ਬਠਿੰਡਾ, 25 ਮਾਰਚ (ਇੰਦਰਜੀਤ ਨਥਾਣਾ)- ਬਾਬਾ ਫ਼ਰੀਦ ਕਾਲਜ ਬਠਿੰਡਾ ਵਿਖੇ 5 ਦਿਨਾਂ ਦੂਸਰੇ ‘ਇੰਸਪਾਇਰ ਸਾਇੰਸ ਇੰਟਰਨਸ਼ਿਪ ਕੈਂਪ’ ਦੀ ਅੱਜ ਬੜੇ ਉਤਸ਼ਾਹ ਅਤੇ ਜੋਸ਼ ਨਾਲ ਸ਼ੁਰੂਆਤ ਹੋਈ। ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਸਪਾਂਸਰ ਇਸ ਕੈਂਪ ਦਾ ਮੁੱਖ ਮੰਤਵ ਦੇਸ਼ ਦੇ ਨੋਜਵਾਨ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਉਤਸੁਕਤਾ ਪੈਦਾ ਕਰਨਾ ਅਤੇ ਵਿਗਿਆਨ ਦੀ ਪੜ੍ਹਾਈ ਕਰ ਰਹੇ ਛੋਟੀ ਉਮਰ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਖੋਜ ਕਾਰਜ ਕਰਨ ਲਈ ਆਕਰਸ਼ਿਤ ਕਰਨਾ ਹੈ। ਇਸ ਕੈਂਪ ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਪ੍ਰੋ. (ਡਾ.) ਆਰ. ਕੇ. ਕੋਹਲੀ ਵਾਇਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਅਤੇ ਵਿਸ਼ੇਸ਼ ਮਹਿਮਾਨ ਪ੍ਰੋ. (ਡਾ.) ਸ਼ਰਦ ਪੀ. ਕਾਲੇ (ਪਦਮ ਸ਼੍ਰੀ ) ਪ੍ਰਮੁੱਖ ਵਿਗਿਆਨੀ, ਭਾਬਾ ਅਟੋਮਿਕ ਰਿਸਰਚ ਸੈਂਟਰ, ਮੁੰਬਈ ਨੇ ਸ਼ਮਾਂ ਰੋਸ਼ਨ ਕਰਕੇ ਇਸ ਕੈਂਪ ਦੀ ਸ਼ੂਰੁਆਤ ਕੀਤੀ। ਦੱਸਣ ਯੋਗ ਹੈ ਕਿ ਇਸ ਕੈਂਪ ਵਿੱਚ ਇਸ ਖਿੱਤੇ ਦੇ 20 ਵੱਖ-ਵੱਖ ਸਕੂਲਾਂ ਤੋਂ ਕੁੱਲ 173 ਵਿਦਿਆਰਥੀ ਬਹੁਤ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ । ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਉਚ ਕੋਟੀ ਦੇ ਵਿਗਿਆਨੀ ਜਿੰਨ੍ਹਾਂ ਵਿੱਚ ਆਈ.ਆਈ. ਟੀਜ਼, ਪੰਜਾਬ ਯੂਨੀਵਰਸਿਟੀ ਅਤੇ ਹੋਰ ਉਚ ਪੱਧਰ ਦੇ ਵਿੱਦਿਅਕ ਅਦਾਰਿਆਂ ਤੋਂ ਭਟਨਾਗਰ ਐਵਾਰਡੀ ਅਤੇ ਪਦਮ ਐਵਾਰਡੀ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ। ਅੱਜ ਸਭ ਤੋ ਪਹਿਲਾਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਇਹ ਮਾਲਵਾ ਖਿੱਤੇ ਦਾ ਦੂਸਰਾ ਇੰਸਪਾਇਰ ਕੈਂਪ ਹੈ ਜੋ ਸਿਰਫ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਹੀ ਲੱਗਿਆ ਹੈ। ਉਨ੍ਹਾਂ ਮਾਣ ਮਹਿਸੂਸ ਕਰਦਿਆਂ ਕਿਹਾ ਇਹ ਕੈਂਪ ਭਾਰਤ ਸਰਕਾਰ ਵੱਲੋਂ ਪੂਰੀ ਤਰ੍ਹਾਂ ਸਪਾਂਸਰ ਕੈਂਪ ਹੈ ਜੋ ਆਮ ਤੋਰ ਤੇ ਸਰਕਾਰੀ ਸੰਸਥਾਵਾਂ ਵਿਖੇ ਹੀ ਆਯੋਜਿਤ ਕੀਤੇ ਜਾਂਦੇ ਹਨ ਪਰ ਇਹ ਇਹ ਕੈਂਪ ਪ੍ਰਾਈਵੇਟ ਸੰਸਥਾ ਵਿੱਚ ਲੱਗਾ ਹੈ ਜੋ ਸਾਡੀ ਇੱਕ ਵੱਡੀ ਉਪਲੱਬਧੀ ਹੈ । ਉਨ੍ਹਾਂ ਕਿਹਾ ਜਿਸ ਖੇਤਰ ਵਿੱਚ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਪਛੜ ਰਹੀਆਂ ਹਨ , ਉਸੇ ਖੇਤਰ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬੜੀ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਸੰਸਥਾ ਦੇ ਚਾਰ ਥੰਮ ਸਕੂਲ ਆਫ਼ ਸਕਿੱਲ ਡਿਵੈਲਪਮੈਂਟ, ਸਕੂਲ ਆਫ਼ ਕੰਪੀਟੀਟਵ ਸਟੱਡੀਜ਼, ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਅਤੇ ਸਕੂਲ ਆਫ਼ ਇੰਟਪ੍ਰੀਨਿਓਰਸ਼ਿਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਵਰਲਡ ਸਕਿੱਲ ਕੰਪੀਟੀਸ਼ਨ ਵਾਸਤੇ ਪੰਜਾਬ ਸਰਕਾਰ ਦੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਸਾਡੀ ਸੰਸਥਾ ਨੂੰ ‘ਨਾਲੇਜ ਪਾਰਟਨਰ’ ਬਣਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਲਗਾਤਾਰ ਰਿਸਰਚ ਦੇ ਖੇਤਰ ਵਿੱਚ ਕਾਰਜਸ਼ੀਲ ਹੈ ਜਿਸ ਦੀ ਬਦੌਲਤ ਲੱਖਾਂ ਰੁਪਏ ਦੇ ਰਿਸਰਚ ਪ੍ਰੋਜੈਕਟ ਭਾਰਤ ਕੋਲ ਜਮਾਂ ਕਰਵਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ 4 ਪੇਟੇਂਟ ਕਰਵਾਏ ਜਾ ਰਹੇ ਹਨ। ਸੰਸਥਾ ਦੀ ਆਪਣੀ ਬੌਧਿਕ ਸੰਪਤੀ ਅਧਿਕਾਰ ਨੀਤੀ (ਆਈ. ਪੀ. ਆਰ . ਪਾਲਸੀ) ਹੈ ਅਤੇ ਇਥੋ ਦੀ ਫੈਕਲਟੀ ਮੈਂਬਰਾਂ ਨੇ ਪਿਛਲੇ ਇੱਕ ਸਾਲ ਵਿੱਚ 100 ਤੋਂ ਵਧੇਰੇ ਖੋਜ ਪੱਤਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਪੇਸ਼ ਕੀਤੇ ਹਨ । ਉਹਨਾਂ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਹੋਣ ਵਾਲਾ ਇਸ ਮਹੀਨੇ ਦਾ ਇਹ ਤੀਸਰਾ ਸਮਾਗਮ ਹੈ ਜੋ ਭਾਰਤ ਸਰਕਾਰ ਤੋਂ ਸਪਾਂਸਰ ਹੈ । ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਿੰਦਗੀ ਵਿੱਚ ਮਿਲੇ ਮੌਕਿਆਂ ਦਾ ਲਾਭ ਜਰੂਰ ਉਠਾਉਣਾ ਚਾਹੀਦਾ ਹੈ। ਇਸ ਕੈਂਪ ਦੇ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. (ਡਾ.) ਆਰ. ਕੇ. ਕੋਹਲੀ ਵਾਇਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਆਪਣੀਆਂ ਸੁੱਭ ਕਾਮਨਾਵਾਂ ਦਿੱਤੀਆਂ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਬਾਬਾ ਫ਼ਰੀਦ ਗੁਰੱਪ ਆਫ਼ ਇੰਸਟੀਚਿਊਸ਼ਨਜ਼ ਦੀ ਸਮੁੱਚੀ ਮੈਨੇਜਮੈਂਟ ਨੂੰ ਇਸ ਕੈਂਪ ਦੇ ਆਯੋਜਨ ਲਈ ਵਧਾਈ ਦਿੱਤੀ । ਉਹਨਾਂ ਆਪਣੇ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਜੁੜਨ ਦੇ ਮੰਤਵ, ਵਿਗਿਆਨ ਦੀ ਮਹੱਤਤਾ, ਖੋਜ ਦੀ ਮਹੱਤਤਾ ਅਤੇ ਕੈਰੀਅਰ ਗਾਇਡੈਂਸ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਉਹਨਾਂ ਨੇ ਖੋਜ ਅਤੇ ਪਸਾਰ ਲਈ ਸਰਕਾਰੀ ਫੰਡਿਗ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਤਸੱਲੀਬਖ਼ਸ ਜਵਾਬ ਵੀ ਦਿੱਤੇ। ਇਸ ਕੈਂਪ ਦੇ ਪਹਿਲੇ ਦਿਨ ਦੇ ਵਿਸ਼ੇਸ਼ ਮਹਿਮਾਨ ਪ੍ਰੋ. (ਡਾ.) ਸ਼ਰਦ ਪੀ. ਕਾਲੇ (ਪਦਮ ਸ਼੍ਰੀ ) ਪ੍ਰਮੁੱਖ ਵਿਗਿਆਨੀ, ਭਾਬਾ ਅਟੋਮਿਕ ਰਿਸਰਚ ਸੈਂਟਰ, ਮੁੰਬਈ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੋਈ ਵੀ ਵਿਅਕਤੀ ਆਪਣੇ ਹੁਨਰ ਅਤੇ ਕੁਸ਼ਲਤਾ ਦੀ ਸਾਰਥਿਕ ਰੂਪ ਵਿੱਚ ਸਹੀ ਵਰਤੋ ਕਰਕੇ ਸਫਲ ਹੋ ਸਕਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਸਾਨ, ਅਧਿਆਪਕ ਅਤੇ ਵਿਗਿਆਨੀ ਬਨਣ ਲਈ ਪ੍ਰੇਰਿਤ ਕੀਤਾ ਕਿਉਂਕਿ ਅੱਜ ਇਹਨਾਂ ਤਿੰਨਾਂ ਕਿੱਤਿਆ ਦੀ ਦੁਨੀਆਂ ਨੂੰ ਬਹੁਤ ਲੋੜ ਹੈ। ਉਹਨਾਂ ਨੇ ਆਪਣੇ ਖੋਜ ਕਾਰਜ ਬਾਰੇ ਵਿਚਾਰ ਸਾਂਝੇ ਕਰਦਿਆਂ ਕੁਦਰਤ ਤੋਂ ਲੈ ਕੇ ਕੁਦਰਤ ਨੂੰ ਵਾਪਸ ਦੇਣ ਦਾ ਸਬਕ ਸਮਝਾਇਆ। ਉਹਨਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਵਿਦਿਆਰਥੀ ਵਾਤਾਵਰਣਿਕ ਇਕਨੋਮਿਕਸ ਨੂੰ ਮੱਦੇ ਨਜ਼ਰ ਰੱਖ ਕੇ ਕਾਰਜ ਕਰਨ। ਪੌਦਿਆਂ ਅਤੇ ਕਿਤਾਬਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਘੱਟੋ ਘੱਟ 3 ਪੌਦੇ ਲਗਾ ਕੇ ਉਸਦੀ ਪਾਲਣਾ ਕਰਨ ਅਤੇ ਨਵੀਆਂ ਕਿਤਾਬਾਂ ਪੜਨ ਦੀ ਲੋੜ ’ਤੇ ਜ਼ੋਰ ਦਿੱਤਾ । ਉਹਨਾਂ ਨੇ ਵਿਦਿਆਰਥੀਆਂ ਨੂੰ ਕਹਾਣੀਆਂ ਰਾਹੀਂ ਵਿਗਿਆਨ ਦੇ ਖੇਤਰ ਵੱਲ ਰੁਚਿਤ ਕੀਤਾ ਅਤੇ ਕਵਿਤਾ ਰਾਹੀਂ ਪਾਣੀ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ । ਇਸ ਉਪਰੰਤ ਸੰਸਥਾ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ, ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ.ਡੀ. ਸ਼ਰਮਾ ਅਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵੱਖ-ਵੱਖ ਕਾਲਜਾਂ/ਸਕੂਲਾਂ ਦੇ ਪ੍ਰਿੰਸੀਪਲ ਅਤੇ ਵੱਖ-ਵੱਖ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ। ਅੰਤ ਵਿੱਚ ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ ਨੇ ਸਭਨਾਂ ਲਈ ਧੰਨਵਾਦੀ ਸ਼ਬਦ ਕਹੇ।