ਕਠੂਆ ਦੀ ਘਟਨਾ ਬੇਹੱਦ ਸ਼ਰਮਨਾਕ ਕਰਾਰ
ਜੰਮੂ/ਕੱਟੜਾ, 18 ਅਪ੍ਰੈਲ- ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਕਠੂਆ ਗੈਂਗਰੇਪ ਕੇਸ ’ਤੇ ਆਪਣੀ ਚੁਪੀ ਤੋੜਦੇ ਹੋਏ ਕਿਹਾ ਕਿ ਆਜ਼ਾਦੀ ਦੇ 70 ਸਾਲ ਬਾਅਦ ਦੇਸ਼ ਦੇ ਕਿਸੇ ਵੀ ਹਿਸੇ ‘ਚ ਅਜਿਹੀ ਸ਼ਰਮਨਾਕ ਘਟਨਾ ਦਾ ਹੋਣਾ ਬੜਾ ਹੀ ਦੁਖਦਾਇਕ ਹੈ। ਸਾਨੂੰ ਸੋਚਣਾ ਹੋਵੇਗਾ ਕਿ ਅਸੀਂ ਕਿਸ ਤਰਾਂ ਦੇ ਸਮਾਜ ਨੂੰ ਵਿਕਸਿਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਪੱਕਾ ਕਰਨਾ ਸਾਡੀ ਜਿੰਮੇਵਾਰੀ ਹੈ ਕਿ ਅਜਿਹਾ ਕਿਸੇ ਵੀ ਮਹਿਲਾ ਅਤੇ ਬਚੀ ਨਾਲ ਨਾ ਹੋਵੇ।ਰਾਸ਼ਟਰਪਤੀ ਕੱਟੜਾ ਵਿਖੇ ਸ੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਦੀ ਛੇਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਦੁਨੀਆਂ ‘ਚ ਸਭ ਤੋਂ ਖੂਬਸੂਰਤ ਚੀਜ਼ ਹੈ ਕਿਸੇ ਵੀ ਬਚੀ ਦੀ ਮੁਸਕਾਨ ਅਤੇ ਇਹ ਸਾਡੀ ਜਿੰਮੇਵਾਰੀ ਹੈ ਕਿ ਮਾਸੂਮਾਂ ਦੀ ਸੁਰਖਿਆ ਕੀਤੀ ਜਾਵੇ। ਦੇਸ਼ ਦੇ ਹਰੇਕ ਕੋਨੇ ‘ਚ ਮਸੂਮ ਅਜਿਹੇ ਘਟੀਆ ਅਪਰਾਧ ਦਾ ਸ਼ਿਕਾਰ ਬਣ ਰਹੇ ਹਨ। ਇਹ ਬਹੁਤ ਹੀ ਸ਼ਰਮ ਦੀ ਗਲ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਬੇਟੀਆਂ ਨੇ ਕਾਮਨਵੈਲਥ ਖੇਡਾਂ -2018 ‘ਚ ਦੇਸ਼ ਦੇ ਲਈ ਵਡਾ ਮਾਣ ਹਾਸਿਲ ਕੀਤਾ ਹੈ।