ਤਲਵੰਡੀ ਸਾਬੋ, 26 ਮਾਰਚ (ਰਾਮ ਰੇਸ਼ਮ ਨਥੇਹਾ)- ਪਿਛਲੀ ਸਰਕਾਰ ਸਮੇਂ ਦੇ ਆਟਾ ਦਾਲ ਕਾਰਡਾਂ ਨੂੰ ਨਵੀਂ ਸਰਕਾਰ ਬਣਨ ਉਪਰੰਤ ਕੱਟੇ ਜਾਣ ਦੇ ਦੋਸ਼ਾਂ ਤਹਿਤ ਬਹੁਜਨ ਸਮਾਜ ਪਾਰਟੀ ਨੇ ਅੱਜ ਤਹਿਸੀਲ ਕੰਪਲੈਕਸ ਦਾ ਘਿਰਾਉ ਕਰਦਿਆਂ ਪੰਜਾਬ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜੀ ਕੀਤੀ।ਬਸਪਾ ਆਗੂਆਂ ਨੇ ਇਸ ਪ੍ਰਧਾਨ ਮੰਤਰੀ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਸੰਬੋਧਨ ਦੌਰਾਨ ਬਸਪਾ ਆਗੂਆਂ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਸਮੁੱਚੇ ਸੂਬੇ ਅੰਦਰ 40 ਪ੍ਰਤੀਸ਼ਤ ਦੇ ਕਰੀਬ ਯੋਗ ਲਾਭਪਾਤਰੀਆਂ ਦੇ ਆਟਾ ਦਾਲ ਕਾਰਡ ਕੱਟ ਦਿੱਤੇ ਹਨ ਜਿਸ ਕਰਕੇ ਗਰੀਬਾਂ ਦੇ ਚੁੱਲੇ ਬਲਣੇ ਮੁਸ਼ਕਿਲ ਹੋਏ ਪਏ ਹਨ।ਪਾਰਟੀ ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਮੰਗ ਪੱਤਰ ਵਿੱਚ ਲਿਖਿਆ ਕਿ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ/ਮਜਦੂਰਾਂ ਨੂੰ ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਵਿੱਚ ਐਲਾਨਿਆ ਮੁਆਵਜਾ ਵੀ ਅਜੇ ਤੱਕ ਸਰਕਾਰ ਨੇ ਨਹੀ ਦਿੱਤਾ ਤੇ ਨਾਂ ਹੀ ਬਜਟ ਵਿੱਚ ਇਸ ਸਬੰਧੀ ਕੋਈ ਐਲਾਨ ਕੀਤਾ ਗਿਆ।ਉਨਾਂ ਕਿਹਾ ਕਿ ਮਨਰੇਗਾ ਮਜਦੂਰਾਂ ਨੂੰ ਸਹੀ ਸਮੇਂ ਤੇ ਮਜਦੂਰੀ ਨਹੀ ਦਿੱਤੀ ਜਾ ਰਹੀ, ਵਿਦਿਆਰਥੀਆਂ ਦੇ ਵਜੀਫੇ ਵੀ ਸੂਬਾ ਸਰਕਾਰ ਨਹੀ ਦੇ ਰਹੀ, ਮੁਲਾਜ਼ਮਾਂ ਦੇ ਖਿਲਾਫ ਜਾ ਕੇ ਗੁਰੂੁ ਨਾਨਕ ਦੇਵ ਥਰਮਲ ਪਲਾਂਟ ਬੰਦ ਕਰ ਦਿੱਤਾ ਗਿਆ ਹੈ, ਆਂਗਣਬਾੜੀ ਮੁਲਾਜਮਾਂ ਨੂੰ ਹੱਕੀ ਮੰਗਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਖੁਦ ਦਖਲ ਦੇ ਕੇ ਸੂਬੇ ਦੇ ਸਾਰੇ ਕਿਸਾਨਾਂ ਮਜਦੂਰਾਂ ਸਿਰ ਚੜਿਆ ਕਰਜਾ ਮੁਆਫ ਕਰਵਾਉਣ ਅਤੇ ਸਮੁੱਚੇ ਕੱਟੇ ਆਟਾ ਦਾਲ ਕਾਰਡ ਮੁੜ ਬਹਾਲ ਕਰਵਾਉਣ। ਧਰਨੇ ਵਿੱਚ ਬਸਪਾ ਦੇ ਜਿਲ੍ਹਾ ਪ੍ਰਧਾਨ ਮੇਜਰ ਸਿੰਘ ਬੀ.ਏ., ਮਾ.ਜਗਦੀਪ ਸਿੰਘ ਗੋਗੀ ਸੂਬਾ ਸਕੱਤਰ,ਹਰਜਿੰਦਰ ਸਿੰਘ ਮਿੱਠਨ ਹਲਕਾ ਇੰਚਾਰਜ ਬਸਪਾ, ਸੀਨ:ਆਗੂ ਲਖਵੀਰ ਸਿੰਘ ਨਿੱਕਾ, ਰਣਧੀਰ ਸਿੰਘ ਧੀਰਾ ਜਿਲ੍ਹਾ ਸਕੱਤਰ ਆਦਿ ਆਗੂ ਹਾਜਿਰ ਸਨ।