ਮਹੱਤਵਪੂਰਨ ਹੋਣ ਦੀ ਲਾਲਸਾ

ਇਕ ਟੈਲੀਫੋਨ ਕੰਪਨੀ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਮਨੁੱਖ ਜ਼ਿੰਦਗੀ ਵਿੱਚ ਸਭ ਤੋਂ ਵੱਧ ਸ਼ਬਦ ਜੋ ਵਰਤਦਾ ਹੈ, ਉਹ ‘ਮੈਂ’ ਹੈ। ਮੈਂ ਸ਼ਬਦ ਮਨੁੱਖ ਲਈ ਬਹੁਤ ਅਹਿਮ ਹੈ। ਤੁਸੀਂ ਕੁਝ ਦਿਨ ਆਪਣੇ ਦੋਸਤਾਂ, ਮਿੱਤਰਾਂ ਅਤੇ ਹੋਰ ਮਿਲਣ ਵਾਲਿਆਂ ਨੂੰ ਚੰਗੀ ਤਰ੍ਹਾਂ ਵੇਖੋ। ਤੁਸੀਂ ਅਨੁਭਵ ਕਰੋਗੇ ਕਿ ਬਹੁਤੇ ਹੀ ਲੋਕ ਆਪਣੇ ਬਾਰੇ ਹੀ ਦਿਲਚਸਪੀ ਰੱਖਦੇ ਹਨ। ਆਪਣੀਆਂ ਹੀ ਗੱਲਾਂ ਕਰਦੇ ਹਨ। ਆਪਣੇ ਬੱਚਿਆਂ ਬਾਰੇ, ਪਰਿਵਾਰ ਬਾਰੇ, ਆਪਣੇ ਕੰਮ ਬਾਰੇ ਅਤੇ ਆਪਣੇ ਘਰ ਬਾਰੇ ਉਨ੍ਹਾਂ ਦੀ ਦਿਲਚਸਪੀ ਸਭ ਤੋਂ ਵੱਧ ਹੁੰਦੀ ਹੈ। ਅਸਲ ਵਿੱਚ ਇਨ੍ਹਾਂ ਗੱਲਾਂ ਦੀ ਤਹਿ ਵਿੱਚ ਆਪਣੇ ਆਪ ਨੂੰ ਮਹੱਤਵਪੂਰਨ ਦਿਖਾਉਣ ਦੀ ਲਾਲਸਾ ਕੰਮ ਕਰ ਰਹੀ ਹੁੰਦੀ ਹੈ।
ਆਈ.ਏ.ਐਸ. ਦੀ ਪ੍ਰੀਖਿਆ ਦੀ ਤਿਆਰੀ ਲਈ ਦਾਖਲਾ ਲੈਣ ਆਏ ਸੈਂਕੜੇ ਵਿਦਿਆਰਥੀਆਂ ਨੂੰ ਮੈਂ ਸਵਾਲ ਕਰਦਾ ਹਾਂ ਕਿ ਤੁਸੀਂ ਕਿਉਂ ਆਈ.ਏ.ਐਸ. ਕਰਨਾ ਚਾਹੁੰਦੇ ਹੋ। ਇਨ੍ਹਾਂ ਵਿੱਚੋਂ 80 ਫੀਸਦੀ ਵਿਦਿਆਰਥੀ ਇਹ ਕਹਿੰਦੇ ਹਨ ਕਿ ਉਹ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਹਨ। ਇਹ ਠੀਕ ਹੈ ਕਿ ਉਨ੍ਹਾਂ ਦੇ ਜਵਾਬ ਵਿੱਚ ਇਹ ਗੱਲ ਵੀ ਹੁੰਦੀ ਕਿ ਸਿਵਲ ਸਰਵੈਂਟ ਦੇ ਕੋਲ ਬਹੁਤ ਸਾਰੀਆਂ ਸੁਵਿਧਾਵਾਂ ਹੁੰਦੀਆਂ ਹਨ ਪਰ ਜਦੋਂ ਉਹ ਇਹ ਕਹਿੰਦੇ ਹਨ ਕਿ ਇਕ ਡਿਪਟੀ ਕਮਿਸ਼ਨਰ ਕੋਲ ਪਾਵਰ ਹੁੰਦੀ ਹੈ। ਸੱਤਾ ਦਾ ਮਤੱਲਬ ਹੈ ਕਿ ਉਹ ਹੋਰਾਂ ਨਾਲੋਂ ਵੱਧ ਮਹੱਤਵਪੂਰਨ ਹੋਣ ਦੀ ਇੱਛਾ ਰੱਖਦੇ ਹਨ। ਦਾਰਸ਼ਨਿਕ ਪ੍ਰੋ. ਜਾਨ ਡੀਵੇ ਅਨੁਸਾਰ ‘ਮਨੁੱਖੀ ਸੁਭਾਅ ਦੀ ਸਭ ਤੋਂ ਗੰਭੀਰ ਪ੍ਰੇਰਣਾ ‘ਮਹੱਤਵਪੂਰਨ ਹੋਣ ਦੀ ਲਾਲਸਾ’ ਹੈ। ਡੇਲ ਕਾਰਨੇਗੀ, ਵਿਲੀਅਮ ਜੇਮਜ਼ ਦੇ ਹਵਾਲੇ ਨਾਲ ਲਿਖਦਾ ਹੈ ‘‘ਮਾਨਵ ਪ੍ਰਕ੍ਰਿਤੀ ਵਿੱਚ ਸਭ ਤੋਂ ਡੂੰਘਾ ਨਿਯਮ ਕਦਰ ਕਰਾਉਣ ਦੀ ਭੁੱਖ ਹੈ।’’ ਇਹ ਮਨੁੱਖੀ ਸੁਭਾਅ ਦਾ ਉਹ ਹਿੱਸਾ ਹੈ ਜੋ ਉਸ ਨੂੰ ਮਰਦੇ ਦਮ ਤੱਕ ਟਿੱਕਕੇ ਨਹੀਂ ਬੈਠਣ ਦਿੰਦਾ। ਇਸੇ ਕਾਰਨ ਡੋਨਾਲਡ ਟਰੰਪ 70 ਵਰ੍ਹਿਆਂ ਦੀ ਉਮਰ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਬਣਦਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਜ਼ਿੰਦਗੀ ਦੇ ਨੌ ਦਹਾਕੇ ਪੂਰੇ ਕਰਕੇ ਵੀ ਚੌਣ ਮੈਦਾਨ ਵਿੱਚ ਚੋਣਾਂ ਜਿੱਤਣ ਲਈ ਯਤਨਸ਼ੀਲ ਰਹਿੰਦਾ ਹੈ। ਮਨੁੱਖ ਦੀ ਇਹੀ ਲਾਲਸਾ ਉਸ ਨੂੰ ਦਾਨੀ ਬਣਾਉਂਦੀ ਹੈ ਅਤੇ ਕਈ ਵਾਰ ਮੁਜ਼ਰਮ ਵੀ। ਪਿਛਲੇ ਦਿਨੀਂ ਉ¤ਤਰ ਪ੍ਰਦੇਸ਼ ਵਿੱਚ ਇਕ ਮੁਜ਼ਰਮ ਪੁਲਸ ਅਫਸਰ ਨੂੰ ਗੋਲੀ ਮਾਰਨ ਦੇ ਦੋਸ਼ ਵਿੱਚ ਫੜਿਆ ਗਿਆ। ਉਹ ਮੀਡੀਆ ਨੂੰ ਬੜੇ ਮਾਣ ਨਾਲ ਦਸ ਰਿਹਾ ਸੀ ਕਿ ਉਸ ਨੇ ਇਹ ਕਾਰਾ ਟੀਵੀ ’ਤੇ ਪ੍ਰਸਿੱਧੀ ਹਾਸਲ ਕਰਨ ਲਈ ਕੀਤਾ। ਆਪਣੇ ਆਪ ਨੂੰ ਮਹੱਤਵਪੂਰਨ ਦਰਸਾਉਣ ਲਈ ਹੀ ਲੋਕ ਗਿਨੀਜ਼ ਬੁੱਕ ਵਿੱਚ ਆਪਣਾ ਨਾਮ ਦਰਜ਼ ਕਰਾਉਣ ਖਾਤਰ ਖਤਰਿਆਂ ਨਾਲ ਖੇਡਦੇ ਵੇਖੇ ਜਾ ਸਕਦੇ ਹਨ। ਖੇਡਾਂ ਵਿੱਚ ਮਾਅਰਕੇ ਵੀ ਮਨੁੱਖੀ ਸੁਭਾਅ ਦਾ ਇਹ ਤੱਤ ਮਰਵਾਉਂਦਾ ਹੈ। ਇਸੇ ਲਾਲਸਾ ਅਧੀਨ ਲੋਕ ਧਨ ਕਮਾਉਂਦੇ ਹਨ। ਨਾਮ ਕਮਾਉਂਦੇ ਹਨ। ਇਹੀ ਲਾਲਸਾ ਮਨੁੱਖ ਨੂੰ ਦਾਨੀ ਵੀ ਬਣਾਉਂਦੀ ਹੈ ਅਤੇ ਡਾਕੂ ਵੀ ਬਣਾ ਸਕਦੀ ਹੈ। ਮਨੁੱਖ ਦੀ ਇਹ ਭੁੱਖ ਕਾਰਨ ਕਈ ਮਨੁੱਖ ਰੋਗੀ ਅਤੇ ਬੀਮਾਰ ਹੋਣ ਦਾ ਬਹਾਨਾ ਕਰਦੇ ਹਨ। ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਵੀ ਕਈ ਵਾਰ ਕਈ ਵਿਅਕਤੀ ਬੀਮਾਰੀ ਦਾ ਬਹਾਨਾ ਲਾਉਂਦੇ ਹਨ। ਇਸ ਤਰ੍ਹਾਂ ਉਹ ਹੋਰਾਂ ਦਾ ਧਿਆਨ ਆਪਣੇ ਵੱਲ ਖਿਚਕੇ ਮਹੱਤਵਪੂਰਨ ਹੋਣ ਦਾ ਅਹਿਸਾਸ ਲੈਂਦੇ ਹਨ। ਬਹੁਤ ਵਾਰ ਸੜਕਾਂ ’ਤੇ ਤੁਰੇ ਜਾਂਦੇ ਪਾਗਲ ਲੋਕਾਂ ਨੂੰ ਵੇਖੋ ਤਾਂ ਤੁਹਾਨੂੰ ਪਤਾ ਚਲੇਗਾ ਕਿ ਇਹ ਲੋਕ ਆਪਣੇ ਪਾਗਲਪਣ ਵਿੱਚ ਕਿਸੇ ਵੱਡੇ ਅਫ਼ਸਰ ਜਾਂ ਨੇਤਾ ਦੀ ਐਕਟਿੰਗ ਕਰ ਰਹੇ ਹੁੰਦੇ ਹਨ। ਹੱਦੋਂ ਵੱਧ ਮਹੱਤਵ ਹੋਣ ਦੀ ਭੁੱਖ ਮਨੁੱਖ ਨੂੰ ਮਾਨਸਿਕ ਰੋਗੀ ਵੀ ਬਣਾ ਸਕਦੀ ਹੈ। ਇਸ ਤਰ੍ਹਾਂ ਦੀ ਮਾਨਸਿਕ ਬਿਰਤੀ ਦੇ ਲੋਕ ਚਾਪਲੂਸੀ ਪਸੰਦ ਕਰਨੀ ਸ਼ੁਰੂ ਕਰ ਦਿੰਦੇ ਹਨ। ਪ੍ਰਸ਼ੰਸਾ ਤੋਂ ਚਾਪਲੂਸੀ ਤੱਕ ਦੇ ਸਫਰ ਦਾ ਇਨ੍ਹਾਂ ਨੂੰ ਕੋਈ ਗਿਆਨ ਨਹੀਂ ਹੁੰਦਾ। ਫਿਰ ਇਕ ਸਮਾਂ ਅਜਿਹਾ ਵੀ ਆਉਂਦਾ ਹੈ ਕਿ ਅਜਿਹੇ ਲੋਕ ਆਪਣੀ ਥੋੜ੍ਹੀ ਜਿੰਨੀ ਆਲੋਚਨਾ ਵੀ ਨਹੀਂ ਸਹਾਰ ਸਕਦੇ। ਅਜਿਹੀ ਮਾਨਸਿਕ ਬਿਰਤੀ ਵਾਲੇ ਲੋਕ ਜਲਦੀ ਹੀ ਹੰਕਾਰੀ ਹੋ ਜਾਂਦੇ ਹਨ। ਲਾਲਾ ਹਰਦਿਆਲ ਲਿਖਦੇ ਹਨ ਕਿ ਹੰਕਾਰ ਇਕ ਕਿਸਮ ਦਾ ਮਨੋਵਿਗਿਆਨਕ ਅੰਨ੍ਹਾਪਣ ਹੁੰਦਾ ਹੈ। ਇਹ ਸਲੀਕਿਆਂ ਨੂੰ ਖਰਵੇ ਅਤੇ ਨਿੱਘ ਰਹਿਤ ਬਣਾਉਂਦਾ ਹੈ ਅਤੇ ਬੋਲਚਾਲ ਵਿੱਚ ਨਿਮਰਤਾ ਦੀ ਘਾਟ ਅਤੇ ਕੋਰਾਪਣ ਪੈਦਾ ਕਰਦਾ ਹੈ। ਸਾਡਾ ਹੰਕਾਰ ਹੀ ਹੈ ਜਿਸ ਦੇ ਕਾਰਨ ਸਾਨੂੰ ਆਪਣੀ ਆਲੋਚਨਾ ਸੁਣਕੇ ਦੁੱਖ ਹੁੰਦਾ ਹੈ। ਸੋ ਮਹੱਤਵਪੂਰਨ ਬਣਨ ਦੀ ਤਮੰਨਾ ਜਿਥੇ ਮਨੁੱਖ ਨੂੰ ਸਫ਼ਲ ਮਨੁੱਖ ਬਣਾਉਂਦਾ ਹੈ ਉਥੇ ਕਈ ਵਾਰ ਹੰਕਾਰੀ ਵੀ। ਹੰਕਾਰੀ ਬਣਨ ਤੋਂ ਬਚਣ ਦੀ ਲੋੜ ਹੈ।

Send this to a friend