ਜ਼ਿੰਦਗੀ ਟਿਕਾਅ ਭਾਲਦੀ ਹੈ ਪਰ ਵਿਡੰਬਨਾ ਇਹ ਹੈ ਕਿ ਟਿਕਾਅ ਤੋਂ ਸ਼ਾਂਤੀ ਤੀਕ ਪਹੁੰਚਦਿਆਂ ਵੱਡੀਆਂ-ਵੱਡੀਆਂ ਸਭਿਅਤਾਵਾਂ ਫੇਲ੍ਹ ਹੋ ਗਈਆਂ ਪਰ ਟਿਕਾਅ ਨਹੀਂ ਮਿਲਿਆ। ਮਨੁੱਖ ਨੂੰ ਇਕੱਲ ਤਾਂ ਮਿਲ ਰਹੀ ਹੈ ਪਰ ਇਕਾਂਤ ਨਹੀਂ। ਇਕਾਂਤ ਸਾਡਾ ਨਸੀਬ ਸੀ ਇਕੱਲ ਸਾਡੀ ਮਜ਼ਬੂਰੀ। ਅੱਜ ਦਾ ਮਨੁੱਖ ਸ਼ੋਰ ਦਾ ਸ਼ਿਕਾਰ ਹੈ। ਜ਼ਿੰਦਗੀ ਦਾ ਸਾਰਾ ਸਫ਼ਰ ਸੋਚ ਵਿਚਾਰ ਤੋਂ ਬਿਨਾਂ ਗੁਜ਼ਰਦਾ ਜਾ ਰਿਹਾ ਹੈ। ਮਨੁੱਖ ਹਾਰਾਂ ਹੀ ਹਾਰਾਂ ਝੱਲ ਰਿਹਾ ਹੈ। ਪੈਸਾ, ਸ਼ੋਹਰਤ ਅਤੇ ਸ਼ਕਤੀ ਦੀ ਦੌੜ ਵਿੱਚ ਵਿਸ਼ਵਾਸ ਤਿੜਕ ਰਹੇ ਹਨ, ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਸਿਆਸਤ ਨੇ ਰੱਬ ਨੂੰ ਹਾਈਜੈਕ ਕਰ ਲਿਆ ਹੈ। ਸਿਆਸਤ ਵਾਲਾ ਸ਼ੋਰ ਹੁਣ ਧਰਮ ਦਾ ਨਸੀਬ ਬਣ ਗਿਆ ਹੈ। ਧਰਮ ਘਰਾਂ ਵਿੱਚ ਸ਼ੋਰ ਹੀ ਸੁਣਾਈ ਦਿੰਦਾ ਹੈ। ਸ਼ਾਂਤੀ ਦੀ ਖੋਜ ਵੀ ਸ਼ੋਰ ਨਾਲ ਹੋ ਰਹੀ ਹੈ। ਧਾਰਮਿਕ ਚੈਨਲ ਵੀ ਧਾਰਮਿਕ ਸਥਾਨਾਂ ਵਾਂਗ ਉਚੀ ਸੁਰ ਵਿੱਚ ਸ਼ਾਂਤੀ ਭਾਲ ਰਹੇ ਹਨ। ਸੁਰਾਂ ਦੀ ਦੁਨੀਆਂ ਵਿੱਚ ਤੱਥ ਪ੍ਰਮਾਣਿਤ ਹੈ ਕਿ ਕਦੇ ਬਹਿ ਕੇ ਗਾਉਣ ਵਾਲੀ ਗਾਇਕੀ ਨੂੰ ਹੀ ਗਾਇਕੀ ਮੰਨਿਆ ਜਾਂਦਾ ਸੀ। ਅੱਜ ਬਾਰੀਕ ਤੋਂ ਬਾਰੀਕ ਗਾਉਣ ਵਾਲੇ ਗਾਇਕ ਵੀ ਜੇ ਨੱਚ ਟੱਪ ਕੇ ਅਤੇ ਖੱਪ ਪਾ ਕੇ ਆਪਣੇ ਗੀਤ ਨੂੰ ਨਹੀਂ ਵੇਚਦੇ ਤਾਂ ਉਹ ਜ਼ਿੰਦਗੀ ਵਿੱਚੋਂ ਤਾਂ ਫੇਲ੍ਹ ਹੈ ਈ ਗਾਇਕੀ ਵਿੱਚੋਂ ਵੀ ਪਾਸ ਨਹੀਂ ਮੰਨਿਆ ਜਾਂਦਾ। ਸ਼ੋਰ ਪਾਉਣਾ ਅੱਜ ਦੇ ਗਾਇਕਾਂ ਦੀ ਬਦਕਿਸਮਤੀ ਹੈ ਜਾਂ ਮਜ਼ਬੂਰੀ। ਹੰਸ ਰਾਜ ਹੰਸ ਸੰਗੀਤ ਨੂੰ ਬਾਰੀਕੀ ਨਾਲ ਸਮਝਦਾ ਵੀ ਹੈ ਪਰ ਪੈਸੇ ਖਾਤਰ ਕਦੇ-ਕਦੇ ਨਾ ਚਾਹੁੰਦੇ ਹੋਏ ਮੰਡੀ ਵਿੱਚ ਮੰਡੀ ਦੇ ਮੁਤਾਬਿਕ ਆਪਣੀ ਚੀਜ਼ ਵੇਚਣ ਲਈ ਮਜ਼ਬੂਰ ਹੁੰਦਾ ਹੈ। ਗੁਰਦਾਸ ਮਾਨ ਨੇ ਸ਼ੋਰ ਤੋਂ ਬਚਣ ਲਈ ਲਗਾਤਾਰ ਕੋਸ਼ਿਸ਼ ਕੀਤੀ ਹੈ ਅਤੇ ਦੁਨੀਆਂ ਭਰ ਵਿੱਚ ਮਾਣ ਖੱਟਿਆ ਹੈ। ਸਰਦੂਲ ਸਿਕੰਦਰ ਨੂੰ ਸੁਰਾਂ ਦੀ ਪੂਰੀ ਸਮਝ ਹੈ। ਵਡਾਲੀ ਭਰਾਵਾਂ (ਹੁਣ ਤਾਂ ਪਿਆਰੇ ਲਾਲ ਨਹੀਂ ਰਿਹਾ), ਮਾਸਟਰ ਸਲੀਮ, ਸੋਫ਼ਤ ਅਲੀ ਖਾਂ, ਬਰਕਤ ਸਿੱਧੂ ਅਤੇ ਪੂਰਨ ਸ਼ਾਹਕੋਟੀ ਵਰਗੇ ਅਨੇਕਾਂ ਗਾਇਕਾਂ ਨੇ ਸ਼ੋਰ ਅਤੇ ਸੰਗੀਤ ਦੇ ਫਰਕ ਨੂੰ ਨਾ ਸਿਰਫ ਚੰਗੀ ਤਰ੍ਹਾਂ ਸਮਝਿਆ ਸਗੋਂ ਸੰਗੀਤ ਨਾਲ ਵਫਾ ਪਾਲਣ ਦਾ ਸਫਲ ਯਤਨ ਵੀ ਕੀਤਾ ਹੈ। ਮਾਨ ਵਾਂਗ ਮਲਕੀਤ ਨੇ ਭਾਵੇਂ ਆਪਣੀ ਗਾਇਕੀ ਨੂੰ ਕਲਾਸੀਕਲ ਛੋਹਾਂ ਨਹੀਂ ਦਿੱਤੀਆਂ ਪਰ ਪੂਰੇ ਵਿਸ਼ਵ ਵਿੱਚ ਪੰਜਾਬੀ ਗਾਇਕੀ ਦਾ ਲੋਹਾ ਮਨਵਾਉਣ ਵਿੱਚ ਸਫਲ ਰਿਹਾ।
ਪੰਜਾਬ ਵਿੱਚ ਗਾਇਕਾਂ ਦੀ ਗਿਣਤੀ ਅਣਗਿਣਤ ਹੈ। ਹਰ ਦਿਨ ਨਵੀਆਂ-ਨਵੀਆਂ ਕੈਸਟਾਂ ਅਤੇ ਐਬਲਬਮਾਂ ਆ ਰਹੀਆਂ ਹਨ। ਇਨ੍ਹਾਂ ਐਲਬਮਾਂ ਵਿੱਚੋਂ ਬਹੁਤੀਆਂ ਵਿੱਚ ਨਾ ਤਾਂ ਸੰਗੀਤ ਹੁੰਦਾ ਹੈ ਅਤੇ ਨਾ ਹੀ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ। ਲੋਕ ਗੀਤਾਂ ਅਤੇ ਲੋਕ ਨਾਚਾਂ ਦੇ ਨਾਮ ’ਤੇ ਅਧਨੰਗੀਆਂ ਕੁੜੀਆਂ ਦੇ ਅਸ਼ਲੀਲ ਕਿਸਮ ਦੇ ਲਟਕੇ-ਝਟਕੇ ਅਤੇ ਦੋਹਰੇ ਅਰਥਾਂ ਵਾਲੀ ਤੁੱਕਬੰਦੀ ਅੱਜ ਦੀ ਸੰਗੀਤ ਮੰਡੀ ਦੀ ਮੰਗ ਹੈ। ਅਜਿਹਾ ਕੁੱਝ ਹਰ ਸਟੇਜ ਅਤੇ ਹਰ ਚੈਨਲ ’ਤੇ ਵਿਖਾਈ ਦਿੰਦਾ ਹੈ। ਮੇਰੇ ਯਾਦ ਹੈ ਕਿ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਟੀ.ਵੀ. ਚੈਨਲ ਡੀ.ਟੀ.ਵੀ. ਦੇ ਉਦਘਾਟਨੀ ਸਮਾਰੋਹ ’ਤੇ ਦਲੇਰ ਮਹਿੰਦੀ ਸਮੇਤ ਕਈ ਕਲਾਕਾਰਾਂ ਨੂੰ ਸਦਿਆ ਸੀ। ਸਮਾਰੋਹ ਦੇ ਮੁੱਖ ਮਹਿਮਾਨ ਸੁਖਬੀਰ ਸਿੰਘ ਬਾਦਲ ਸਨ। ਸੁਖਬੀਰ ਬਾਦਲ ਤੋਂ ਇਲਾਵਾ ਅਨੇਕਾਂ ਅਕਾਲੀ ਮੰਤਰੀ, ਵਿਧਾਇਕ, ਧਾਰਮਿਕ ਅਤੇ ਰਾਜਸੀ ਨੇਤਾ ਪਹੁੰਚੇ ਹੋਏ ਸਨ। ਮੇਰੇ ਅੱਗੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਕਿਰਪਲਾ ਸਿੰਘ ਬਡੂੰਗਰ ਬੈਠੇ ਸਨ। ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਪਹਿਲੇ ਗਾਇਕ ਦੇ ਨਾਲ ਚਮਕੀਲੇ ਜਿਹੇ ਕੱਪੜੇ ਪਹਿਨੀ ਅਧਨੰਗੀਆਂ ਮੁਟਿਆਰਾਂ ਨੇ ਸੈਕਸੀ ਅਦਾਵਾਂ ਨਾਲ ਜਦੋਂ ਆਪਣਾ ਨਾਚ ਸ਼ੁਰੂ ਕੀਤਾ ਤਾਂ ਜਥੇਦਾਰ ਬਡੂੰਗਰ ਸਮੇਤ ਕਈ ਬਜ਼ੁਰਗ ਨੇਤਾਵਾਂ ਨੇ ਉਠਣ ਵਿੱਚ ਬਿਹਤਰੀ ਸਮਝੀ ਅਤੇ ਕਈ ਨੀਵੀਂ ਪਾ ਕੇ ਬੈਠੇ ਰਹੇ ਪਰ ਨਵੀਂ ਪੀੜ੍ਹੀ ਦੇ ਅਕਾਲੀ ਬੜੇ ਚਾਅ ਨਾਲ ਆਨੰਦ ਮਾਣਦੇ ਰਹੇ। ਉਕਤ ਮਿਸਾਲ ਦੇਣ ਦਾ ਕਾਰਨ ਇਹ ਦੱਸਣਾ ਹੈ ਕਿ ਅੱਜ ਹਰ ਚੈਨਲ ’ਤੇ, ਹਰ ਸਟੇਜ ’ਤੇ ਇਹੀ ਕੁਝ ਵਿਖਾਈ ਦਿੰਦਾ ਹੈ। ਗੀਤਾਂ ਦੇ ਬੋਲਾਂ ਤੋਂ ਵੀ ਪੰਜਾਬ ਦੀ ਬਦਲ ਰਹੀ ਮਾਨਸਿਕਤਾ ਨਜ਼ਰੀਂ ਪੈਂਦੀ ਹੈ :
ਮੁਕਗੀ ਫੀਮ ਡੱਬੀ ’ਚੋਂ ਯਾਰੋ,
ਕੋਈ ਅਮਲੀ ਦਾ ਡੰਗ ਸਾਰੋ।
ਅਜਿਹੇ ਗੀਤਾਂ ਨੂੰ ਸੁਣਕੇ ਕਈ ਵਾਰ ਕਾਲਜ ਪੜ੍ਹਣ ਨਾਲੋਂ ਅਮਲੀਆਂ ਦੇ ਅੱਡੇ ਵੱਧ ਲੱਗਣ ਲੱਗ ਪੈਂਦੇ ਹਨ। ਅਨਪੜ੍ਹ ਅਤੇ ਅੱਧਪੜ੍ਹ੍ਹ ਗੀਤਕਾਰਾਂ ਵੱਲੋਂ ਜੋੜੀਆਂ ਤੁਕਾਂ ਨੂੰ ਪੈਸੇ ਦੇ ਜ਼ੋਰ ਨਾਲ ਰਿਕਾਰਡ ਕਰਵਾਕੇ ਗਾਇਕਾਂ ਵਿੱਚ ਸ਼ਾਮਿਲ ਹੋਣ ਵਾਲੇ ਸੈਂਕੜੇ ਨੌਜਵਾਨ ਇਸ ਸ਼ੋਰ ਵਿੱਚ ਹੋਰ ਵਾਧਾ ਕਰ ਰਹੇ ਹਨ।
ਓਸ਼ੋ ਨੇ ਸ੍ਰੀ ਜੁਪਜੀ ਸਾਹਿਬ ਬਾਰੇ ਪ੍ਰਵਚਨ ਕਰਦੇ ਹੋਏ ਕਿਹਾ ਸੀ ਕਿ ‘ਨਾਨਕ ਨੇ ਤਾਂ ਗਾ ਕੇ ਪਾ ਲਿਆ’ ਸੋ ਬਾਬੇ ਨਾਨਕ ਦੀ ਇਹ ਧਰਤੀ ਤਾਂ ਸਹੀ ਅਰਥਾਂ ਵਿੱਚ ਸੰਗੀਤ ਦੀ ਧਰਤੀ ਹੈ। ਸੰਗੀਤ ਤਾਂ ਸਾਡੇ ਲਹੂ ਵਿੱਚ ਹੈ। ਇਸ ਧਰਤੀ ਉਪਰ ਇੰਨਾ ਸੰਗੀਤ ਕਿਤੇ ਵੀ ਨਹੀਂ, ਜਿੰਨਾ ਇਸ ਖਿੱਤੇ ਵਿੱਚ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਸੰਗੀਤ ਤਾਂ ਹੁਣ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚ ਰਿਹਾ ਹੈ, ਪਰ ਅਫਸੋਸ ਹੁਣ ਕਈ ਅਖੌਤੀ ਸੰਤ ਅਤੇ ਰਾਗੀ ਗੁਰਮਤਿ ਸੰਗੀਤ ਵਿੱਚ ਰਲਾ ਪਾਉਣ ਲੱਗੇ ਹਨ। ਫਿਲਮੀ ਤਰਜ਼ਾਂ ਅਤੇ ਲੋਕ ਗੀਤਾਂ ਦੀ ਤਰਜ਼ਾਂ ’ਤੇ ਸ਼ਬਦਾਂ ਨੂੰ ਗਾਉਣ ਲੱਗੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਰਾਗਾਂ ਅਨੁਸਾਰ ਗੁਰਬਾਣੀ ਦਾ ਗਾਇਨ ਕਰਨ ਵਾਲੇ ਰਾਗੀ ਸਿੰਘਾਂ ਦੀ ਗਿਣਤੀ ਘੱਟ ਰਹੀ ਹੈ। ਭਾਵੇਂ ਡਾ. ਗੁਰਨਾਮ ਸਿੰਘ ਅਤੇ ਡਾ. ਸੁਰਿੰਦਰ ਸਿੰਘ ਰਾਜ ਅਕੈਡਮੀ ਲੰਡਨ ਵਾਲੇ ਇਸ ਪੱਖੋ ਯਤਨਸ਼ੀਲ ਹਨ ਕਿ ਨਾ ਸਿਰਫ ਗੁਰਬਾਣੀ ਦਾ ਗਾਇਨ ਰਾਗਾਂ ’ਤੇ ਅਧਾਰਿਤ ਕੀਤਾ ਜਾਵੇ, ਸਗੋਂ ਤਾਂਤੀ ਸਾਜ਼ਾਂ ਨਾਲ ਕੀਤਾ ਜਾਵੇ। ਰੱਬ ਖ਼ੈਰ ਕਰੇ, ਪੰਜਾਬ ਵਰਗਾ ਸੁਰੀਲਾ ਦੇਸ਼ ਜੇ ਸੁਰ ਤੋਂ ਉਖੜ ਗਿਆ ਤਾਂ ਮਾਨਸਿਕ ਤੌਰ ’ਤੇ ਵੀ ਉਖੜ ਜਾਵੇਗਾ। ਵੰਗਾਰ ਬਹੁਤ ਵੱਡੀ ਹੈ, ਇਸ ਨੂੰ ਬਹੁਤ ਚੇਤੰਨ ਹੋ ਕੇ ਸਮਝਣ ਦੀ ਲੋੜ ਹੈ। ਲੋਕ ਸ਼ਾਇਰ ਕੁਲਵੰਤ ਗਰੇਵਾਲ ਇਸ ਬਾਰੇ ਇਉਂ ਕਹਿੰਦੇ ਹਨ:
ਬੇਕਦਰ ਫ਼ਿਜ਼ਾ ਹੋਈ
ਗਲੀ-ਗਲੀ ਸ਼ੋਰ ਵਿਕਦਾ
ਗੀਤਾਂ ਨੂੰ ਸਜ਼ਾ ਹੋਈ।