ਗਯਾਨਾ, 15 ਜੁਲਾਈ (ਵਿਸ਼ਵ ਵਾਰਤਾ) : ਪਾਕਿਸਤਾਨ ਨੇ ਸ਼ਾਹਿਦ ਅਫਰੀਦੀ ਦੀ ਹਰਫਨਮੌਲਾ ਖੇਡ ਸਦਕਾ ਵੈਸਟ ਇੰਡੀਜ਼ ‘ਤੇ 126 ਦੌੜਾਂ ਨਾਲ ਵੱਡੀ ਜਿੱਤ ਹਾਸਲ ਕੀਤੀ। ਪੰਜ ਵਨਡੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਅਫਰੀਦੀ ਨੇ ਪਹਿਲਾਂ ਛੇ ਚੌਕਿਆਂ ਤੇ ਪੰਜ ਛੱਕਿਆਂ ਨਾਲ 55 ਗੇਂਦਾਂ ਵਿਚ 76 ਦੌੜਾਂ ਬਣਾਈਆਂ ਤੇ ਉਸ ਤੋਂ ਬਾਅਦ 9 ਓਵਰਾਂ ਵਿਚ ਕੇਵਲ 12 ਦੌੜਾਂ ‘ਤੇ 7 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 224 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਮੇਜ਼ਬਾਨ ਟੀਮ ਕੇਵਲ 98 ਦੌੜਾਂ ‘ਤੇ ਹੀ ਆਲ ਆਊਟ ਹੋ ਗਈ। ਹਾਲਾਂਕਿ ਪਾਕਿਸਤਾਨ ਟੀਮ ਦੀ ਸ਼ੁਰੂਆਤ ਵੀ ਬੇਹੱਦ ਖਰਾਬ ਰਹੀ ਸੀ। ਕੇਵਲ 24 ਦੌੜਾਂ ‘ਤੇ ਉਸ ਦੇ ਚਾਰ ਖਿਡਾਰੀ ਆਊਟ ਹੋ ਗਏ ਸਨ, ਪਰ ਬਾਅਦ ਵਿਚ ਮਿਸਬਾਹ ਉਲ ਹਕ ਤੇ ਸ਼ਾਹਿਦ ਅਫਰੀਦੀ ਨੇ ਟੀਮ ਨੂੰ ਸੰਭਾਲਦਿਆਂ ਵਿਰੋਧੀ ਟੀਮ ਅੱਗੇ ਮਜ਼ਬੂਤ ਸਕੋਰ ਖੜ੍ਹਾ ਕੀਤਾ।



