ਮੋਰਿੰਡਾ ਨੇੜੇ ਮੁੱਖ ਮਾਰਗ ’ਤੇ ਕਾਰਾਂ ਦੀ ਆਹਮੋ ਸਾਹਮਣੀ ਟੱਕਰ

ਮੋਰਿੰਡਾ, 25 ਮਾਰਚ (ਹਰਜਿੰਦਰ ਸਿੰਘ ਛਿੱਬਰ)- ਰਾਸ਼ਟਰੀ ਮਾਰਗ 95 ’ਤੇ ਦੋ ਕਾਰਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿੱਚ ਦੋਵੇਂ ਗੱਡੀਆਂ ਦੇ ਬੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਦਕਿ ਇਨ੍ਹਾਂ ਦੋਵਾਂ ਗੱਡੀਆਂ ਦੀ ਟੱਕਰ ਦੀ ਲਪੇਟ ’ਚ ਆਉਣ ਕਾਰਨ ਇੱਕ ਮੋਟਰਸਾਇਕਲ ਸਵਾਰ ਦੀ ਬਾਂਹ ਟੁੱਟ ਜਾਣ ਅਤੇ ਗੰਭੀਰ ਜਖ਼ਮੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮੋਰਿੰਡਾ ਤੋਂ ਚੰਡੀਗੜ੍ਹ ਸਾਇਡ ਨੂੰ ਜਾ ਰਹੀ ਇੱਕ ਬਲੈਨੋ ਕਾਰ ਰਜਿਸ਼ਟ੍ਰੇਸ਼ਨ ਨੰਬਰ ਪੀ.ਬੀ.65 ਏ.ਐਲ 0021 ਅਤੇ ਚੰਡੀਗੜ੍ਹ ਸਾਇਡ ਤੋਂ ਆ ਰਹੀ ਸਵਿਫ਼ਟ ਕਾਰ ਨੰਬਰ ਪੀ.ਬੀ.12 ਡਬਲਯੂ. 9464 ਦੀ ਰਾਮਬਾਗ ਰੋਡ ਨਜ਼ਦੀਕ ਬਣੇ ਰੇਲਵੇ ਪੁਲ ’ਤੇ ਚੜ੍ਹਨ ਅਤੇ ਉਤਰਨ ਸਮੇਂ ਆਪਸੀ ਟੱਕਰ ਹੋ ਗਈ। ਇਸ ਭਿਆਨਕ ਐਕਸੀਡੈਂਟ ਵਿੱਚ ਭਾਂਵੇ ਦੋਵੇਂ ਗੱਡੀਆਂ ਨੁਕਸਾਨੀਆਂ ਗਈ ਪ੍ਰੰਤੂ ਕਾਰ ਚਾਲਕਾਂ ਅਤੇ ਕਾਰ ਸਵਾਰਾਂ ਦਾ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਦੋਵੇਂ ਕਾਰਾਂ ਦੀ ਆਪਸੀ ਟੱਕਰ ਵਿੱਚ ਮੋਰਿੰਡਾ ਦਾ ਵਸਨੀਕ ਅਬਦੁਲ ਹੂਸੈਨ ਜੋ ਕਿ ਅਪਣੇ ਮੋਟਰਸਾਇਕਲ ਨੰਬਰ ਪੀ.ਬੀ.12 ਏ.ਏ. 1584 ’ਤੇ ਆ ਰਿਹਾ ਇਸ ਦੀ ਲਪੇਟ ’ਚ ਆ ਗਿਆ। ਜਿਸ ਕਾਰਨ ਜਿਥੇ ਮੋਟਰਸਾਇਕਲ ਚਕਨਾਚੂਰ ਹੋ ਗਿਆ ਉਥੇ ਹੀ ਇਸ ਦੇ ਸਵਾਰ ਅਬਦੁਲ ਹੂਸੈਨ ਦੀ ਬਾਂਹ ਟੁੱਟ ਗਈ ਅਤੇ ਉਹ ਗੰਭੀਰ ਜਖ਼ਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਹਾਈਵੇ ਪੈਟਰੋ¦ਿਗ ਟੀਮ ਦੇ ਮੈਂਬਰ ਹੋਲਦਾਰ ਪ੍ਰਗਟ ਸਿੰਘ ਅਤੇ ਉਸਦੇ ਸਾਥੀ ਡਰਾਇਵਰ ਨੇ ਜਖ਼ਮੀ ਵਿਅਕਤੀ ਨੂੰ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿੱਖੇ ਦਾਖ਼ਲ ਕਰਵਾਇਆ। ਖ਼ਬਰ ਲਿਖੇ ਜਾਣ ਤੱਕ ਡਾਕਟਰਾਂ ਨੇ ਜਖ਼ਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਅਗਲੇ ਇਲਾਜ਼ ਲਈ ਚੰਡੀਗੜ੍ਹ ਹਸਪਤਾਲ ਲਈ ਰੈਫ਼ਰ ਕਰ ਦਿੱਤਾ।

Send this to a friend