ਲੋਕ ਕੂਕਦੇ ਰਹੇ ਪਰ ਫਾਇਰ ਬਰਗੇਡ ਵਾਲਿਆਂ ਨੇ ਕਰਤੀ ਨਾਂਹ
ਬੋਹਾ, 18 ਅਪ੍ਰੈਲ (ਸੰਤੋਖ ਸਾਗਰ)- ਬੋਹਾ ਕਸਬੇ ਦੇ ਹਰਿਆਣਾ ਰਾਜ ਦੀ ਹੱਦ ਨਾਲ ਲੱਗਦੇ ਪਿੰਡ ਰਿਉਦ ਖੁਰਦ ਚ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਅੱਗ ਨੇ ਕਰੀਬ 15 ਏਕੜ ਕਣਕ ਦੀ ਖੜ੍ਹੀ ਫਸਲ ਅਤੇ ਕਣਕ ਦੇ 50 ਏਕੜ ਨਾੜ ਨੂੰ ਵੀ ਸਾੜਕੇ ਰਾਖ ਕਰ ਦਿੱਤਾ।ਕਰੀਬ 2 ਘੰਟੇ ਦੀ ਸਖਤ ਮਿਹਨਤ ਉਪਰੰਤ ਅਤੇ ਰਿਉਦ ਖੁਰਦ,ਰਿਉਦ ਕਲਾਂ,ਜੀਵਨ ਨਗਰ,ਦਸ਼ਮੇਸ਼ ਨਗਰ,ਬੀਰੇਵਾਲਾ ਡੋਗਰਾ ਆਦਿ ਪਿੰਡਾਂ ਦੇ ਲੋਕਾਂ ਨੇ ਮੁਸਕਲ ਨਾਲ ਅੱਗ ਤੇ ਕਾਬੂ ਪਾਇਆ ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਭੂਮਿਕਾ ਨਿੰਦਣਯੋਗ ਰਹੀ ਕਿਉਕਿ ਪਿੰਡ ਵਾਸੀਆ ਦੁਆਰਾ ਵਾਰ-ਵਾਰ ਫੋਨ ਕਰਨ ਉਪਰੰਤ ਵੀ ਅੱਗ ਬੁਝਾਊ ਯੰਤਰ ਪਿੰਡ ਰਿਉਦ ਖੁਰਦ ਨਾ ਪੁੱਜੇ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜੇਕਰ ਜਿਲ੍ਹਾ ਪ੍ਰਸਾਸਨ ਚਹੁੰਦਾ ਤਾਂ ਅੱਗ ਨਾਲ ਹੋਏ ਨੁਕਸਾਨ ਘੱਟ ਸਕਦਾ ਸੀ। ਪਿੰਡ ਦੇ ਸਰਪੰਚ ਸਿਕੰਦਰ ਸਿੰਘ, ਨੰਬਰਦਾਰ ਹੁਕਮ ਸਿੰਘ,ਗੁਰਚਰਨ ਸਿੰਘ ਚੌਹਾਨ ਆਦਿ ਨੇ ਦੱਸਿਆ ਕਿ ਅੱਜ ਕਰੀਬ 1 ਵਜੇ ਪਿੰਡ ਦੀ 24 ਘੰਟੇ ਵਾਲੀ ਇੱਕ ਲਾਇਨ ਚੋ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਤਾਰਾਂ ਚੋਂ ਅੱਗ ਤੇ ਪਤੰਗੇ ਡਿੱਗਯ ਨਾਲ ਉਸਦੇ ਹੇਠਾਂ ਕਣਕ ਦੀ ਖੜੀ ਫਸਲ ਨੂੰ ਅੱਗ ਲੱਗ ਗਈ ਜੋ ਦੇਖਦੇ ਹੀ ਦੇਖਦੇ ਭਿਆਨਕ ਰੂਪ ਅਖਤਿਆਰ ਕਰ ਗਈ।
ਇੰਨਾ ਕਿਸਾਨਾਂ ਦਾ ਹੋਇਐ ਫਸਲੀ ਨੁਕਸਾਨ-
1 ਅਜਾਇਬ ਸਿੰਘ ਪੁੱਤਰ ਬਲਵੰਤ ਸਿੰਘ : 25 ਏਕੜ, 2 ਸੁਖਦੇਵ ਸਿੰਘ ਪੁੱਤਰ ਬਲਵੀਰ ਸਿੰਘ : 25 ਏਕੜ, 3 ਜਸਕਰਨ ਸਿੰਘ ਪੁੱਤਰ ਮੇਜਰ ਸਿੰਘ : 3 ਏਕੜ, 4 ਇੱਕਬਾਲ ਸਿੰਘ ਪੁੱਤਰ ਨਛੱਤਰ ਸਿੰਘ : 3 ਏਕੜ
ਅੱਗ ਬੁਝਾਊਆਂ ਨੇ ਕਿਹਾ ‘ਸਾਡੇ ਕੋਲ ਗੱਡੀਆਂ ਹੈਨੀ- ਪੀੜਤ ਕਿਸਾਨਾਂ ਦੱਸਿਆ ਕਿ ਅੱਗ ਲੱਗਣ ਦੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਦੇ ਟੋਲ ਫਰੀ ਨੰਬਰ ਉਪਰ ਗੱਲ ਕੀਤੀ ਤਾਂ ਪਹਿਲਾਂ ਤਾਂ ਉਹ ਨੰਬਰ ਚੁੱਕਿਆ ਹੀ ਨਹੀ ਗਿਆ,ਜਦ ਕਰੀਬ 8-10 ਵਾਰ ਨੰਬਰ ਡਾਇਲ ਕਰਨ ਉਪਰੰਤ ਫੋਨ ਉਠਾਇਆ ਗਿਆ ਤਾਂ ਫੋਨ ਅਟੈਡ ਕਰਨ ਵਾਲੇ ਮੁਲਾਜਮ ਨੇ ਕਿਹਾ ਕਿ ਉਨਾਂ ਕੋਲ ਕੋਈ ਵੀ ਗੱਡੀ ਮੌਜੂਦ ਨਹੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਫਾਇਰ ਬਿਰਗੇਡ ਦਫਤਰ ਚੋਂ ਫੋਨ ਉਪਰ ਦਿੱਤਾ ਗੈਰ ਜੁੰਮੇਦਾਰਾਨਾਂ ਜਵਾਬ ਇਸ ਗੱਲ ਦੀ ਤਸਦੀਕ ਹੈ ਕਿ ਜਿਲ੍ਹਾ ਪ੍ਰਸ਼ਾਸਨ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਕਿੰਨਾਂ ਗੰਭੀਰ ਹੈ।
ਨਹਿਰਾਂ ’ਚ ਪਾਣੀ ਦੀ ਬੰਦੀ ਨੇ ਵੀ ਹਰਾਤੇ ਲੋਕ-
ਅੱਗ ਲੱਗਣ ਬਾਰੇ ਪਿੰਡ ਦੇ ਗੁਰੂਘਰ ਤੋਂ ਅਲਾਂਊਸਮੈਟ ਹੁੰਦਿਆਂ ਹੀ ਪਿੰਡ ਵਾਸੀਆਂ ਨੇ ਟਰੈਕਟਰਾਂ, ਸਪਰੇਅ ਵਾਲੀਆਂ ਢੋਲੀਆਂ, ਬਾਲਟੀਆਂ, ਪਾਣੀ ਵਾਲੀਆਂ ਟੈਕੀਆਂ ਤੇ ਦਰਖਤਾਂ ਦੇ ਡਾਹਣੇ ਤੋੜਕੇ ਖੇਤਾਂ ਵੱਲ ਵਧੇ। ਅੱਗ ਨਾਲ ਜਿਆਦਾ ਪ੍ਰਭਾਵਿਤ ਹੋਏ ਏਰੀਏ ਦੇ ਬਿੱਲਕੁੱਲ ਨਾਲ ਬੀਰੇਵਾਲਾ-ਰਿਉਦ ਖੁਰਦ-ਰੋਝਾਵਾਲੀ ਨਹਿਰ ਅਤੇ ਰਜਬਾਹਾ ਮੌਜੂਦ ਹੈ ਪਰ ਨਹਿਰੀ ਪਾਣੀ ਦੀ ਬੰਦੀ ਹੋਣ ਕਾਰਨ ਉਨਾਂ ਚ ਪਾਣੀ ਨਹੀ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਨਹਿਰਾਂ ਅਤੇ ਕੱਸੀਆ ਚ ਪਾਣੀ ਦੀ ਬੰਦੀ ਨਾ ਹੁੰਦੀ ਤਾਂ ਹੋਏ ਨੁਕਸਾਨ ਦਾ ਵੱਡਾ ਭਾਗ ਟਾਲਿਆ ਜਾ ਸਕਦਾ ਸੀ।
ਮੁਆਵਜਾ ਦੇਵੇ ਸਰਕਾਰ- ਪਿੰਡ ਦੀ ਸਰਪੰਚ ਬਲਜੀਤ ਕੌਰ, ਨੰਬਰਦਾਰ ਹੁਕਮ ਸਿੰਘ, ਸਾਬਕਾ ਸਰਪੰਚ ਮਿੱਠੂ ਸਿੰਘ, ਸਾਬਕਾ ਸਰਪੰਚ ਇੰਦਰਜੀਤ ਸਿੰਘ, ਸਮਾਜ ਸੇਵੀ ਪਰਵਿੰਦਰ ਸਿੰਘ, ਜਸਨਦੀਪ ਸਿੰਘ ਹੈਪੀ ਆਦਿ ਨੇ ਕਿਹਾ ਕਿ ਸਾਰਟ ਸਰਕਟ ਕਾਰਨ ਪਿੰਡ ਦੇ ਗਰੀਬ ਕਿਸਾਨਾਂ ਦੇ ਹੋਏ ਮਾਲੀ ਨੁਕਸਾਨ ਦਾ ਸਰਕਾਰ ਤੁਰਤ ਮੁਆਵਜ਼ਾ ਦੇਵੇ। ਪਿੰਡ ਵਾਸੀ ਗੁਰਚਨ ਸਿੰਘ ਚੌਹਾਨ ਨੇ ਦੱਸਿਆ ਕਿ ਖੜ੍ਹੀ ਕਣਕ ਨੂੰ ਅੱਗ ਲੱਗਣ ਨਾਲ ਤਾਂ ਸਬੰਧਤ ਕਿਸਾਨਾਂ ਦੀਆਂ ਸੱਧਰਾਂ ਉਪਰ ਪਾਣੀ ਫਿਰਿਆ ਹੀ ਹੈ ਪਰ ਇਸ ਦੇ ਨਾਲ ਨਾਲ ਆਉਦੇ ਸੀਜਨ ਪਿੰਡ ਅੰਦਰ ਤੂੜੀ ਦੀ ਸਮੱਸਿਆ ਗੰਭੀਰ ਹੋਣ ਦੇ ਆਸਾਰ ਬਣੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤ ਮਜਦੂਰਾਂ ਦੀ ਆਰਥਿਕਤਾ ਉਪਰ ਵੀ ਮਾੜਾ ਅਸਰ ਪਵੇਗਾ।