ਇਤਿਹਾਸ ਦੇ ਸਫਿਆਂ ’ਤੇ ਸੁਨਹਿਰੀ ਅੱਖਰਾਂ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਹਮੇਸ਼ਾਂ ਸਿਰੜ ਅਤੇ ਸਿਦਕ ਨਾਲ ਹਵਾ ਦੇ ਰੁੱਖ ਤੋਂ ਉਲਟ ਤੁਰਦੇ ਨਜ਼ਰ ਆਉਂਦੇ ਹਨ। ਅਜਿਹੇ ਲੋਕਾਂ ਨੂੰ ਸ਼ੁਕਰਾਤ ਦਾ ਇਹ ਬਚਨ ਹਮੇਸ਼ਾਂ ਯਾਦ ਰਹਿੰਦਾ ਹੈ ਕਿ ਜ਼ਿੰਦਗੀ ਵਿੱਚ ਜਿਊਣ ਲਈ ਖਾਣਾ ਚਾਹੀਦਾ ਹੈ ਨਾ ਕਿ ਖਾਣ ਲਈ ਜਿਉਂਦੇ ਰਹਿਣਾ ਚਾਹੀਦਾ ਹੈ। ਸਫਲਤਾ ਅਕਸਰ ਉਨ੍ਹਾਂ ਲੋਕਾਂ ਨੂੰ ਮਿਲਦੀ ਹੈ ਜੋ ਕਠਿਨਾਈ ਭਰੇ ਕੰਮ ਕਰਦੇ ਹਨ। ਅਸਫਲ ਲੋਕ ਅਕਸਰ ਨਤੀਜਿਆਂ ਤੋਂ ਡਰਦੇ ਹਨ। ਪੁੱਜਦੇ ਉਹੀ ਹਨ, ਜੋ ਤੁਰਦੇ ਹਨ। ਚਲਦੀਆਂ ਰਾਹਾਂ ’ਤੇ ਵੀ ਤੁਰਨ ਵਾਲੇ ਜ਼ਿਆਦਾ ਸਫਲ ਨਹੀਂ ਹੁੰਦੇ। ਸਫਲਤਾ ਦੇ ਪਾਂਧੀ ਤਾਂ ਆਪਣੀਆਂ ਰਾਹਾਂ ਉਲੀਕਣ ਦੇ ਚਾਹਵਾਨ ਹੁੰਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਸਫਲਤਾ ਅਤੇ ਆਰਾਮ ਦਾ ਕੋਈ ਰਿਸ਼ਤਾ ਨਹੀਂ। ਸਫਲ ਮਨੁੱਖ ਸੁਪਨਿਆਂ ਦੇ ਵਣਜਾਰੇ ਹੁੰਦੇ ਹਨ। ਉਨ੍ਹਾਂ ਨੂੰ ਵੱਡੇ ਸੁਪਨੇ ਲੈਣ ਦੀ ਜਾਂਚ ਹੁੰਦੀ ਹੈ ਅਤੇ ਲਏ ਹੋਏ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਵੀ। ਇਹ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਸੁਪਨੇ ਸ਼ੇਖਚਿਲੀ ਦੇ ਵੀ ਹੁੰਦੇ ਹਨ ਅਤੇ ਸ਼ੇਖਚਿਲੀ ਦੇ ਸੁਪਨਿਆਂ ਨੂੰ ਹਮੇਸ਼ਾਂ ਅਸਫਲਤਾ ਮਿਲਦੀ ਹੈ। ਮੈਂ ਸ਼ੇਖਚਿਲੀ ਵਾਲੇ ਸੁਪਨੇ ਨਹੀਂ ਬਲਕਿ ਉਨ੍ਹਾਂ ਸੁਪਨਿਆਂ ਦੀ ਗੱਲ ਕਰ ਰਿਹਾ ਹਾਂ, ਜਿਹੜੇ ਤੁਹਾਨੂੰ ਦਿਨ ਵੇਲੇ ਸੌਣ ਨਹੀਂ ਦਿੰਦੇ। ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਅਤੇ ਅਨੰਦ ਨਾਲ ਜਿਊਣਾ ਤੁਹਾਡਾ ਪੈਦਾਇਸ਼ੀ ਹੱਕ ਹੈ। ਤੁਹਾਡੇ ਜੰਮਣ ’ਤੇ ਤੁਹਾਡਾ ਹੱਕ ਨਹੀਂ ਪਰ ਜਿਊਣ ’ਤੇ ਤੁਹਾਡਾ ਹੱਕ ਹੈ। ਜ਼ਿੰਦਗੀ ਦੇ ਮੌਸਮ ਨੂੰ ਖੂਬਸੂਰਤ ਬਣਾਉਣ ਲਈ ਯਤਨ ਕਰਨਾ ਜ਼ਰੂਰੀ ਹੁੰਦਾ ਹੈ। ਹਰ ਕਿਸੇ ਨੂੰ ਸੋਨੇ ਦੇ ਚਮਚੇ ਵਿੱਚ ਸ਼ਹਿਦ ਨਸੀਬ ਨਹੀਂ ਹੁੰਦਾ। ਸ਼ਹਿਦ ਨੂੰ ਪ੍ਰਾਪਤ ਕਰਨ ਲਈ ਡੂਮਣੇ ਮਖਿਆਲ ਦੇ ਛੱਤੇ ਦੇ ਵਿੱਚ ਹੱਥ ਪਾਉਣਾ ਹੀ ਪੈਂਦਾ ਹੈ। ਸਫਲ ਹੋਣ ਲਈ ਹਮੇਸ਼ਾ ਵੱਡਾ ਸੋਚਣਾ ਜ਼ਰੂਰੀ ਹੁੰਦਾ ਹੈ। ਉਂਝ ਵੱਡਾ ਸੋਚਣਾ ਦੁਨੀਆਂ ਦੇ ਲੋਕਾਂ ਲਈ ਬਹੁਤ ਮੁਸ਼ਕਿਲ ਕੰਮ ਹੈ। ਸ਼ਾਇਦ ਇਸੇ ਕਰਕੇ ਬਹੁਤ ਘੱਟ ਲੋਕ ਇਹ ਕੰਮ ਕਰਦੇ ਹਨ। ਅਸਲ ਵਿੱਚ ਜ਼ਿਆਦਾ ਗਿਣਤੀ ਵਿੱਚ ਲੋਕ ਜ਼ਿੰਦਗੀ ਜਿਉਂਦੇ ਹਨ, ਮਾਣਦੇ ਨਹੀਂ। ਉਦੇਸ਼ਹੀਣ ਜ਼ਿੰਦਗੀ ਜਿਊਣ ਵਾਲੇ ਲੋਕ ਕਰੋੜਾਂ ਦੀ ਗਿਣਤੀ ਵਿੱਚ ਹਨ।
ਜ਼ਿੰਦਗੀ ਨੂੰ ਮੂਰਖਤਾ ਭਰੇ ਤਰੀਕੇ ਨਾਲ ਜਿਊਣ ਦਾ ਨਤੀਜਾ ਅਸਫਲਤਾ, ਅਨਪੜ੍ਹਤਾ ਅਤੇ ਗਰੀਬੀ ਹੀ ਹੋਵੇਗਾ। ਸਫਲਤਾ ਪਾਉਣ ਲਈ ਉਦੇਸ਼ ਸੰਕਲਪ, ਦ੍ਰਿੜ ਨਿਸਚੈ, ਆਤਮ ਵਿਸ਼ਵਾਸ ਅਤੇ ਮਿਹਨਤ ਦੇ ਨਾਲ-ਨਾਲ ਇਕ ਹੋਰ ਸੂਤਰ ਵਕਤ ਦਾ ਸਹੀ ਪ੍ਰਯੋਗ ਹੁੰਦਾ ਹੈ।
ਮੈਂ ਬਹੁਤ ਵਾਰ ਅਜਿਹੇ ਸੁਪਨੇ ਲੈਣ ਦੀ ਗੱਲ ਲਿਖੀ ਹੈ ਜੋ ਮਨੁੱਖ ਨੂੰ ਸੌਣ ਨਹੀਂ ਦਿੰਦੇ। ਜੋ ਮਨੁੱਖ ਸੁਪਨੇ ਨਹੀਂ ਸਿਰਜਦੇ, ਉਦੇਸ਼ ਨਹੀਂ ਮਿਥਦੇ, ਆਪਣੀ ਮੰਜ਼ਿਲ ਨਿਰਧਾਰਿਤ ਨਹੀਂ ਕਰਦੇ, ਉਹ ਕਿਤੇ ਵੀ ਨਹੀਂ ਪਹੁੰਚਦੇ। ਜੋ ਮਨੁੱਖ ਤਮਾਮ ਉਮਰ ਦੌਲਤ, ਸ਼ੌਹਰਤ ਅਤੇ ਸੱਤਾ ਹਾਸਲ ਕਰਨ ਦੀ ਕਾਮਨਾ ਕਰਦਾ ਹੈ ਅਤੇ ਅੱਜ ਇਹੀ ਸਫਲਤਾ ਦਾ ਮਾਪਦੰਡ ਹੈ। ਉਦੇਸ਼ਹੀਣ ਮਨੁੱਖ ਸਫਲ ਮਨੁੱਖ ਕਦੇ ਵੀ ਨਹੀਂ ਬਣ ਸਕਦਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਹੀ ਦਿਸ਼ਾ ਵੱਲੋਂ ਅੱਗੇ ਵਧਣ ਤਾਂ ਬਚਪਨ ਵਿੱਚ ਹੀ ਉਨ੍ਹਾਂ ਨੂੰ ਆਪਣੀ ਮੰਜ਼ਿਲ ਨਿਰਧਾਰਿਤ ਕਰਨ ਲਈ ਉਤਸ਼ਾਹਿਤ ਕਰੋ। ਬੱਚਿਆਂ ਨੂੰ ਨਵੇਂ ਅਤੇ ਬਿਖੜੇ ਰਾਹਾਂ ’ਤੇ ਚੱਲਣ ਦੀ ਹਿੰਮਤ ਅਤੇ ਹੌਂਸਲਾ ਦਿਉ। ਸੁਰਜੀਤ ਪਾਤਰ ਦਾ ਇਹ ਸ਼ੇਅਰ ਯਾਦ ਰੱਖੋ।
ਮੈਂ ਰਾਹਾਂ ’ਤੇ ਨਹੀਂ ਤਰਦਾ,
ਮੈਂ ਤੁਰਦਾ ਤਾਂ ਰਾਹ ਬਣਦੇ।
ਯੁੱਗਾਂ ਤੋਂ ਕਾਫਲੇ ਆਉਂਦੇ,
ਜੋ ਸੱਚ ਦਾ ਗਵਾਹ ਬਣਦੇ।