ਚੰਡੀਗੜ੍ਹ, 10 ਅਪ੍ਰੈਲ (ਪੀ.ਟੀ.)- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਹਾੜੀ ਦੇ ਚਲ ਰਹੇ ਮੌਜੂਦਾ ਸੀਜ਼ਨ ਲਈ ਕਣਕ ਦੀ ਖਰੀਦ ਵਾਸਤੇ ਪੰਜਾਬ ਨੂੰ 18124.85 ਕਰੋੜ ਰੁਪਏ ਦੇ ਨਗਦ ਹੱਦ ਕਰਜ਼ੇ (ਸੀ.ਸੀ.ਐਲ) ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੂਬਾ ਸਰਕਾਰ ਨੇ ਇਸ ਸੀਜ਼ਨ ਦੌਰਾਨ 130 ਲੱਖ ਟਨ ਕਣਕ ਦੀ ਖਰੀਦ ਦੇ ਵਾਸਤੇ ਕੁੱਲ 21179.60 ਕਰੋੜ ਰੁਪਏ ਦੀ ਸੀ.ਸੀ.ਐਲ ਦੀ ਮੰਗ ਕੀਤੀ ਸੀ ਜਿਸ ਵਿਚੋਂ ਇਸ ਰਾਸ਼ੀ ਨੂੰ ਅੱਜ ਪ੍ਰਵਾਨਗੀ ਦਿੱਤੀ ਗਈ ਹੈ। ਇੱਕ ਸਰਕਾਰੀ ਬੁਲਾਰੇ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਕੀਤੇ ਨਿੱਜੀ ਯਤਨਾਂ ਤੋਂ ਬਾਅਦ ਆਰ.ਬੀ.ਆਈ ਨੇ ਇਹ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਨੇ ਪਿਛਲੇ ਕਈ ਦਿਨਾਂ ਤੋਂ ਕੇਂਦਰ ਸਰਕਾਰ ਕੋਲ ਸੀ.ਸੀ.ਐਲ. ਦਾ ਇਹ ਮੁੱਦਾ ਵਾਰ ਵਾਰ ਉਠਾਇਆ ਸੀ।