ਮਾਲਵੇ ਦੇ ਇੱਕੋ-ਇੱਕ ਮੈਡੀਕਲ ਕਾਲਜ ਨਾਲੋਂ ਸਰਕਾਰ ਨੇ ਤੋੜਿਆ ਨਾਤਾ

image ਕੋਟਕਪੂਰਾ, 19 ਫਰਵਰੀ (ਗੁਰਜੀਤ ਕਾਕਾ ਰੋਮਾਣਾ)-ਮਾਲਵੇ ਇਲਾਕੇ ਦੀ ਸ਼ਾਨ ਫਰੀਦਕੋਟ ਨੂੰ ਜ਼ਿਲ੍ਹੇ ਦਾ ਖਤਾਬ ਦਵਾਉਣ ਵਾਲੇ ਸਾਬਕਾ ਰਾਸ਼ਟਰਪਤੀ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਸਵ. ਸ. ਗਿਆਨੀ  ਜ਼ੈਲ ਸਿੰਘ ਜਿਨ੍ਹਾਂ ਨੇ ਆਪਣੇ ਇਲਾਕੇ ਦੇ ਲੋਕਾਂ ਲਈ ਵੱਡੀ ਸਹੂਲਤ ਸੰਨ 1972 ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਆ ਕੇ ਫਰੀਦਕੋਟ ਜ਼ਿਲ੍ਹੇ ਨੂੰ ਹੋਰ ਮਜ਼ਬੂਤ ਬਣਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਅ ਰਹੇ ਇਸ ਮੈਡੀਕਲ ਕਾਲਜ ਨੂੰ ਪੰਜਾਬ ਸਰਕਾਰ ਨੇ ਮਿਲਣ ਵਾਲੀਆਂ ਕਰੀਬ 120 ਕਰੋੜ ਰੁਪਏ ਦੀਆਂ ਗਰਾਂਟਾਂ ਚੁੱਪ-ਚੁਪੀਤੇ ਬੰਦ ਕਰ ਦਿੱਤੀਆਂ ਹਨ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨਾਲੋਂ ਅਸਿੱਧੇ ਤਰੀਕੇ ਨਾਲ ਸਾਰੇ ਨਾਤੇ ਤੋੜ ਕੇ ਪੰਜਾਬ ਸਰਕਾਰ ਕਰੋੜਾਂ ਰੁਪਏ ਬਜਟ ਜ਼ਾਰੀ

ਕਰਨ ਦੀ ਜ਼ਿੰਮੇਵਾਰੀ ਤੋਂ ਬਚ ਗਈ ਹੈ। ਪੰਜਾਬ ਦੀ ਬਾਦਲ ਸਰਕਾਰ ਨੇ ਸੰਨ 1996 ਵਿੱਚ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਆਫ ਹੈਲਥ ਸਾਇੰਸ ਲਈ ਐਕਟ ਪਾਸ ਕੀਤਾ ਸੀ, ਜਿਸ ਤਹਿਤ ਯੂਨੀਵਰਿਸਟੀ ਨੂੰ ਇੱਕ ਹਸਪਤਾਲ ਅਤੇ ਇੱਕ ਮੈਡੀਕਲ ਕਾਲਜ ਪੰਜਾਬ ਸਰਕਾਰ ਨੇ ਬਣਾ ਕੇ ਦੇਣਾ ਸੀ। ਪੰਜਾਬ ਸਰਕਾਰ ਨੇ ਨਵਾਂ ਮੈਡੀਕਲ ਕਾਲਜ ਬਣਾ ਕੇ ਦੇਣ ਦੀ ਥਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਹੀ ਯੂਨੀਵਰਸਿਟੀ ਦੇ ਹਵਾਲੇ ਕਰ ਦਿੱਤਾ, ਪਰ ਇਸ ਮੈਡੀਕਲ ਕਾਲਜ ਨੂੰ ਚਲਾਉਣ ਲਈ ਕੋਈ ਵੀ ਫੰਡ ਜ਼ਾਰੀ ਨਹੀਂ ਕੀਤੇ।ਮੈਡੀਕਲ ਕਾਲਜ ਨੂੰ ਹਰ ਮਹੀਨੇ ਜ਼ਰੂਰਤਾਂ ਪੂਰੀਆਂ ਕਰਨ ਲਈ ਕਰੀਬ ਦਸ ਕਰੋੜ ਰੁਪਏ ਦੀ ਲੋੜ ਪੈਂਦੀ ਹੈ, ਜਿਸ ਵਿੱਚ ਤਨਖਾਹਾਂ, ਬਿਜਲੀ ਦੇ ਬਿੱਲ, ਗੈਸਾਂ, ਸ਼ੁੱਧ ਪਾਣੀ ਅਤੇ ਹੋਰ ਖਰਚੇ ਸ਼ਾਮਿਲ ਹਨ। ਪੰਜਾਬ ਸਰਕਾਰ ਨੇ ਹੁਣ ਹਰ ਮਹੀਨੇ ਦਿੱਤੀ ਜਾਣ ਵਾਲੀ ਦਸ ਕਰੋੜ ਦੀ ਰਾਸ਼ੀ ਬੰਦ ਕਰਕੇ ਸਲਾਨਾ 120 ਕਰੋੜ ਰੁਪਏ ਦੀ ਬੱਚਤ ਕਰ ਲਈ ਹੈ। ਵਾਈਸ ਚਾਂਸਲਰ ਡਾ. ਐ¤ਸ. ਐ¤ਸ. ਗਿੱਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਮਿਲਣ ਵਾਲੀਆਂ ਤਹਿਸ਼ੁਦਾ ਗਰਾਂਟਾਂ ਖਰਚਿਆਂ ਨੂੰ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਹੈ ਅਤੇ ਪਿਛਲੇ ਸੱਤ ਸਾਲ ਤੋਂ ਮਾਲਵੇ ਦੇ ਇਕਲੌਤੇ ਮੈਡੀਕਲ ਕਾਲਜ ਨੂੰ ਸਰਕਾਰ ਵੱਲੋਂ ਕੋਈ ਆਰਥਿਕ ਮੱਦਦ ਨਹੀਂ ਮਿਲੀ ਤੇ ਹੁਣ ਮੈਡੀਕਲ ਕਾਲਜ ਨੂੰ ਬਚਾਉਣ ਦੀ ਪੂਰੀ ਜ਼ਿੰਮੇਵਾਰੀ ਬਾਬਾ ਫਰੀਦ ਯੂਨੀਵਰਸਿਟੀ ਦੇ ਸਿਰ ਬਣ ਗਈ ਹੈ, ਜਿਹੜੀ ਆਪ ਪਹਿਲਾਂ ਹੀ ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚੋਂ ਗੁਜ਼ਰ ਰਹੀ ਹੈ। ਯੂਨੀਵਰਸਿਟੀ ਨੇ ਪੰਜਾਬ ਸਰਕਾਰ ਨੂੰ ਤਿੰਨ ਸਾਲ ਪਹਿਲਾਂ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਪੈਰਾਂ ਸਿਰ ਕਰਨ ਲਈ 500 ਸੌ ਕਰੋੜ ਰੁਪਏ ਦੀ ਗਰਾਂਟ ਲੈਣ ਲਈ ਲਿਖ ਕੇ ਭੇਜਿਆ ਸੀ। ਗਰਾਂਟ ਦੇਣ ਦਾ ਤਾਂ ਕੀ ਕੋਈ ਹੁੰਗਾਰਾ ਨਹੀਂ ਭਰਿਆ, ਪਰ ਹੁਣ ਮੁਕੰਮਲ ਤੌਰ ’ਤੇ ਪੰਜਾਬ ਸਰਕਾਰ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਨਾਲੋਂ ਨਾਤਾ ਤੋੜਨ ਨਾਲ ਮੈਡੀਕਲ ਕਾਲਜ ਦਾ ਭਵਿੱਖ ਪੱਕੇ ਤੌਰ ’ਤੇ ਖਤਰੇ ਵਿੱਚ ਪੈ ਗਿਆ ਹੈ। ਓਧਰ ਸਿਆਸੀ ਨੇਤਾਵਾਂ ਕਾਂਗਰਸ ਦੇ ਜਨਰਲ ਸਕੱਤਰ ਕੁਸ਼ਲਦੀਪ ਢਿੱਲੋਂ ਅਤੇ ਜ਼ਿਲ੍ਹਾ ਪ੍ਰਧਾਨ ਤੇ ਵਧਾਇਕ ਯੋਗਿੰਦਰ ਸਿੰਘ ਪੰਜਗਰਾਈ ਨੇ ਕਿਹਾ ਹੈ ਕਿ ਫਰੀਦਕੋਟ ਵਿੱਚ ਮੈਡੀਕਲ ਕਾਲਜ ਕਾਂਗਰਸ ਸਰਕਾਰ ਨੇ ਸਥਾਪਿਤ ਕੀਤਾ ਸੀ ਅਤੇ ਅਕਾਲੀ ਸਰਕਾਰ ਨੇ ਹੱਥ ਪਿੱਛੇ ਖਿੱਚ ਕੇ ਮੈਡੀਕਲ ਕਾਲਜ ਦੀਆਂ ਜੜ੍ਹਾਂ ਪੁੱਟਣ ਦਾ ਮੁੱਢ ਬੰਨ੍ਹ ਦਿੱਤਾ ਹੈ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਕਾਲੀ ਸਰਕਾਰ ਆਪਣੇ ਹੀ ਮਾਲਵੇ ਇਲਾਕੇ ਦੇ ਲੋਕਾਂ ਦੀ ਇਕਲੌਤੀ ਸਹੂਲਤ (ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ) ਨੂੰ ਬਰਕਰਾਰ ਰੱਖੇਗੀ ਜਾਂ ਇੱਥੋਂ ਦੇ ਇਲਾਕੇ ਦੇ ਲੋਕਾਂ ਦੀਆਂ ਅਕਾਲੀ ਸਰਕਾਰ ਪ੍ਰਤੀ ਬਣੀਆਂ ਆਸਾਂ ਤੇ ਪਾਣੀ ਫੇਰ ਕੇ ਰੱਖ ਦੇਵੇਗੀ ਤਾਂ ਜੋ ਅੱਗੇ ਤੋਂ ਇਹ ਲੋਕ ਕਿਸੇ ਸਰਕਾਰ ਖਾਸ ਕਰ ਅਕਾਲੀ ਸਰਕਾਰ ਨੂੰ ਤਾਂ ਮੂੰਹ ਨਾ ਲਾਉਣ ਲਈ ਮਜ਼ਬੂਰ ਹੋ ਜਾਣ।

Send this to a friend