ਬੋਰ ਵਾਲੀ ਮਸ਼ੀਨ ਨਾਲ ਵਾਪਰੇ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ

ਰਾਮਪੁਰਾ ਫੂਲ, 31 ਮਾਰਚ (ਮੰਦੀਪ ਢੀਂਗਰਾ, ਮੱਖਣ ਬੁੱਟਰ)- ਨੇੜਲੇ ਪਿੰਡ ਫੂਲੇਵਾਲਾ ਦੇ ਇੱਕ ਮਜਦੂਰ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਕਿਯੂ ਡਕੌਦਾ ਦੇ ਜਿਲਾ ਜਨਰਲ ਸਕੱਤਰ ਅਤੇ ਪਿੰਡ ਫੂਲੇਵਾਲਾ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ 25 ਸਾਲ ਪੁੱਤਰ ਬਲਦੇਵ ਸਿੰਘ ਜੋ ਕਿ ਪਾਣੀ ਦੇ ਬੋਰ ਪੁੱਟਣ ਵਾਲੀ ਮਸ਼ੀਨ ਤੇ ਕੰਮ ਕਰਦਾ ਸੀ ਆਪਣੇ ਸਾਥੀਆ ਨਾਲ ਪਿੰਡ ਨੈਣੇਵਾਲਾ ਵਿਖੇ ਕਿਸੇ ਕਿਸਾਨ ਦੇ ਖੇਤ ਬੋਰ ਕਰਨ ਜਾ ਰਿਹਾ ਸੀ। ਜਦੋ ਉਹ ਪਿੰਡ ਮਹਿਰਾਜ ਵਿਖੇ ਪਹੁੰਚੇ ਤਾਂ ਗੁਰਜੀਤ ਸਿੰਘ ਜੋ ਕਿ ਬੋਰ ਵਾਲੀ ਮਸ਼ੀਨ ਦੇ ਨਾਲ ਨਾਲ ਆਪਣੇ ਮੋਟਰ ਸਾਈਕਲ ਤੇ ਸਾਥੀ ਨਾਲ ਜਾ ਰਿਹਾ ਸੀ ਤਾਂ ਅਚਾਨਕ ਉਹ ਸੜਕ ਤੇ ਚੱਲਦੀ ਮਸ਼ੀਨ ਤੇ ਚੜਣ ਲੱਗਾ ਤਾਂ ਉਸਦਾ ਪੈਰ ਫਿਸਲ ਗਿਆ।ਜਿਸ ਕਾਰਨ ਉਹ ਮਸ਼ੀਨ ਦੇ ਟਾਇਰ ਥੱਲੇ ਆ ਗਿਆ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਥਾਣਾ ਸਿਟੀ ਰਾਮਪੁਰਾ ਵਿਖੇ ਪਹੁੰਚੇ ਪਿੰਡ ਫੂਲੇਵਾਲਾ ਦੇ ਪੰਚ ਦਾਰਾ ਸਿੰਘ,ਬਿੰਦਰ ਸਿੰਘ ਆਦਿ ਨੇ ਪ੍ਰਸ਼ਾਸਨ ਤੇ ਸੂਬਾ ਸਰਕਾਰ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਗੁਰਜੀਤ ਸਿੰਘ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ। ਇਸ ਹਾਦਸੇ ਸੰਬੰਧੀ ਪੜਤਾਲੀਆ ਅਫਸਰ ਕੇਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਕੁਲਵੰਤ ਕੌਰ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ।

Send this to a friend