ਸਾਡੀ ਸੋਚ ਵਿੱਚ ਲਾਲਚ ਉਸ ਸਮੇਂ ਉਤਪਨ ਹੋ ਜਾਂਦਾ ਹੈ ਜਦੋਂ ਸਾਡੇ ਘਰ ਵਿੱਚ ਲੜਕਾ ਪੈਦਾ ਹੁੰਦਾ ਹੈ, ਲੜਕਾ ਪੈਦਾ ਹੋਣ ਤੇ ਖੁਸ਼ੀ ਵਿੱਚ ਘਰ ਅੱਗੇ ਨਿੰਮ ਬੰਨ੍ਹੇ ਜਾਂਦੇ ਹਨ, ਲੱਡੂ ਤੇ ਰੁਪਏ ਵੰਡੇ ਜਾਂਦੇ ਹਨ, ਖੁਸਰੇ ਨਚਾਏ ਜਾਂਦੇ ਹਨ ਕਿਉਂਕਿ ਉਸਦੇ ਪੈਦਾ ਹੋਣ ਨਾਲ ਘਰ ਦੀਆਂ ਰੌਣਕਾਂ ਦੁੱਗਣੀਆਂ ਅਤੇ ਉਸਦੀ ਜਿੰਦਗੀ ਦਾ ਸੌਦਾ ਕਰਕੇ ਘਰ ਵਿੱਚ ਦਾਜ ਦੇ ਰੂਪ ਵਿੱਚ ਖਹਿਰਾਤ ਆਉਂਦੀ ਹੁੰਦੀ ਹੈ ਪਰ ਘਰ ਵਿੱਚ ਲੜਕੀ ਪੈਦਾ ਹੋਣ ਤੇ ਖਬਰ ਸੁਣਕੇ ਘਰਦਿਆਂ ਤੇ ਰਿਸ਼ਤੇਦਾਰਾਂ ਦੇ ਘਰਾਂ ਦੇ ਦੀਵੇ ਬੁੱਝ ਜਾਂਦੇ ਹਨ ਕਿਉਂਕਿ ਮਾਪੇ ਉਸ ਵੇਲੇ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਉਸਨੂੰ ਪੜ੍ਹਾਉਣ ਲਿਖਾਉਣ ਅਤੇ ਵਿਆਹੁਣ ਵਰਗੀਆਂ ਸਮੱਸਿਆਵਾਂ ਨੂੰ ਸੋਚਦੇ ਹੋਏ ਮਨ ਹੀ ਮਨ ਸੋਚਦੇ ਹਨ ਕਿ ਕਾਸ਼ ਸਾਡੇ ਘਰ ਵੀ ਲੜਕਾ ਪੈਦਾ ਹੋ ਜਾਂਦਾ। ਪਰ ਜੇਕਰ ਕਿਸੇ ਘਰ ਕਿਸੇ ਵੀ ਕਾਰਨ ਕਰਕੇ ਔਲਾਦ ਪੈਦਾ ਨਹੀਂ ਹੁੰਦੀ ਤਾਂ ਉਹ ਪਰਿਵਾਰ ਰੱਬ ਤੇ ਅਹਿਸਾਨ ਕਰਦਾ ਹੈ ਅਤੇ ਫਰਿਆਦ ਕਰਦੇ ਹੈ ਰੱਬਾ ਅਸੀਂ ਤੇਰਾ ਕੀ ਬੁਰਾ ਕੀਤੈ। ਸਾਨੂੰ ਜੇ ਲੜਕਾ ਨਹੀਂ ਦੇਣਾ ਤਾਂ ਸਾਡੇ ਘਰ ਲੜਕੀ ਹੀ ਪੈਦਾ ਹੋ ਜਾਵੇ ਪਰ ਲਾਹਨਤ ਹੈ ਬੰਦਿਆਂ ਤੇਰੀ ਸੋਚ ਦੇ। ਤੂੰ ਅਜੇ ਵੀ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਤਾਹਨੇ ਮਾਰਦਾ ਪਿਆਂ ਰੱਬਾ ਜੇਕਰ ਲੜਕਾ ਨਹੀਂ ਦੇਣੀ ਤਾਂ ਸਾਨੂੰ ਲੜਕੀ ਹੀ ਦੇਦੇ। ਓਏ ਮੂਰਖਾ ਇਸ ਵਿੱਚ ਫਰਕ ਕੀ ਐ? ਸਿਰਫ ਉਸਦੇ ਨਾਮ ਵਿੱਚ ਹੀ ਫਰਕ ਹੈ ਕਿ ਉਹ ਲੜਕਾ ਇਹ ਲੜਕੀ, ਉਏ ਸਹੁਰੀ ਦਿਆ ਲੜਕੇ ਵਾਲਾ ਲਾਲਚ ਤਿਆਗਕੇ ਵੇਖ। ਇਸ ਲੜਕੀ ਦੇ ਗੁਣਾਂ ਵੱਲ ਵੇਖ। ਜੇਕਰ ਤੈਨੂੰ ਲਗਦਾ ਹੈ ਕਿ ਲੜਕੇ ਨਾਲ ਸਾਡੀ ਵੰਸ਼ ਵਿੱਚ ਵਾਧਾ ਹੁੰਦਾ ਹੈ ਪਰ ਇਸ ਵੰਸ਼ ਨੂੰ ਵਧਾਉਣ ਵਿੱਚ ਅਸਲੀ ਯੋਗਦਾਨ ਕਿਸ ਦਾ ਹੈ? ਲੜਕੇ ਵਾਲਿਆਂ ਤੇਰਾ ਲੜਕਾ ਬਿਨਾਂ ਸ਼ਾਦੀ ਕੀਤੇ ਕਿਸੇ ਇਸਤਰੀ ਬਿਨਾਂ ਵੰਸ਼ ਵਧਾ ਸਕੇਗਾ? ਨਹੀਂ। ਅਸਲ ਰੂਪ ਵਿੱਚ ਵੰਸ਼ ਵਧਾਉਣ ਵਿੱਚ ਇਸਤਰੀ ਪੁਰਸ਼ ਦੋਵਾਂ ਦਾ ਬਰਾਬਰ ਦਾ ਯੋਗਦਾਨ ਹੈ। ਸਾਡੀ ਧੀ ਲੜਕੀਆਂ ਮੁੰਡਿਆਂ ਵਾਂਗ ਸਭ ਕੰਮ ਕਰਦੀਆਂ ਹਨ ਪਰ ਅਸੀਂ ਇੱਥੇ ਫਿਰ ਗਲਤੀ ਕਰਦੇ ਹਾਂ ਕਿ ਲੜਕੀ ਨੂੰ ਅਸੀਂ ਲੜਕੇ ਵਾਲੀ ਸੋਚ ਨਾਲ ਤੱਕਦੇ ਸੋਚਦੇ ਹੀ ਨਹੀਂ। ਇਸ ਲਈ ਲੜਕੇ ਵਾਲੇ ਲੜਕੇ ਨੂੰ ਪੜ੍ਹਾਉਣ ਲਈ ਲੱਖਾਂ ਰੁਪਏ ਖਰਚ ਕਰਦੇ ਹਨ ਤੇ ਉਸਨੂੰ ਯੋਗ ਬਨਾਉਣ ਲਈ ਸਿਰ ਤੋੜ ਯਤਨ ਕਰਦੇ ਹਨ। ਪਰ ਲੜਕੀ ਨੂੰ ਇਸਦੇ ਮੁਕਾਬਲੇ ਲਾਵਾਰਸ ਛੱਡ ਦਿੱਤਾ ਜਾਂਦਾ ਹੈ। ਫਿਰ ਵੀ ਲੜਕੀਆਂ ਲੜਕਿਆਂ ਨਾਲੋਂ ਕਿਤੇ ਅੱਗੇ ਨਿਕਲ ਜਾਂਦੀਆਂ ਹਨ ਤਾਂ ਉਹ ਇਸ ਮੁਕਾਮ ਤੱਕ ਪਹੁੰਚ ਜਾਂਦੀਆਂ ਹਨ ਜਿਸ ਦੀ ਮਾਪਿਆਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਤਾਂ ਫਿਰ ਅਖੀਰ ਵਿੱਚ ਜਦੋਂ ਗੱਲ ਵਿਆਹ ਸ਼ਾਂਦੀ ਤੇ ਪਹੁੰਚ ਜਾਂਦੀ ਹੈ ਤੇ ਉਸ ਮੌਕੇ ਲੜਕਾ ਹੋਣ ਦੇ ਫਕਰ ਤੇ ਵੰਸ਼ ਨੂੰ ਅੱਗੇ ਵਧਾਉਣ ਵਾਲੇ ਦਾ ਜਨਮ ਤੋਂ ਲੈਕੇ ਪੜ੍ਹਾਈ ਤੱਕ ਦਾ ਖਰਚਾ ਮਾਪੇ ਲੜਕੀ ਦੇ ਮਾਪਿਆਂ ਤੋਂ ਵਸੂਲਣ ਲਈ ਦਾਜ ਦੇ ਰੂਪ ਵਿੱਚ ਸੌਦਾ ਕਰਦੇ ਹਨ। ਤੇ ਕਹਿੰਦੇ ਹਨ ਅਸੀਂ ਕੁੱਝ ਨਹੀਂ ਲੈਣਾ ਜੋ ਕੁੱਝ ਦੇਣਾ ਹੈ ਤੁਸੀਂ ਆਪਣੀ ਧੀ ਨੂੰ ਦੇਣਾ ਹੈ। ਇੱਥੇ ਲੜਕੀ ਦੇ ਮਾਪੇ ਆਪਣੀ ਲੜਕੀ ਦੀ ਮਿਹਨਤ ਤੇ ਯੋਗਤਾ ਨੂੰ ਜੀਰੋ ਕਰ ਦਿੰਦੇ ਹਨ। ਅਤੇ ਲੜਕੇ ਦੇ ਮਾਪਿਆਂ ਨੂੰ ਸਵਾਲ ਨਹੀਂ ਕਰਦੇ ਸਗੋਂ ਇੱਥੇ ਸਵਾਲ ਕਰਨੇ ਚਾਹੀਦੇ ਹਨ ਪਰ ਉਹ ਇਹ ਨਹੀਂ ਕਰਦੇ, ਮਨ ਹੀ ਮਨ ਸਮਝੋਤਾ ਕਰਦੇ ਹਨ ਚਲੋ ਦਾਜ ਤਾਂ ਮੰਗ ਲਿਐ ਤਾਂ ਕੀ ਹੋਇਆ ਆਪਾਂ ਤਾਂ ਲੜਕੀ ਨੂੰ ਬਾਰੋਂ ਉਠਾਉਣਾ ਹੈ ਤੇ ਇਹ ਜੋ ਰੁਪਏ ਹਨ ਉਹ ਆਪਾਂ ਇਸ ਲਈ ਕਮਾਉਂਦੇ ਹਾਂ ਕਿ ਸਾਡੀ ਔਲਾਦ ਸੁਖੀ ਵਸੇ। ਪਰ ਆਪਣੀ ਬੱਚੀ ਦੀ ਕਾਬਲੀਅਤ ਬਾਰੇ ਇੱਕ ਵਾਰ ਵੀ ਨਹੀਂ ਸੋਚਦੇ। ਆਖਦੇ ਹਨ ਚਲੋ ਸਾਡੀ ਔਲਾਦ ਸੁਖੀ ਵਸੇ। ਇੱਥੇ ਹੀ ਬਸ ਨਹੀ ਜੇਕਰ ਲੜਕੀ ਕਿਤੇ ਨੌਕਰੀ ਕਰਦੀ ਹੈ ਤਾਂ ਫਿਰ ਵੀ ਉਸਤੇ ਜੁਲਮ ਹੁੰਦੇ ਬੰਦ ਨਹੀਂ ਹੁੰਦੇ ਕਿਉਂਕਿ ਆਪਣੀ ਡਿਊਟੀ ਜਾਣ ਤੋਂ ਪਹਿਲਾਂ ਸਾਰਾ ਘਰ ਦਾ ਕੰਮ ਨਿਪਟਾਕੇ ਜਾਂਦੀ ਹੈ ਤੇ ਆਉਣ ਵਾਲੇ ਫਿਰ ਸਾਰਾ ਕੰਮ ਘਰ ਦਾ ਤਿਆਰ ਪਿਆ ਹੁੰਦੈ ਪਰ ਜਦੋਂ ਪਰਿਵਾਰ ਦੇ ਬਰਾਬਰ ਇਹ ਕੰਮ ਕਰਦੀ ਹੈ ਤਾਂ ਕੰਮ ਵੀ ਉਸਨੂੰ ਵੰਡ ਮੁਤਾਬਕ ਹੀ ਆਉਣਾ ਚਾਹੀਦਾ ਹੈ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਬਸ ਵਿਚਾਰੀ ਮਾਂਪਿਆਂ ਦੇ ਬੋਲ ਪੁਗਾਉਂਦੀ ਹੈ ਅਤੇ ਆਪਣੀਆਂ ਕਦਰਾਂ ਕੀਮਤਾਂ ਨਾਲ ਸਮਝੌਤਾ ਕਰਨਾ ਪੈਂਦਾ ਹੈ। ਇਹ ਸਮਝੌਤਾ ਜੋ ਸਾਰੀ ਉਮਰ ਨਿਭਾਉਂਦੀ ਹੈ, ਇਹ ਸਮਝੌਤਾ ਚਿਖਾ ਦੀ ਰਾਖ ਬਨਣ ਤੱਕ ਨਿਭਾਉਂਦੀ ਹੋਈ ਅੰਤਰ ਆਤਮਾ ਮਿੱਟੀ ਵਿੱਚ ਬਣਕੇ ਧਰਤੀ ਮਾਂ ਦੀ ਗੋਦ ਵਿੱਚ ਹਮੇਸ਼ਾ ਹਮੇਸ਼ਾ ਲਈ ਸੌਂ ਜਾਂਦੀ ਹੈ ਪਰ ਉਹ ਆਪਣੇ ਪੈਦਾ ਕਰਨ ਵਾਲੇ ਤੇ ਪਾਲਣ ਪੋਸ਼ਣ ਕਰਨ ਵਾਲੇ ਨਾਲ ਕਦੇ ਸ਼ਿਕਵਾ ਨਹੀਂ ਕਰਦੀ ਅਤੇ ਲੜਕੀ, ਧੀ ਤੋਂ ਬਣੀ ਮਾਂ ਸਾਡੀ ਧਰਤੀ ਮਾਂ ਵਾਂਗ ਹਮੇਸ਼ਾ ਹੀ ਪਾਪੀਆਂ, ਗੁਨਾਹਗਾਰਾਂ ਦਾ ਬੋਝ ਭਾਰ ਚੁੱਕਦੀਆਂ ਹਨ ਅਤੇ ਉਫ ਤੱਕ ਨਹੀਂ ਕਰਦੀਆਂ, ਇਹੋ ਲੜਕੀਆਂ ਆਪਣੇ ਮਾਂ ਬਾਪ ਦੀ ਦੁਖ ਤਕਲੀਫਾਂ ਸੁਣਦੀਆਂ ਹਨ ਹਮੇਸ਼ਾ ਆਪਣੇ ਮਾਂ ਬਾਪ ਦਾ ਸਾਇਆ ਬਣਕੇ ਚਲਦੀਆਂ ਹਨ ਪਰ ਪਿਤਾ ਨੂੰ ਉਸ ਵੇਲੇ ਮਹਿਸੂਸ ਹੁੰਦਾ ਹੈ ਪੁੱਤ ਤੇ ਧੀ ਦਾ ਫਰਕ। ਉਹ ਪਿਤਾ ਜਿਸ ਨੇ ਆਪਣੇ ਪੁੱਤ ਤੇ ਸਭ ਕੁੱਝ ਨਿਛਾਵਰ ਕਰ ਦਿੱਤਾ ਹੁੰਦਾ ਹੈ ਪਰ ਉਹੀ ਧੀ ਜਿਸ ਨੂੰ ਉਸਨੇ ਅਣਗੌਲਿਆ ਕਰਕੇ ਪੜ੍ਹਾਈ ਤੋੇ ਕਿੰਤੂ ਪਰੰਤੂ ਕਰਦਾ ਸੀ ਕਿ ਤੂੰ ਪੜ੍ਹਕੇ ਕੀ ਕਰਨਾ ਹੈ? ਪਰ ਅੱਜ ਵੀ ਸਾਡੀ ਸੋਚ ਵਿੱਚ ਬਹੁਤਾ ਫਰਕ ਨਹੀਂ ਪਿਆ, ਉਸਨੂੰ ਓਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਜਿਸ ਦੀ ਉਹ ਹੱਕਦਾਰ ਹੈ। ਅਜੇ ਵੀ ਭਰੂਣ ਹੱਤਿਆ ਕਰਨ ਤੋਂ ਮਾਪੇ ਕੋਈ ਮੌਕਾ ਨਹੀਂ ਗਵਾਉਂਦੇ, ਅਖੀਰ ਵਿੱਚ ਅਮੀਰ ਦੇ ਲਾਡਲੇ ਪੁੱਤਰ ਤੇ ਧੀ ਦੇ ਫਰਕ ਵਿੱਚ ਪਤਾ ਚੱਲਿਆ ਹੈ ਕਿ ਧੀਆਂ ਵੀ ਪੁੱਤਰਾਂ ਵਰਗੀਆਂ ਹੁੰਦੀਆਂ ਹਨ। ਸਾਨੂੰ ਸਾਡੀ ਸੋਚ ਵਿੱਚ ਬਦਲਾਅ ਲਿਆਉਣਾ ਅਤਿ ਜਰੂਰੀ ਹੈ।