ਮੁੱਖ ਮੰਤਰੀ ਵੱਲੋਂ ਸਾਰੀਆਂ ਸਰਕਾਰੀ ਇਮਾਰਤਾਂ ਤੇ ਸਿੱਖਿਆ ਸੰਸਥਾਵਾਂ ਦੇ ਊਰਜਾ ਆਡਿਟ ਦੇ ਹੁਕਮ

ਚੰਡੀਗੜ੍ਹ, 9 ਅਪ੍ਰੈਲ, (ਬਲਜੀਤ ਸਿੰਘ ਬਰਾੜ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਸਾਰੀਆਂ ਸਰਕਾਰੀ ਇਮਾਰਤਾਂ ਅਤੇ ਸਿੱਖਿਆ ਸੰਸਥਾਵਾਂ ਦਾ ਊਰਜਾ ਆਡਿਟ ਕਰਨ ਲਈ ਪੰਜਾਬ ਰਾਜ ਸਾਇੰਸ ਤੇ ਤਕਨਾਲੋਜੀ ਕੌਂਸਲ (ਪੀ.ਐਸ.ਸੀ.ਐਸ.ਟੀ) ਨੂੰ ਆਖਿਆ ਹੈ। ਇਸ ਦਾ ਉਦੇਸ਼ ਸੂਬੇ ਵਿਚ ਊਰਜਾ ਸਾਂਭ-ਸੰਭਾਲ ਨੂੰ ਬੜ੍ਹਾਵਾ ਦੇਣਾ ਅਤੇ ਬਿਜਲੀ ਦੇ ਉੱਚ ਖਰਚਿਆਂ ਵਿਚ ਕਮੀ ਲਿਆਉਣਾ ਹੈ ਜੋ ਕਿ ਇਸ ਵੇਲੇ ਇਨ੍ਹਾਂ ਇਮਾਰਤਾਂ ਵਿਚ ਬਹੁਤ ਜ਼ਿਆਦਾ ਹਨ। ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਨਿਰਦੇਸ਼ ਪੁਸ਼ਪਾ ਗੁਜਰਾਲ ਸਾਇੰਸ ਸਿਟੀ (ਪੀ.ਜੀ.ਐਸ.ਸੀ) ਸੁਸਾਇਟੀ ਦੀ 13ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਜਾਰੀ ਕੀਤੇ। ਸਰਕਾਰੀ ਇਮਾਰਤਾਂ/ਸੰਸਥਾਵਾਂ/ਦਫ਼ਤਰਾਂ ਵਿਚ ਬਿਜਲੀ ਦੀ ਅਨ੍ਹੇਵਾਹ ਵਰਤੋਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਡਿਟ ਵਢੇਰੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਬਿਜਲੀ ਦੀ ਬਚਤ ’ਚ ਮਦਦਗਾਰ ਹੋਵੇਗਾ। ਮੁੱਖ ਮੰਤਰੀ ਨੇ ਪੀ.ਐਸ.ਸੀ.ਐਸ.ਟੀ ਦੇ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਵੱਲੋਂ ਮੀਟਿੰਗ ਵਿਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੁਆਰਾ ਕਰਵਾਏ ਗਏ ਊਰਜਾ ਆਡਿਟ ਸਬੰਧੀ ਦਿੱਤੀ ਜਾਣਕਾਰੀ ਤੋਂ ਬਾਅਦ ਇਹ ਨਿਰਦੇਸ਼ ਦਿੱਤੇ। ਊਰਜਾ ਬਚਤ ਸਬੰਧੀ ਵੱਖ ਵੱਖ ਕਦਮ ਲਾਗੂ ਕੀਤੇ ਜਾਣ ਤੋਂ ਬਾਅਦ ਸਾਲਾਨਾ 12 ਲੱਖ ਰੁਪਏ ਦੀ ਬਿਜਲੀ ਦੀ ਬਚਤ ਹੋਈ ਹੈ ਜਦਕਿ ਇਸ ਆਡਿਟ ਲਈ ਕੇਵਲ 1.7 ਲੱਖ ਰੁਪਏ ਨਿਵੇਸ਼ ਕੀਤੇ ਗਏ। ਪੀ.ਜੀ.ਐਸ.ਸੀ ਨੂੰ ਇਸ ਪ੍ਰਾਜੈਕਟ ਵਾਸਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਊਰਜਾ ਸੰਭਾਲ ਅਵਾਰਡ ਦਿੱਤਾ ਗਿਆ। ਕੌਂਸਲ ਨੇ ਹੋਰ ਵੀ ਬਹੁਤ ਸਾਰੀਆਂ ਇਮਾਰਤਾਂ ਦਾ ਊਰਜਾ ਆਡਿਟ ਕੀਤਾ ਜਿਨ੍ਹਾਂ ਵਿਚ ਵਿਰਾਸਤ-ਏ-ਖਾਲਸਾ, ਟ੍ਰਿਬਿਊਨ ਕੰਪਲੈਕਸ, ਮੰਡੀ ਬੋਰਡ, ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਕੌਂਸਲ ਨੇ ਵੱਖ ਵੱਖ ਉਦਯੋਗਾਂ ਦਾ ਵੀ ਊਰਜਾ ਆਡਿਟ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਵਿਚ ਸਾਇੰਸ ਦੀ ਰੂਚੀ ਪੈਦਾ ਕਰਨ ਲਈ ਪੀ.ਜੀ.ਐਸ.ਸੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ। ਪਿਛਲੇ ਸਾਲ ਤੱਕ ਤਕਰੀਬਨ 3.5 ਲੱਖ ਵਿਦਿਆਰਥੀ ਸਾਇੰਸ ਸਿਟੀ ਦਾ ਦੌਰਾ ਕਰ ਚੁੱਕੇ ਹਨ ਜਿਨ੍ਹਾਂ ਵਿਚੋਂ 1.5 ਲੱਖ ਵਿਦਿਆਰਥੀ ਸੂਬੇ ਭਰ ਦੇ ਸਰਕਾਰੀ ਸਕੂਲਾਂ ਨਾਲ ਸਬੰਧਤ ਸਨ। ਉਨ੍ਹਾਂ ਨੇ ਇਹ ਦੌਰਾ ਮੁੱਖ ਮੰਤਰੀ ਵਿਗਿਆਨ ਯਾਤਰਾ ਦੇ ਹੇਠ ਕੀਤਾ ਹੈ।
ਸਕੂਲ ਸਿੱਖਿਆ ਦੇ ਸਕੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੇ ਚਾਲੂ ਵਿਦਿਅਕ ਸੈਸ਼ਨ ਦੌਰਾਨ ਦੋ ਲੱਖ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਹ ਦੌਰਾ ਕਰਵਾਉਣ ਦੀ ਯੋਜਨਾ ਬਣਾਈ ਹੈ। ਇਸ ਮੌਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਉੱਚ ਸਿੱਖਿਆ ਐਸ.ਕੇ. ਸੰਧੂ, ਵਧੀਕ ਮੁੱਖ ਸਕੱਤਰ ਤਕਨੀਕੀ ਸਿੱਖਿਆ ਐਮ.ਪੀ. ਸਿੰਘ, ਪ੍ਰਮੁੱਖ ਸਕੱਤਰ ਸਾਇੰਸ ਤੇ ਤਕਨਾਲੋਜੀ ਡਾ. ਰੋਸ਼ਨ ਸੁੰਕਾਰੀਆ, ਡਾਇਰੈਕਟਰ ਉਦਯੋਗ ਡੀ.ਪੀ.ਐਸ. ਖਰਬੰਦਾ, ਡਾਇਰੈਕਟਰ ਜਨਰਲ/ਮੈਂਬਰ ਸਕੱਤਰ ਪੀ.ਜੀ.ਐਸ.ਸੀ ਤੇ ਡੀ.ਸੀ. ਕਪੂਰਥਲਾ ਮੁਹੰਮਦ ਤਯਾਬ, ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ, ਵਾਈਸ ਚਾਂਸਲਰ ਬਾਬਾ ਫਰੀਦ ਹੈਲਥ ਸਾਇੰਸ ਯੂਨੀਵਰਸਿਟੀ ਡਾ. ਰਾਜ ਬਹਾਦਰ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਬੀ.ਐਸ. ਘੁੰਮਣ, ਵਾਈਸ ਚਾਂਸਲਰ ਜੀ.ਐਨ.ਡੀ.ਯੂ ਅੰਮ੍ਰਿਤਸਰ ਡਾ. ਜਸਪਾਲ ਸਿੰਘ ਸੰਧੂ, ਵਾਈਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਬਠਿੰਡਾ ਡਾ. ਆਰ.ਕੇ. ਕੋਹਲੀ, ਡੀਨ ਕਾਲਜਿਜ਼ ਪੀ.ਏ.ਯੂ ਲੁਧਿਆਣਾ ਡਾ. ਗੁਵਿੰਦਰ ਕੌਰ ਸੰਘਾ ਅਤੇ ਡੀਨ ਆਈ.ਕੇ.ਜੀ.ਪੀ.ਟੀ.ਯੂ ਡਾ. ਬਲਕਾਰ ਸਿੰਘ ਹਾਜ਼ਰ ਸਨ।

Send this to a friend