ਐਮ.ਐਲ.ਏ. ਨਿਰਮਲ ਸਿੰਘ ਵੱਲੋਂ ਹਰੀ ਝੰਡੀ ਦਿਖਾ ਕੇ ਬੱਸਾਂ ਨੂੰ ਕੀਤਾ ਰਵਾਨਾ

ਪਾਤੜਾਂ, 7 ਅਪ੍ਰੈਲ (ਹਰਭਜਨ ਸਿੰਘ ਮਹਿਰੋਕ)- ਅਕਾਲੀ-ਭਾਜਪਾ ਸਰਕਾਰ ਸਮੇਂ ਤੋਂ ਪਾਤੜਾਂ ਸ਼ਹਿਰ ਅੰਦਰੋਂ ਠੱਪ ਕੀਤੀ ਬੱਸ ਸੇਵਾ ਬਹਾਲ ਕਰਾਉਣ ਲਈ 4 ਸਾਲਾਂ ਤੋਂ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੰਘਰਸ਼ ਕਰਨ ਤੋਂ ਬਾਅਦ ਅੱਜ ਉਸ ਸਮੇਂ ਮਿਹਨਤ ਰੰਗ ਲਿਆਈ ਜਦੋਂ ਹਲਕਾ ਵਿਧਾਇਕ ਨਿਰਮਲ ਸਿੰਘ ਵੱਲੋਂ ਸ਼ਹਿਰ ਵਿੱਚ ਦੀ ਜਾਣ ਲਈ ਬੱਸਾਂ ਨੂੰ ਹਰੀ ਝੰਡੀ ਦਖਾ ਕੇ ਰਵਾਨਾ ਕੀਤਾ ਗਿਆ, ਜਿਸ ਤੇ ਸ਼ਹਿਰ ਵਾਸੀਆਂ ਵੱਲੋਂ ਖੁਸ਼ੀ ਵਿੱਚ ਸ਼ਹਿਰ ਅੰਦਰ ਲੱਡੂ ਵੀ ਵੰਡੇ ਗਏ। ਜਿਕਰਯੋਗ ਹੈ ਕਿ ਪਿਛਲੇ 4 ਕੁ ਸਾਲਾਂ ਤੋਂ ਪਾਤੜਾਂ ਸ਼ਹਿਰ ਦੇ ਵਸਨੀਕ ਪਵਨ ਕੁਮਾਰ ਵੱਲੋਂ ਮਾਣਯੋਗ ਹਾਈਕੋਰਟ ਵਿੱਚ ਸ਼ਹਿਰ ਅੰਦਰ ਦੀ ਬੱਸਾਂ ਨੂੰ ਰੋਕਣ ਲਈ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਤੇ ਕਾਰਵਾਈ ਕਰਦਿਆਂ ਮਾਣਯੋਗ ਹਾਈਕੋਰਟ ਨੇ ਹੁਕਮ ਜਾਰੀ ਕਰਕੇ ਬੱਸਾਂ ਸ਼ਹਿਰ ਵਿਚੋਂ ਦੀ ਲੰਘਣ ਦੀ ਰੋਕ ਲਾਈ ਗਈ ਸੀ। ਉਸ ਤੋਂ ਬਾਅਦ ਸ਼ਹਿਰ ਦੇ ਕੁਝ ਪਤਵੰਤੇ ਸੱਜਣਾਂ ਵੱਲੋਂ ਜਿਨ੍ਹਾਂ ਵਿੱਚ ਸੰਤੋਸ਼ ਕੁਮਾਰ ਸਿੰਗਲਾ, ਪ੍ਰੇਮ ਚੰਦ ਗੁਪਤਾ ਅਤੇ ਨਿਰਮਲ ਸਿੰਘ ਹਰਿਅਉ ਵੱਲੋਂ ਹਾਈਕੋਰਟ ਵਿੱਚ ਦਰਖਾਸ਼ਤ ਦੇ ਕੇ ਇਸ ਵਿਸ਼ੇ ਤੇ ਮੁੜ ਵਿਚਾਰ ਕਰਕੇ ਬੱਸਾਂ ਦੀ ਬਹਾਲੀ ਦੀ ਮੰਗ ਕੀਤੀ ਗਈ ਸੀ। ਜਿਸਦੀ ਸੁਣਵਾਈ ਕਰਦਿਆਂ ਕੋਰਟ ਵੱਲੋਂ ਫੈਸਲਾ ਸਿਵਲ ਪ੍ਰਸ਼ਾਸ਼ਨ ਤੇ ਛੱਡ ਦਿੱਤਾ ਗਿਆ ਅਤੇ ਡੀ. ਸੀ. ਪਟਿਆਲਾ ਵੱਲੋਂ ਸ਼ਹਿਰ ਅੰਦਰ ਦੀ ਲੰਘਣ ਦੀ ਮਨਜੂਰੀ ਦਿੱਤੀ ਗਈ। ਇਸ ਤਰਾਂ 4 ਸਾਲਾਂ ਤੋਂ ਸੰਤਾਪ ਭੋਗ ਰਹੇ ਸ਼ਹਿਰ ਵਾਸੀ ਜਿਨ੍ਹਾਂ ਨੂੰ ਬੱਸਾਂ ਲਈ ਸ਼ਹਿਰ ਤੋਂ 2 ਕਿਲੋਮੀਟਰ ਬਾਹਰ ਜਾਣਾ ਪੈਂਦਾ ਸੀ ਨੂੰ ਉਸ ਵੇਲੇ ਰਾਹਤ ਮਿਲੀ ਜਦੋਂ ਅੱਜ ਸਮਾਜ ਸੇਵੀ ਸੰਤੋਸ਼ ਸਿੰਗਲਾ ਵੱਲੋਂ ਬੱਸ ਬਹਾਲੀ ਦੇ ਹੁਕਮਾਂ ਦੀਆਂ ਕਾਪੀਆਂ ਹਲਕਾ ਵਿਧਾਇਕ ਨਿਰਮਲ ਸਿੰਘ ਦਿੱਤੀਆਂ, ਜਿਸ ਤੇ ਵਿਧਾਇਕ ਵੱਲੋਂ ਬੱਸਾਂ ਨੂੰ ਹਰੀ ਝੰਡੀ ਦਖਾ ਕੇ ਬੱਸਾਂ ਨੂੰ ਸ਼ਹਿਰ ਦੇ ਅੰਦਰ ਦੀ ਰਵਾਨਾ ਕੀਤਾ ਗਿਆ। ਇਸ ਮੌਕੇ ਵਿਧਾਇਕ ਨਿਰਮਲ ਸਿੰਘ ਦੇ ਨਾਲ ਨਗਰ ਕੋਂਸਲ ਪ੍ਰਧਾਨ ਰਣਜੀਤ ਅਰੋੜਾ, ਸ਼ਹਿਰੀ ਪ੍ਰਧਾਨ ਸਤੀਸ਼ ਗਰਗ, ਚੇਅਰਮੈਨ ਜੈ ਪ੍ਰਤਾਪ ਸਿੰਘ ਕਾਹਲੋਂ, ਵਿਜੇ ਗਰਗ, ਬਲਾਕ ਘੱਗਾ ਪ੍ਰਧਾਨ ਬਲਰਾਜ ਸਿੰਘ ਗਿੱਲ, ਰਾਮਾ ਗੁਪਤਾ, ਤਰਸੇਮ ਚੰਦ ਬਾਂਸਲ, ਜਗਦੀਸ਼ ਰਾਏ ਪੱਪੂ, ਗੁਲਾਬ ਸਿੰਘ ਸਾਗੂ, ਵਿਵੇਕ ਸਿੰਗਲਾ, ਜਗਦੀਸ਼ ਚੰਦ ਪੰਛੀ, ਬਲਜਿੰਦਰ ਸਿੰਘ ਮਾਨ, ਨਿਰਮਲ ਸਿੰਘ ਪੰਨੂੰ, ਦਲੇਰ ਸਿੰਘ ਹਰਿਅਉ, ਗੁਰਨਾਮ ਸਿੰਘ ਕੰਬੋਜ, ਸੂਬਾ ਸਿੰਘ ਵੜੈਚ, ਸੰਤੋਖ ਸਿੰਘ ਖਿੰਡਾ, ਮੋਹਰ ਸਿੰਘ ਜਿਓਣਪੁਰਾ, ਬਲਵੰਤ ਸਿੰਘ ਸੋਹੀ, ਯੂਥ ਆਗੂ ਗਗਨ ਮਹਿਰੋਕ ਆਦਿ ਹਾਜਰ ਸਨ।

Send this to a friend