ਕਣਕ ਦੀ ਖਰੀਦ ਦੌਰਾਨ ਸਮੱਸਿਆ ਆਉਣ ’ਤੇ ਕਮੇਟੀ ਨਾਲ ਕੀਤਾ ਜਾਵੇ ਸੰਪਰਕ : ਪ੍ਰਿਥੀ ਸਿੰਘ

ਜਲਾਲਾਬਾਦ, 25 ਅਪ੍ਰੈਲ (ਸੰਦੀਪ ਮਹੰਤ)- ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਕਣਕ ਦੀ ਚੱਲ ਰਹੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਬਣਾਈ ਗਈ ਸ਼ਿਕਾਇਤ ਨਿਵਾਰਨ ਕਮੇਟੀ ਵੱਲੋਂ ਜਲਾਲਾਬਾਦ ਦੀ ਮੁੱਖ ਅਨਾਜ ਮੰਡੀ ਦਾ ਦੌਰਾ ਕਰਕੇ ਇਥੇ ਚੱਲ ਰਹੇ ਪ੍ਰਬੰਧਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਕਮੇਟੀ ਵਿੱਚ ਸ਼ਾਮਲ ਐਸ.ਡੀ.ਐਮ. ਜਲਾਲਾਬਾਦ ਸ. ਪ੍ਰਿਥੀ ਸਿੰਘ, ਸਕੱਤਰ ਮਾਰਕੀਟ ਕਮੇਟੀ ਸ. ਕੰਵਰਪ੍ਰੀਤ ਸਿੰਘ ਬਰਾੜ, ਡੀ.ਐਫ.ਐਸ.ਓ. ਡਾ. ਵੰਦਨਾ ਕੰਬੋਜ਼, ਡੀ.ਐਸ.ਪੀ. ਅਮਰਜੀਤ ਸਿੰਘ ਆਦਿ ਵੱਲੋਂ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਟਰਾਂਸਪੋਰਟ ਨਾਲ ਸਬੰਧਤ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ। ਇਸ ਮੌਕੇ ਮੁੱਖ ਅਨਾਜ ਮੰਡੀ ਵਿੱਚ ਵਾਧੂ ਟੈਕਸ ਵਸੂਲਣ ਸਬੰਧੀ ਕੋਈ ਵੀ ਅਜਿਹੀ ਸ਼ਿਕਾਇਤ ਦਾ ਮਾਮਲਾ ਸਾਹਮਣੇ ਨਹੀਂ ਆਇਆ। ਦੌਰੇ ਦੌਰਾਨ ਕਮੇਟੀ ਵੱਲੋਂ ਮੁੱਖ ਅਨਾਜ ਮੰਡੀ ਵਿੱਚ ਜਾ ਕੇ ਕਣਕ ਦੀ ਹੋ ਰਹੀ ਖਰੀਦ, ਲੋਡਿੰਗ, ਸਾਫ-ਸਫਾਈ ਅਤੇ ਤੋਲ ਆਦਿ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਵੱਖ-ਵੱਖ ਆੜ੍ਹਤੀਆਂ ਨਾਲ ਕੀਤੀ ਗੱਲਬਾਤ ਦੌਰਾਨ ਪਾਇਆ ਗਿਆ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ ਤੇ ਨਾ ਹੀ ਉਨ੍ਹਾਂ ਕੋਲੋਂ ਕਣਕ ਦੀ ਲੋਡਿੰਗ ਲਈ ਕਿਸੇ ਤਰ੍ਹਾਂ ਦਾ ਕੋਈ ਵਾਧੂ ਟੈਕਸ ਲਿਆ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਕਣਕ ਦੀ ਫਸਲ ਲੈ ਕੇ ਮੰਡੀ ਵਿੱਚ ਪੁੱਜੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਣਕ ਵੇਚਣ ਸਬੰਧੀ ਕੋਈ ਦਿੱਕਤ ਨਹੀਂ ਆ ਰਹੀ। ਉਨ੍ਹਾਂ ਦੀ ਆਉਂਦਿਆਂ ਦੀ ਕਣਕ ਖਰੀਦੀ ਜਾ ਰਹੀ ਹੈ ਤੇ ਨਾਲੋ-ਨਾਲ ਲਿਫਟਿੰਗ ਵੀ ਹੋ ਰਹੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸ.ਡੀ.ਐਮ. ਸ. ਪ੍ਰਿਥੀ ਸਿੰਘ ਨੇ ਜਲਾਲਾਬਾਦ ਵਿਖੇ ਖਰੀਦ ਦੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਥੇ ਸਭ ਤੋਂ ਪਹਿਲਾਂ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ ਸੀ ਤੇ ਸਭ ਤੋਂ ਪਹਿਲਾਂ ਹੀ ਇਥੇ ਖਰੀਦ ਦਾ ਕੰਮ ਸਫਲਤਾਪੂਰਵਕ ਨੇਪਰੇ ਚੜ੍ਹੇਗਾ।
ਉਨ੍ਹਾਂ ਕਿਹਾ ਕਿ ਮੰਡੀ ਵਿੱਚ ਪਹੁੰਚੀ ਕਣਕ ਦੀ ਖਰੀਦ ਮੌਕੇ ’ਤੇ ਹੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਅਦਾਇਗੀ ਤੇ ਲਿਫਟਿੰਗ ਵੀ ਨਾਲੋ-ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਟਰਾਂਸਪੋਰਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਮੰਡੀ ਵਿੱਚ ਖਰੀਦ, ਲਿਫਟਿੰਗ ਅਤੇ ਅਦਾਇਗੀ ਵਿੱਚ ਕੋਈ ਮੁਸ਼ਕਲ ਪੇਸ਼ ਆਵੇ ਤਾਂ ਤੁਰੰਤ ਕਮੇਟੀ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਖਰੀਦ ਏਜੰਸੀਆਂ ਦੇ ਅਧਿਕਾਰੀ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨਾਲ ਮੌਜ਼ੂਦ ਸਨ।

Send this to a friend