1 ਅਪ੍ਰੈਲ ਤੋਂ ਸਮੁੱਚੇ ਕੰਮ ਦਾ ਬਾਈਕਾਟ ਕਰਾਂਗੇ : ਸਿੰਦਰਪਾਲ ਚਕੇਰੀਆਂ
ਮਾਨਸਾ, 24 ਮਾਰਚ (ਵਕੀਲ ਬਾਂਸਲ)- ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਡੀ.ਐਫ.ਐਸ.ਸੀ. ਦਫ਼ਤਰ ਅੱਗੇ ਸੂਬਾ ਸਕੱਤਰ ਸਿੰਦਰਪਾਲ ਸਿੰਘ ਚਕੇਰੀਆਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਰੋਸ਼ ਰੈਲੀ ਅਤੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2018-19 ਦੀ ਪਾਲਿਸੀ 12 ਮਾਰਚ ਤੋਂ ਜੋ ਸੋਧਿਆ ਹੈ ਉਹ ਸਿਰਫ ਝੂਠਾ ਫਰਾਡ ਹੀ ਹੈ ਜਿਸ ਵਿੱਚ ਕੁੱਝ ਵੀ ਨਵਾਂ ਨਹੀਂ ਹੈ। ਮਜ਼ਦੂਰਾਂ ਕੋਲੋਂ ਕੰਮ ਖੋਹ ਕੇ ਧਨਾਢਾਂ ਨੂੰ ਸੌਪਿਆ ਜਾ ਰਿਹਾ ਹੈ ਜੋ ਸਰਕਾਰ ਦੀ ਗਰੀਬ ਮਾਰੂ ਨੀਤੀਆਂ ਦਾ ਜਿਉਂਦਾ ਜਾਗਦਾ ਸਬੂਤ ਹੈ। ਉਨ੍ਹਾਂ ਕਿਹਾ ਕਿ 22 ਤਾਰੀਖ ਤੋਂ 27 ਤਾਰੀਖ ਤੱਕ ਟੈਂਡਰਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। 27 ਮਾਰਚ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜੋ ਕਿ ਟੈਂਡਰ ਕਾਰਜ ਕਮੇਟੀ ਦੇ ਚੇਅਰਮੈਨ ਹਨ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। 1 ਅਪ੍ਰੈਲ ਤੋਂ ਪੰਜਾਬ ਅੰਦਰ ਸਾਰੇ ਕੰਮਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ। ਜਿਸ ਵਿੱਚ ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਡੀ.ਐਫ.ਐਸ.ਸੀ. ਦਫ਼ਤਰ ਅੱਗੇ ਨਵੀਂ ਪਾਲਿਸੀ ਦੀਆਂ ਕਾਪੀਆਂ ਸਾੜ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਹਰ ਰੋਜ਼ ਗਰੀਬ ਵਰਗ ਲਈ ਨਵੀਆਂ ਮੁਸੀਬਤਾਂ ਖੜ੍ਹੀਆਂ ਕਰ ਰਹੀ ਹੈ। ਗਰੀਬ ਮਜ਼ਦੂਰ ਦੋ ਵਕਤ ਦੀ ਰੋਟੀ ਕਮਾ ਰਹੇ ਸਨ ਉਸ ਨੂੰ ਖੋਹ ਕੇ ਉਨ੍ਹਾਂ ਨੂੰ ਭੁੱਖੇ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਮਨਪ੍ਰੀਤ ਬਾਦਲ ਅਤੇ ਫੂਡ ਸੈਕਟਰੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਿਲ੍ਹਾ ਪ੍ਰਧਾਨ ਭੋਲਾ ਸਿੰਘ, ਮੀਤ ਪ੍ਰਧਾਨ ਨਿਰਮਲ ਦਾਸ, ਡੀਪੂ ਪ੍ਰਧਾਨ ਕਰਮਾ ਸਿੰਘ, ਬੋਘਾ ਸਿੰਘ, ਸੰਦੀਪ ਭੀਖੀ, ਸੁਖਦੇਵ ਸਿੰਘ ਸਾਬਕਾ ਪ੍ਰਧਾਨ, ਦਰਸ਼ਨ ਸਿੰਘ ਬੁਢਲਾਡਾ, ਦਰਸ਼ਨ ਸਿੰਘ ਬਰੇਟਾ, ਸੀਤਾ ਸਿੰਘ ਸਰਦੂਲਗੜ੍ਹ ਆਦਿ ਹਾਜ਼ਰ ਸਨ।