ਸੁਲਤਾਨਪੁਰ ਲੋਧੀ, 19 ਫਰਵਰੀ (ਵਿਸ਼ਵ ਵਾਰਤਾ)-ਫਿਲਪਾਈਨ ਫੇਰੀ ’ਤੇ ਗਏ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਧਾਰਮਿਕ ਅਸਥਾਨਾਂ ਦਾ ਇੱਕ ਵਫਦ ਮਨੀਲਾ ’ਚ ਭਾਰਤੀ ਰਾਜਦੂਤ ਸ਼੍ਰੀ ਐਲ.ਡੀ ਰਾਲਤੇ ਨੂੰ ਮਿਲਿਆ। ਇਸ ਮੌਕੇ ਸੰਤ ਸੀਚੇਵਾਲ ਨੇ ਫਿਲਪਾਈਨ ’ਚ ਪੰਜਾਬੀਆਂ ਦੇ ਆਏ ਦਿਨ ਹੁੰਦੇ ਕਤਲਾਂ ਦਾ ਮੁੱਦਾ ਬੜੀ ਗੰਭੀਰਤਾ ਨਾਲ ਉਠਾਇਆ। ਰਾਜਦੂਤ ਨਾਲ ਸੰਤ ਸੀਚੇਵਾਲ ਨਾਲ ਚੱਲੀ ਇਸ 45 ਮਿੰਟ ਦੀ ਮੀਟਿੰਗ ਦੌਰਾਨ ਪੰਜਾਬੀਆਂ ਨੂੰ ਆਉਂਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਉਨ੍ਹਾਂ ਦੇ ਸਨਮੁੱਖ ਰੱਖਿਆ ਗਿਆ। ਸੰਤ ਸੀਚੇਵਾਲ ਨੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਇੱਥੇ ਰਹਿੰਦੇ ਪੰਜਾਬੀ ਬੜੇ ਮਿਹਨਤੀ ਹਨ ਤੇ ਉਨ੍ਹਾਂ ਨੂੰ ਅਕਸਰ ਹੀ ਪਾਸਪੋਰਟਾਂ ਨਾਲ ਸੰਬੰਤ
ਮੁਸ਼ਕਿਲਾਂ ਆਉਂਦੀਆਂ ਰਹਿੰਦੀਆ ਹਨ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਜੇ ਪਾਸਪੋਰਟ ਫਾਰਮ ਪੰਜਾਬੀ ਭਾਸ਼ਾਂ ਵਿੱਚ ਵੀ ਉਪਲੱਭਦ ਹੋ ਸਕਦਾ ਹੋਵੇ ਤਾਂ ਇਸ ਲਈ ਯਤਨ ਕੀਤੇ ਜਾਣ ਕਿਉਕਿ ਬਹੁਤ ਸਾਰੇ ਪੰਜਾਬੀ ਆਪਣੀ ਹੀ ਮਾਂ ਬੋਲੀ ਨੂੰ ਜਾਣ ਦੇ ਹਨ।
ਦੂਤਾਵਾਸ ਦੇ ਅਧਿਕਾਰੀਆਂ ਨੇ ਸੰਤ ਸੀਚੇਵਾਲ ਵੱਲੋਂ ਉਠਾਏ ਮੁੱਦਿਆਂ ਨੂੰ ਬੜਾ ਹੀ ਗੰਭੀਰਤਾ ਨਾਲ ਸੁਣਿਆ। ਉਨ੍ਹਾਂ ਇਸ ਗੱਲ ਦਾ ਭਰੋਸਾ ਦੁਆਇਆ ਕਿ ਫਿਲਪਾਈਨ ਰਹਿੰਦੇ ਸਾਰੇ ਭਾਰਤੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ‘ਚ ਠੋਸ ਕਦਮ ਚੁੱਕੇ ਜਾਣਗੇ। ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਸੰਤ ਸੀਚੇਵਾਲ ਵੱਲੋਂ ਵਾਤਾਵਰਣ, ਵਿਦਿਆ, ਖੇਡਾਂ ਤੇ ਪਿੰਡਾਂ ਦੀ ਸਫਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।
ਭਾਰਤੀ ਰਾਜਦੂਤ ਦੇ ਨਿੱਜੀ ਸਕੱਤਰ ਸੰਦੀਪ ਸਿੰਘ ਜੱਗੀ ਅਤੇ ਫਰਸਟ ਸੈਕਟਰੀ ਸ੍ਰੀ ਪ੍ਰਕਾਸ਼ ਚੰਦ ਨੇ ਫਿਲਪਾਈਨ ਵਿੱਚ ਵਸਦੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਬਹੁਤ ਸਾਰੇ ਭਾਰਤੀ ਤੇ ਖਾਸ ਕਰਕੇ ਪੰਜਾਬੀ ਦੂਤਾਵਾਸ ਨਾਲ ਸੰਪਰਕ ਕਰਨ ਤੋਂ ਡਰਦੇ ਰਹਿੰਦੇ ਹਨ ਜਿਸ ਕਾਰਨ ਬਹੁਤੀਆਂ ਸਮੱਸਿਆਵਾਂ ਦਾ ਦੂਤਾਵਾਸ ਨੂੰ ਪਤਾ ਹੀ ਨਹੀਂ ਚੱਲਦਾ।
ਭਾਰਤੀ ਰਾਜਦੂਤ ਰਾਲਤੇ ਨੇ ਇੰਡੀਅਨ ਨਿਰਮਲ ਟੈਂਪਲ ਪਨਕੀ (ਤਰਲਕ) ਵੱਲੋਂ ਤੂਫਾਨ ਪੀੜਤਾਂ ਵਾਸਤੇ ਕੀਤੀ ਸਹਾਇਤਾ ਦੀ ਸ਼ਲਾਘਾ ਵੀ ਕੀਤੀ ਅਤੇ ਭਰੋਸਾ ਦਵਾਇਆ ਕਿ ਇਹ ਅੰਬੈਸੀ ਭਾਰਤੀ ਨਾਗਰਿਕਾਂ ਦੀ ਹੈ ਇਨ੍ਹਾਂ ਵਾਸਤੇ ਹੈ। ਇੱਥੇ ਉਹ ਬਿਨ੍ਹਾਂ ਝਿਜਕ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਕੰਮ ਵਾਸਤੇ ਭਾਰਤੀ ਨਾਗਰਿਕ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਮੁਲਾਕਾਤ ਦੌਰਾਨ ਵਿਸ਼ੇਸ ਤੌਰ ’ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀਬੂ ਸਿਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਕੈਲੀ ਵਾਸੀ ਇੰਡੀਅਨ ਨਿਰਮਲ ਟੈਂਪਲ ਪਨਕੀ ਦੇ ਪ੍ਰਧਾਨ ਸ੍ਰੀ ਇਕਬਾਲ ਸਿੰਘ ਆਧੀ, ਸ੍ਰੀ ਰੇਸ਼ਮ ਸਿੰਘ ਮੱਲੀ, ਸ੍ਰੀ ਕਰਮਜੀਤ ਸਿੰਘ ਕਾਲਾ ਸੰਘਾ, ਹਰਦੀਪ ਸਿੰਘ ਅਤੇ ਮੱਖਣ ਸਿੰਘ ਗਿੱਲ ਆਦਿ ਹਾਜ਼ਰ ਸਨ।