ਜੈਤੋ ’ਚ ਅਦਾਲਤ ਟ ਕੰਪਲੈਕਸ ਸਾਲ ਦੇ ਅੰਦਰ ਬਣੇਗਾ : ਜਸਟਿਸ ਮਾਨ ਤੇ ਧਵਨ

ਜੈਤੋ 24 ਮਾਰਚ (ਸਤਵਿੰਦਰਪਾਲ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ, ਚੇਅਰਮੈਨ ਬਿਲਡਿੰਗ ਕਮੇਟੀ, ਪੰਜਾਬ ਮਾਨਯੋਗ ਟੀ.ਪੀ.ਐਸ. ਮਾਨ ਅਤੇ ਜਸਟਿਸ ਮਾਨਯੋਗ ਸ਼ੇਖਰ ਧਵਨ ਐਡਮਨਿਸਟਰੇਟਿਵ ਜਜ ਫਰੀਦਕੋਟ ਨੇ ਦਫਤਰ ਉਪ ਮੰਡਲ ਅਫਸਰ, ਜੈਤੋ ਵਿਖੇ ਬਣਾਏ ਜਾ ਰਹੇ ਨਵੇਂ ਨਿਆਇਕ ਕੋਰਟ ਕੰਪਲੈਕਸ ਦਾ ਨੀਂਹ ਪਥਰ ਰਖਿਆ। ਇਸ ਮੌਕੇ ਉਨ੍ਹਾਂ ਨਾਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜਜ ਸ. ਸਤਵਿੰਦਰ ਸਿੰਘ , ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ, ਆਈ.ਏ.ਐਸ, ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ, ਆਈ.ਪੀ.ਐੋਸ, ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਕਪਿਲ ਦੇਵ ਸਿੰਗਲਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਸਮਾਗਮ ਦੌਰਾਨ ਨਵੇਂ ਬਣਾਏ ਜਾ ਰਹੇ ਕੋਰਟ ਕੰਪਲੈਕਸ ‘ਚ ਜਜ ਸਾਹਿਬਾਨਾਂ ਵਲੋਂ ਸਵੱਛ ਭਾਰਤ ਮਿਸ਼ਨ ਅਧੀਨ ਪੌਦੇ ਵੀ ਲਗਾਏ ਗਏ। ਜੈਤੋ ਵਿਖੇ ਰਖੇ ਨਿਆਇਕ ਕੋਰਟ ਕੰਪਲੈਕਸ ਦੇ ਨੀਂਹ ਪਥਰ ਸਮਾਗਮ ਦੀ ਸ਼ੁਰੂਆਤ ਜਜ ਸਾਹਿਬਾਨਾਂ ਵਲੋਂ ਸਾਂਝੇ ਤੌਰ ‘ਤੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ । ਇਸ ਉਪਰੰਤ ਸਰਸਵਤੀ ਸਕੂਲ ਜੈਤੋ ਦੇ ਬਚਿਆਂ ਨੇ ਸਰਸਵਤੀ ਵੰਦਨਾ ਦੇ ਨਾਲ ਮੁਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਮਾਗਮ ਦਾ ਆਗਾਜ਼ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਣ ਕਰਕੇ ਕੀਤਾ ਗਿਆ। ਸਮਾਗਮ ‘ਚ ਪਹੁੰਚਣ ‘ਤੇ ਜ਼ਿਲ੍ਹਾ ਦੇ ਸੈਸ਼ਨਜ ਜੱਜ ਸ. ਸਤਵਿੰਦਰ ਸਿੰਘ, ਜ਼ਿਲ੍ਹਾ ਬਾਰ ਐਸੋਸੀਏਸ਼ਨ ਫਰੀਦਕੋਟ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਢਿੱਲੋਂ, ਬਾਰ ਐਸੋਸੀਏਸ਼ਨ ਜੇਤੋ ਦੇ ਪ੍ਰਧਾਨ ਅਜੈ ਪਾਲ ਸਿੰਘ ਸੰਧੂ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ । ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਟੀ.ਪੀ.ਐਸ ਮਾਨ ਨੇ ਕਿਹਾ ਕਿ ਇਤਿਹਾਸਕ ਮਹਤਤਾ ਵਾਲੇ ਜੈਤੋ ਸਬ ਡਵੀਜਨ ਵਿਖੇ ਸਰਕਾਰੀ ਜਮੀਨ ਤੇ 62 ਕਨਾਲਾਂ 12 ਮਰਲੇ ਖ਼ਾਲੀ ਜਮੀਨ ’ਚ ਕੋਰਟ ਜ਼ਮੀਨ ‘ਚ 12 ਕਰੋੜ 58 ਲੱਖਂ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਇਸ ਨਵੇਂ ਨਿਆਇਕ ਕੋਰਟ ਕੰਪਲੈਕਸ ‘ਚ ਦੋ ਅਦਾਲਤਾਂ, ਵਕੀਲਾਂ ਲਈ ਚੈਂਬਰ, ਬਾਰ ਰੂਮ, ਜਜਾਂ ਲਈ ਰਿਹਾਇਸ਼ ਤੋਂ ਇਲਾਵਾ ਏ.ਟੀ.ਐਮ, ਪੋਸਟ ਆਫਿਸ ਆਦਿ ਹਰ ਤਰ੍ਹਾਂ ਦੀਆਂ ਆਧੁਨਿਕ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਇਸ ਨਵੀਂ ਕੋਰਟ ਕੰਪਲੈਕਸ ਦੇ ਬਣਨ ਨਾਲ ਜਜਾਂ ਅਤੇ ਵਕੀਲਾਂ ਲਈ ਇਕ ਵਧੀਆ ਮਾਹੌਲ ਬਣੇਗਾ, ਜਿਸ ਦਾ ਸ਼ਹਿਰ ਵਾਸੀਆਂ ਨੂੰ ਵੀ ਫ਼ਾਇਦਾ ਹੋਵੇਗਾ । ਉਨ੍ਹਾਂ ਕਿਹਾ ਕਿ ਇਮਾਰਤ ਦੇ ਨਿਰਮਾਣ ਲਈ ਪੈਸਾ ਟਰਾਂਸਫ਼ਰ ਹੋ ਚੁਕਿਆ ਹੈ ਅਤੇ ਕਰੀਬ ਇਕ ਸਾਲ ਵਿਚ ਇਹ ਕੋਰਟ ਕੰਪਲੈਕਸ ਬਣ ਕੇ ਤਿਆਰ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਤਕਰੀਬਨ ਨਿਆਇਕ ਕੋਰਟ ਕੰਪਲੈਕਸ ਬਣੇ ਹੋਏ ਹਨ ਅਤੇ ਅਜ ਜੈਤੋ ਸਬ- ਡਵੀਜਨ ਵਿਚ ਵੀ ਨਵੇਂ ਕੋਰਟ ਕੰਪਲੈਕਸ ਦਾ ਨੀਂਹ ਪਥਰ ਰਖਣਾ ਜੈਤੋ ਵਾਸੀਆਂ ਲਈ ਇਕ ਤੋਹਫ਼ਾ ਹੈ। ਇਸ ਮੌਕੇ ਜਸਟਿਸ ਸ਼ੇਖਰ ਧਵਨ ਨੇ ਕਿਹਾ ਕਿ ਨਵੇਂ ਬਣ ਰਹੇ ਨਿਆਇਕ ਕੋਰਟ ਕੰਪਲੈਕਸ ਵਿਚ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ । ਇਹ ਕੋਰਟ ਕੰਪਲੈਕਸ ਸ਼ਹਿਰ ਦੇ ਐਨ ਵਿਚਕਾਰ ਹੈ ਅਤੇ ਜਦੋਂ ਇਹ ਬਣ ਕੇ ਤਿਆਰ ਹੋ ਜਾਵੇਗਾ ਇਸ ਨਾਲ ਆਵਾਜਾਈ ਦੀ ਵੀ ਕੋਈ ਸਮਸਿਆ ਨਹੀਂ ਆਵੇਗੀ। ਸਮਾਗਮ ਦੇ ਆਖੀਰ ‘ਚ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ ਨੇ ਜਜ ਸਾਹਿਬਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਮਾਰਤ ਬਣਨ ਤੋਂ ਪਹਿਲਾਂ ਸਵੱਛ ਭਾਰਤ ਮਿਸ਼ਨ ਤਹਿਤ 1500 ਵੱਖ ਵੱਖ ਤਰ੍ਹਾਂ ਤੇ ਪੌਦੇ ਲਗਾਏ ਜਾਣਗੇ। ਇਸ ਮੌਕੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨਜ ਜੱਜ, ਸੀ.ਜੇ.ਐਮ. ਸਮੇਤ ਜਜ ਸਾਹਿਬਾਨ, ਵਕੀਲ, ਐਕਸੀਅਨ ਆਦੇਸ਼ ਗੁਪਤਾ, ਕੈਮਿਸਟ ਐਸੋਸੀਏਸ਼ਨ, ਪੈਨਸ਼ਨਰਜ ਐਸੋਸੀਏਸ਼ਨ ਦੇ ਮੈਂਬਰ ਵੀ ਮੌਜੂਦ ਸਨ। ਮੰਚ ਸੰਚਾਲਨ ਦੀ ਭੂਮਿਕਾ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਜਸਬੀਰ ਜੱਸੀ ਨੇ ਬਾਖ਼ੂਬੀ ਨਿਭਾਈ।