ਸੰਗਰੂਰ, 5 ਅਪ੍ਰੈਲ (ਯੋਗੇਸ਼)- ਐਸ.ਡੀ.ਐਮ ਦਫ਼ਤਰ ਵਿਖੇ ਬਣੇ ਸੇਵਾ ਕੇਂਦਰ ਵਿੱਚ ਰਿਸ਼ਵਤ ਤੋਂ ਬਿਨਾਂ ਕੋਈ ਕੰਮ ਕਰਵਾਉਣਾ ਸੰਭਵ ਹੀ ਨਹੀਂ।ਜੀ ਹਾਂ ਬੇਨੜਾ ਵਿਖੇ ਸਥਿਤ ਐਸ.ਡੀ.ਐਮ ਦਫ਼ਤਰ ਤਹਿਸੀਲ ਕੰਪਲੈਕਸ ਵਿੱਚ ਕੋਈ ਵੀ ਕੰਮ ਕਰਵਾਉਣਾ ਹੋਵੇ ਚਾਹੇ ਉਹ ਭਾਰਮੁਕਤ ਸਰਟੀਫਿਕੇਟ ਹੋਵੇ ਜਾਂ ਫ਼ਿਰ ਮੈਰਿਜ ਸਰਟੀਫਿਕੇਟ। ਹਰ ਇੱਕ ਕੰਮ ਰਿਸ਼ਵਤ ਦੇ ਕੇ ਹੀ ਕਰਵਾਉਣਾ ਪੈਂਦਾ ਹੈ। ਸੇਵਾ ਕੇਂਦਰ ਵਿੱਚ ਕੰਮ ਕਰਵਾਉਣ ਗਏ ਕੁੱਝ ਲੋਕਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਭਾਰਮੁਕਤ ਸਰਟੀਫਿਕੇਟ ਦੀ ਸਰਕਾਰੀ ਫੀਸ ਤੋਂ 240 ਰੁਪਏ ਹੈ ਜਦਕਿ ਉਨ੍ਹਾਂ ਤੋਂ 200 ਰੁਪਏ ਜ਼ਿਆਦਾ ਇਹ ਕਹਿ ਕੇ ਲਏ ਗਏ ਕਿ ਤੁਹਾਡਾ ਕੰਮ ਜਲਦੀ ਕਰਵਾ ਦਿੱਤਾ ਜਾਵੇਗਾ ਅਤੇ ਭਾਰਮੁਕਤ ਸਰਟੀਫਿਕੇਟ ਇੱਕ ਦਿਨ ਵਿੱਚ ਹੀ ਰਿਲੀਜ਼ ਕਰ ਦਿੱਤਾ ਜਾਵੇਗਾ।ਤਹਿਸੀਲ ਕੰਪਲੈਕਸ ਦੇ ਵਿੱਚ ਆਰਜ਼ੀ ਤੌਰ ’ਤੇ ਰਜਿਸਟਰੀ ਕਲਰਕ ਨਾਲ ਕੰਮ ਕਰ ਰਹੇ ਵਰੁਣ ਕੁਮਾਰ ਨਾਂ ਦੇ ਵਿਅਕਤੀ ਤੋਂ ਇਹ ਕੰਮ ਕਰਵਾਇਆ ਜਾਂਦਾ ਹੈ।ਜ਼ਿਕਰਯੋਗ ਹੈ ਕਿ ਸੇਵਾ ਕੇਂਦਰ ਵਿੱਚ ਭਾਰਮੁਕਤ ਸਰਟੀਫਿਕੇਟ ਲੋਨ ਲੈਣ ਵਾਸਤੇ ਲੋਕਾਂ ਵੱਲੋਂ ਅਪਲਾਈ ਕੀਤਾ ਜਾਂਦਾ ਹੈ ਤਾਂ ਕਿ ਉਹ ਲੋਨ ਲੈ ਕੇ ਆਪਣਾ ਕੋਈ ਕਾਰੋਬਾਰ ਚਲਾ ਸਕਣ ਪਰ ਉਨ੍ਹਾਂ ਨੂੰ ਮਜਬੂਰਨ ਇਹ ਕੰਮ ਰਿਸ਼ਵਤ ਦੇ ਕੇ ਕਰਵਾਉਣਾ ਪੈਂਦਾ ਹੈ ਨਹੀਂ ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜੇਕਰ ਕੋਈ ਨਕਲ ਦਸਤਾਵੇਜ਼ ਜਲਦ ਲੈਣੀ ਹੋਵੇ ਤਾਂ ਉਸ ਦਾ ਵੀ 200 ਰੁਪਏ ਰਿਸ਼ਵਤ ਦਿੱਤੇ ਬਿਨ੍ਹਾਂ ਕੰਮ ਨਹੀਂ ਹੁੰਦਾ।ਮੈਰਿਜ ਰਜਿਸਟਰ ਕਰਵਾਉਣੀ ਹੋਵੇ ਤਾਂ ਸੇਵਾ ਕੇਂਦਰ ਵਿੱਚ ਸਥਿਤ ਸੈਂਟਰ ਕੋਆਰਡੀਨੇਟਰ ਵੱਲੋਂ ਤਹਿਸੀਲਦਰ ਦੇ ਨਾਂ ਉਤੇ 2500 ਰੁਪਏ ਦੀ ਰਿਸ਼ਵਤ ਮੰਗੀ ਜਾਂਦੀ ਹੈ।ਲੋਕਾਂ ਨੇ ਇਹ ਵੀ ਦੱਸਿਆ ਕਿ ਸੇਵਾ ਕੇਂਦਰ ਵਿੱਚ ਸੈਂਟਰ ਕੋਆਰਡੀਨੇਟਰ ਇਹ ਕੰਮ ਨਾਇਬ ਤਹਿਸੀਲਦਾਰ ਦੇ ਡਰਾਇਵਰ ਨਾਲ ਮਿਲੀਭੁਗਤ ਕਰ ਕੇ ਕਰਦਾ ਹੈ।ਬੇੱਸ਼ਕ ਅਕਾਲੀ-ਭਾਜਪਾ ਸਰਕਾਰ ਵੱਲੋਂ ਇਹ ਸੇਵਾ ਕੇਂਦਰ ਗਰੀਬ ਲੋਕਾਂ ਨੂੰ ਵਧੀਆਂ ਸਹੂਲਤਾਂ ਦੇਣ ਵਾਸਤੇ ਬਣਾਏ ਗੲਸ ਸੀ ਪਰ ਇਹ ਸੇਵਾ ਕੇਂਦਰ ਰਿਸ਼ਵਤ ਦਾ ਅੱਡਾ ਬਣ ਕੇ ਹੀ ਰਹਿ ਗਿਆ ਹੈ।ਜਾਣਕਾਰ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੇਵਾ ਕੇਂਦਰ ਦਾ ਕੋਆਰਡੀਨੇਟਰ ਮਨਦੀਪ ਸਿੰਘ ਦਿਓਲ ਇਨਕਮ ਸਰਟੀਫਿਕੇਟ, ਐਸ.ਸੀ,ਬੀ.ਸੀ, ਰੂਰਲ ਏਰੀਆ ਸਰਟੀਫਿਕੇਟ, ਅਤੇ ਰੈਜੀਡੈਂਸ ਸਰਟੀਫਿਕੇਟ ਜਲਦੀ ਬਣਵਾਉਣ ਲਈ ਤਹਿਸੀਲ ਵਿੱਚ ਕੰਮ ਕਰਦੇ ਸਟੈਨੋ ਸਤਗੁਰ ਸਿੰਘ ਨਾਲ ਮਿਲੀਭੁਗਤ ਕਰਕੇ 500 ਰੁਪਏ ਦੀ ਰਿਸ਼ਵਤ ਮੰਗਦਾ ਹੈ ਜਦਕਿ ਸੇਵਾ ਕੇਂਦਰ ਵਿੱਚ ਉਸਦੀ ਫੀਸ ਕੇਵਲ 50 ਰੁਪਏ ਹੀ ਹੈ।ਜਿਸ ਤੋਂ ਸਾਫ਼ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸੇਵਾ ਕੇਂਦਰ ਕੋਆਰਡੀਨੇਟਰ ਮਨਦੀਪ ਸਿੰਘ ਦਿਓਲ ਸੈਂਟਰ ਕੋਆਰਡੀਨੇਟਰ ਨਹੀਂ ਸਗੋਂ ਏਜੰਟ ਬਣ ਕੇ ਕੰਮ ਕਰ ਰਿਹਾ ਹੈ ਅਤੇ ਅਦਾਰੇ ਵੱਲੋਂ ਦਿੱਤੀਆਂ ਹਦਾਇਤਾਂ ਦੀਆਂ ਸ਼ਰੇਆਮ ਖਿੱਲੀਆਂ ਉਡਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਕੋਆਰਡੀਨੇਟਰ ਦਾ ਜਲਦ ਤਬਾਦਲਾ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਲੁੱਟ ਹੋਣੋ ਬੱਚ ਸਕੇ।ਜਦੋਂ ਇਸ ਸਬੰਧੀ ਐਸ.ਡੀ.ਐਮ ਅਮਰੇਸ਼ਵਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।ਹੁਣ ਦੇਖਣਾ ਇਹ ਹੈ ਕਿ ਲੋਕਾਂ ਦੀ ਹੋ ਰਹੀ ਲੁੱਟ ਨੂੰ ਆਖਿਰ ਕਦੋਂ ਨੱਥ ਪਵੇਗੀ।ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।