ਸਟਾਕਹੋਮ, 17 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸਵੀਡਨ ਦੇ ਰਾਜਾ ਕਾਰਲ ਏ.ਐਫ. ਗੁਸਤਾਫ ਨੂੰ ਮਿਲੇ ਅਤੇ ਵਖ-ਵਖ ਖੇਤਰਾਂ ’ਚ ਦੋ-ਪਖੀ ਸਹਿਯੋਗ ਮਜ਼ਬੂਤ ਕਰਨ ਨੂੰ ਲੈ ਕੇ ਵਿਚਾਰ ਦਾ ਆਦਾਨ-ਪ੍ਰਦਾਨ ਕੀਤਾ। ਦਸਣਯੋਗ ਹੈ ਕਿ ਮੋਦੀ ਕਲ ਭਾਵ ਸੋਮਵਾਰ ਨੂੰ ਸਵੀਡਨ ਦੀ ਰਾਜਧਾਨੀ ਪਹੁੰਚੇ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਯੂਰਪੀ ਦੇਸ਼ ਦਾ ਪਿਛਲੇ 30 ਸਾਲਾਂ ਵਿਚ ਪਹਿਲਾ ਦੋ-ਪਖੀ ਦੌਰਾ ਹੈ। ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲੋਫਵੇਨ ਨੇ ਹਵਾਈ ਅਡੇ ’ਤੇ ਮੋਦੀ ਦਾ ਸਵਾਗਤ ਕੀਤਾ।ਦੋਵੇਂ ਨੇਤਾ ਹਵਾਈ ਅਡੇ ਤੋਂ ਹੋਟਲ ਇਕ ਹੀ ਵਾਹਨ ਵਿਚ ਗਏ।ਮੋਦੀ ਲੋਫਵੇਨ ਅਤੇ 4 ਦੂਜੇ ਦੇਸ਼ਾਂ ਡੈਨਮਾਰਕ, ਫਿਨਲੈਂਡ, ਆਈਸਲੈਂਡ ਅਤੇ ਨਾਰਵੇ ਦੇ ਨੇਤਾਵਾਂ ਨਾਲ ਵੀ ਦੋ-ਪਖੀ ਬੈਠਕ ਕਰਨਗੇ।