ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸਨਅਤ ਪੱਖੀ ਵਿਭਾਗ ਬਣਾਇਆ ਜਾਵੇਗਾ: ਭਾਰਤ ਭੂਸ਼ਣ ਆਸ਼ੂ

ਰਾਈਸ ਮਿੱਲਰਜ਼ ਤੇ ਆੜਤੀਆ ਐਸੋਸੀਏਸ਼ਨ ਨੇ ਨਵੇਂ ਬਣੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੂੰ ਸਨਮਾਨਤ ਕੀਤਾ
ਚੰਡੀਗੜ, 27 ਅਪਰੈਲ – ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਨਾਂ ਦਾ ਟੀਚਾ ਵਿਭਾਗ ਨੂੰ ਸਨਅਤ ਪੱਖੀ ਬਣਾਉਣਾ ਹੈ ਤਾਂ ਜੋ ਇਹ ਵਿਭਾਗ ਪੰਜਾਬ ਦੀ ਉਦਯੋਗਿਕ ਤਰੱਕੀ ਦਾ ਰਾਹ ਦਸੇਰਾ ਬਣ ਸਕੇ। ਇਹ ਗੱਲ ਉਨਾਂ ਅੱਜ ਇਥੇ ਪੰਜਾਬ ਭਵਨ ਵਿਖੇ ਰਾਈਸ ਮਿੱਲਰਜ਼ ਐਸੋਸੀਏਸ਼ਨ ਅਤੇ ਆੜਤੀਆ ਐਸੋਸੀਏਸ਼ਨ ਵੱਲੋਂ ਸਨਮਾਨਤ ਕਰਨ ਮੌਕੇ ਕਹੀ। ਦੋਵਾਂ ਐਸੋਸੀਏਸ਼ਨਾਂ ਵੱਲੋਂ ਨਵੇਂ ਬਣੇ ਮੰਤਰੀ ਨੂੰ ਅੱਜ ਇਥੇ ਸਨਮਾਨਤ ਕੀਤਾ ਗਿਆ।
ਸ੍ਰੀ ਆਸ਼ੂ ਨੇ ਕਿਹਾ ਕਿ ਵਿਭਾਗ ਦੇ ਕੰਮਕਾਜ ਵਿੱਚ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ ਅਤੇ ਲੋਕਾਂ ਦੀ ਖੱਜਲ ਖੁਆਰੀ ਖਤਮ ਕਰਨ ਲਈ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਖੁਰਾਕ ਤੇ ਸਿਵਲ ਸਪਲਾਈ ਦਫਤਰਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਕਿਸੇ ਕੰਮ ਲਈ ਮੁੱਖ ਦਫਤਰ ਨਾ ਆਉਣਾ ਪਵੇ।
ਇਸ ਮੌਕੇ ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਗਿਆਨ ਚੰਦ ਭਾਰਦਵਾਜ ਤੇ ਸਕੱਤਰ ਸ੍ਰੀ ਅਸ਼ਵਨੀ ਸੰਗਰੂਰ ਅਤੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਹਾਜ਼ਰ ਸਨ।

Send this to a friend