ਪ੍ਰਧਾਨ ਮੰਤਰੀ ਦੋ ਰੋਜ਼ਾ ਚੀਨ ਦੌਰੇ ’ਤੇ

ਸ਼ੀ ਜਿਨਪਿੰਗ ਨਾਲ ਦਵੱਲੇ ਮਾਮਲਿਆਂ ’ਤੇ ਸਿਖਰ ਵਾਰਤਾ ਅੱਜ ਤੋਂ

ਨਵੀਂ ਦਿਲੀ/ਬੀਜਿੰਗ, 26 ਅਪ੍ਰੈਲ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਚੀਨ ਦੇ ਦੋ ਰੋਜ਼ਾ ਦੌਰੇ ਲਈ ਰਵਾਨਾ ਹੋ ਗਏ ਹਨ।ਸ੍ਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਚੀਨ ਦੇ ਸ਼ਹਿਰ ਵੁਹਾਨ ’ਚ 27-28 ਅਪ੍ਰੈਲ ਨੂੰ ਸਿਖਰ ਬੈਠਕ ਹੋਵੇਗੀ।ਇਹ ਗੈਰ ਰਸਮੀ ਸ਼ਿਖਰ ਸੰਮੇਲਨ 2 ਦਿਨਾਂ ਤਕ ਚਲੇਗਾ।ਉਥੇ ਹੀ ਸ਼ੀ ਜਿਨਪਿੰਗ ਵੀਰਵਾਰ ਨੂੰ ਵੁਹਾਨ ਸ਼ਹਿਰ ਪਹੁੰਚ ਗਏ ਹਨ।ਇਸ ਬੈਠਕ ਵਿਚ ਦੋਹਾਂ ਨੇਤਾਵਾਂ ਵਿਚਾਲੇ ਭਾਰਤ-ਚੀਨ ਨਾਲ ਜੁੜੇ ਕਈ ਅਹਿਮ ਮੁਦਿਆਂ ’ਤੇ ਚਰਚਾ ਹੋਵੇਗੀ।ਚੀਨ ਦੀ ਯਾਤਰਾ ’ਤੇ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਮੋਦੀ ਨੇ ਟਵੀਟ ਕੀਤਾ ਕਿ ਮੈਂ ਚੀਨ ਦੇ ਸ਼ਹਿਰ ਵੁਹਾਨ ਦੀ ਯਾਤਰਾ ’ਤੇ ਜਾ ਰਿਹਾ ਹਾਂ, ਜਿਥੇ 27-28 ਅਪ੍ਰੈਲ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੈਰ ਰਸਮੀ ਸ਼ਿਖਰ ਬੈਠਕ ਹੋਵੇਗੀ।ਉਨ੍ਹਾਂ ਟਵੀਟ ਕੀਤਾ ਕਿ ਸ਼ੀ ਅਤੇ ਮੈਂ ਦੋ-ਪਖੀ ਅਤੇ ਸੰਸਾਰ ਮਹੱਤਵ ਦੇ ਵਿਸ਼ਿਆਂ ’ਤੇ ਚਰਚਾ ਕਰਾਂਗੇ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਾਂਗੇ। ਪੀ. ਐਮ. ਮੋਦੀ ਨੇ ਇਹ ਵੀ ਕਿਹਾ ਕਿ ਇਸ ਬੈਠਕ ਵਿਚ ਭਾਰਤ-ਚੀਨ ਸੰਬੰਧਾਂ ਦੇ ਰਣਨੀਤਕ ਅਤੇ ਲੰਬੇ ਸਮੇਂ ਦੇ ਪਹਿਲੂਆਂ ਦੇ ਸੰਦਰਭ ਵਿਚ ਸਮੀਖਿਆ ਕੀਤੀ ਜਾਵੇਗੀ। ਇਥੇ ਦਸ ਦੇਈਏ ਕਿ ਵੁਹਾਨ ਚੀਨ ਦਾ ਇਕ ਪ੍ਰਸਿਧ ਸ਼ਹਿਰ ਹੈ, ਜਿਥੇ ਯਾਗਤਸੇ ਨਦੀ ਵਗਦੀ ਹੈ ਅਤੇ ਇਥੇ ਤਿੰਨ ਬੰਨ੍ਹ ਵੀ ਹਨ। ਮੋਦੀ ਅਤੇ ਸ਼ੀ ਦੀ ਬੈਠਕ ਲਈ ਇਸ ਸ਼ਹਿਰ ਦੀ ਚੋਣ ਕਾਫੀ ਸੋਚ-ਸਮਝ ਕੇ ਕੀਤੀ ਗਈ ਹੈ। ਇਸ ਦੌਰਾਨ ਚੀਨ ‘ਚ ਮੋਦੀ ਦੀ ਸੁਰਖਿਆ ਲਈ ਸਖ਼ਤ ਇੰਤਜ਼ਾਮ ਕੀਤੇ ਜਾ ਰਹੇ ਹਨ। ਵੁਹਾਨ ਸਥਿਤ ਹੋਟਲ ਦੇ ਸਾਹਮਣੇ ਵਾਲਿਆਂ ਘਰਾਂ ਅਤੇ ਹੋਰ ਸਥਾਨਾਂ ਦੀਆਂ ਖਿੜਕੀਆਂ ਨੂੰ ਅਗਲੇ 2 ਦਿਨ ਤਕ ਬੰਦ ਰਖਣ ਦਾ ਹੁਕਮ ਦਿਤਾ ਗਿਆ ਹੈ। ਚੀਨ ਦੀ ਸਰਕਾਰ ਸ੍ਰੀ ਮੋਦੀ ਦੀ ਸੁਰਖਿਆ ‘ਚ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਛਡਣਾ ਚਾਹੁੰਦੀ ਹੈ।ਦੋਵੇਂ ਦੇਸ਼ਾਂ ਦੇ ਚੋਟੀ ਆਗੂ ਸਰਹਦ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ। ਭਾਰਤ ਅਤੇ ਚੀਨ ਵਿਚਾਲੇ 3448 ਕਿ. ਮੀ. ਲੰਬੀ ਸਰਹਦ ਨੂੰ ਲੈ ਕੇ ਵਿਵਾਦ ਚਲ ਰਿਹਾ ਹੈ। ਚੀਨ ਦੇ ਪ੍ਰਾਜੈਕਟ ਵਨ ਬੇਲਟ, ਵਨ ਰੋਡ ਨੂੰ ਲੈ ਕੇ ਵੀ ਭਾਰਤ ਦਾ ਇਤਰਾਜ਼ ਹੈ। ਪਾਕਿਸਤਾਨ ਸਪਾਂਸਰ ਅਤਵਾਦ ਦੇ ਖਿਲਾਫ ‘ਚ ਚੀਨ ਵਲੋਂ ਰੁਕਾਵਟਾਂ, ਦੋਵਾਂ ਦੇਸ਼ਾਂ ਵਿਚਾਲੇ ਵਪਾਰਿਕ ਸੰਬੰਧਾਂ ‘ਤੇ ਵੀ ਚਰਚਾ ਹੋਵੇਗੀ।

Send this to a friend