਵੇਟ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਮੌਕੇ ’ਤੇ ਡਾ. ਵੀ.ਐਸ. ਢਿੱਲੋਂ, ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਹਾ ਕਿ ਖੇਤੀਬਾੜੀ ਅਤੇ ਇਸ ’ਤੇ ਆਧਾਰਿਤ ਹੋਰ ਧੰਦਿਆਂ ’ਤੇ ਦਿੱਤੀ ਜਾਣ ਵਾਲੀ ਸਬਸਿਡੀ ਬਾਹਰਲੇ ਮੁਲਕਾਂ ਦੇ ਮੁਕਾਬਲੇ ਬਹੁਤ ਘੱਟ ਹੈ ਜਿਸ ਨੂੰ ਵਧਾਉਣ ਦੀ ਲੋੜ ਹੈ।
ਮੌਕੇ ਹਾਜ਼ਰ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਕਿੱਲੀ ਚਹਿਲਾਂ (18 ਦਸੰਬਰ 2011) ਦੀ ਰੈਲੀ ਨੇ ਪੰਜਾਬ ਦਾ ਰਾਜਸੀ ਇਤਿਹਾਸ ਬਦਲਕੇ ਰੱਖ ਦਿੱਤਾ ਸੀ, ਉਸੇ ਤਰ੍ਹਾਂ ਜਗਰਾਉਂ ਦੀ ‘ਫਤਹਿ ਰੈਲੀ’ ਪੂਰੇ ਦੇਸ਼ ਦਾ ਇਤਿਹਾਸ ਬਦਲ ਕੇ ਰੱਖ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਰੈਲੀ ਲਈ ਪੰਜਾਬ ਦੇ ਲੋਕਾਂ ਦਾ ਉਤਸ਼ਾਹ ਬਹੁਤ ਵਧਿਆ ਹੋਇਆ ਹੈ। ਲੋਕ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਪੰਜਾਬ ਅਤੇ ਹੋਰ ਰਾਜਾਂ ਪ੍ਰਤੀ ਵਧੀਕੀਆਂ ਤੋਂ ਅੱਕੇ ਹੋਏ ਹਨ। ਲੋਕਾਂ ਨੇ ਫੈਸਲਾ ਲੈ ਲਿਆ ਹੈ ਕਿ ਹੁਣ ਇਸ ਭ੍ਰਿਸ਼ਟ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਕੇ ਹੀ ਦੇਸ਼ ਦੀ ਡੁੱਬਦੀ ਬੇੜ੍ਹੀ ਨੂੰ ਪਾਰ ਕੀਤਾ ਜਾ ਸਕਦਾ ਹੈ। ਇਸ ਮੌਕੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।
ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ, ਪਾਰਟੀ ਦੇ ਬੁਲਾਰੇ ਤੇ ਵਿਧਾਇਕ ਸ੍ਰ. ਦਲਜੀਤ ਸਿੰਘ ਚੀਮਾ, ਸਾਬਕਾ ਕੇਂਦਰੀ ਮੰਤਰੀ ਸ੍ਰ. ਬਲਵੰਤ ਸਿੰਘ ਰਾਮੂੰਵਾਲੀਆ, ਮੀਡੀਆ ਸਲਾਹਕਾਰ ਸ੍ਰ. ਜੰਗਵੀਰ ਸਿੰਘ, ਓ. ਐ¤ਸ. ਡੀ. ਸ੍ਰ. ਚਰਨਜੀਤ ਸਿੰਘ ਬਰਾੜ, ਵਿਧਾਇਕ ਸ੍ਰੀ ਐ¤ਸ. ਆਰ. ਕਲੇਰ, ਵਿਧਾਇਕ ਸ੍ਰੀ ਜੋਗਿੰਦਰਪਾਲ ਜੈਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰ. ਗੁਰਚਰਨ ਸਿੰਘ ਗਰੇਵਾਲ, ਏ. ਡੀ. ਜੀ. ਪੀ. ਸ੍ਰੀ ਦਿਨਕਰ ਗੁਪਤਾ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਸ੍ਰ. ਗੁਰਚਰਨ ਸਿੰਘ ਚੰਨੀ, ਸ੍ਰ. ਪਰਮਬੰਸ ਸਿੰਘ ਰੋਮਾਣਾ, ਸ੍ਰ. ਪਰਮਿੰਦਰ ਸਿੰਘ ਬਰਾੜ, ਸ੍ਰ. ਪ੍ਰਭਜੋਤ ਸਿੰਘ ਧਾਲੀਵਾਲ, ਸ੍ਰ. ਮਨਪ੍ਰੀਤ ਸਿੰਘ ਤਲਵੰਡੀ, ਸ੍ਰ. ਸਤਿਗੁਰ ਸਿੰਘ ਨਮੋਲ ਸੰਗਰੂਰ, ਸ੍ਰ. ਹਰਪ੍ਰੀਤ ਸਿੰਘ ਢੀਂਡਸਾ ਸੰਗਰੂਰ, ਸ੍ਰ. ਵਿਨਰਜੀਤ ਸਿੰਘ ਗੋਲਡੀ ਡਾਇਰੈਕਟਰ ਪੇਡਾ, ਸ੍ਰ. ਮਨਪ੍ਰੀਤ ਸਿੰਘ ਬੁੱਟਰ ਨੱਥੋਵਾਲ ਅਤੇ ਹੋਰ ਕਈ ਯੂਥ ਅਕਾਲੀ ਆਗੂ ਹਾਜ਼ਰ ਸਨ।