ਬਠਿੰਡਾ , 22 ਮਾਰਚ (ਇੰਦਰਜੀਤ ਨਥਾਣਾ)- ਬਠਿੰਡਾ ਦੇ ਪਿੰਡ ਬੁਰਜ ਮਹਿਮਾ ਵਿਖੇ ਪਕੀਆਂ ਗਲੀਆਂ-ਨਾਲੀਆਂ ਬਣਨ ਦੇ ਬਾਵਜ਼ੂਦ ਕੁਝ ਕੁ ਲੋਕਾਂ ਵਲੋਂ ਪਾਣੀ ਦੀ ਨਾਜ਼ਾਇਜ਼ ਵਰਤੋਂ ਕਰਕੇ ਸਰਕਾਰੀ ਸੜਕ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਦਿੰਦੇ ਹੋਏ ਆਜ਼ਾਦ ਵੈਲਫ਼ੇਅਰ ਸੁਸਾਇਟੀ ਬਠਿੰਡਾ ਦੇ ਪੀ ਆਰ ਓ ਬਲਵੰਤ ਗੈਵੀ ਮਾਨ , ਕੈਸ਼ੀਅਰ ਅਮਨਦੀਪ ਸਿੰਘ ਬਰਾੜ , ਪਿੰਡ ਦੇ ਸਰਪੰਚ ਸ੍ਰੀਮਤੀ ਛਿੰਦਰ ਕੌਰ, ਸਾਬਕਾ ਮੈਂਬਰ ਬਲਵਿੰਦਰ ਸਿੰਘ ਨੇ ਦਸਿਆ ਕਿ ਕੁਝ ਲੋਕਾਂ ਵਲੋਂ ਪਾਣੀ ਦੀ ਨਾਜਾਇਜ਼ ਵਰਤੋਂ ਕੀਤੀ ਜਾ ਰਹੀ ਹੈ ਅਤੇ ਉਹ ਜਾਣ ਬੁਝ ਕੇ ਵਾਧੂ ਪਾਣੀ, ਪਸ਼ੂਆਂ ਦਾ ਗੋਹਾ ਕੂੜਾ ਤੇ ਚਾਰਾ ਵਗੈਰਾ ਪਕੀਆਂ ਗਲੀਆਂ-ਨਾਲੀਆਂ ਵਿਚ ਵਹਾ ਰਹੇ ਹਨ ਜਿਸ ਨਾਲ ਵਾਧੂ ਪਾਣੀ ਗਲੀਆਂ ਵਿਚ ਦੀ ਹੋ ਕੇ ਸਰਕਾਰੀ ਸੜਕ ‘ਤੇ ਪਹੁੰਚ ਰਿਹਾ ਹੈ ਜਿਸ ਨਾਲ ਸੜਕ ਟੁਟਣ ਦਾ ਖਤਰਾ ਵਧਦਾ ਜਾ ਰਿਹਾ ਹੈ। ਸੜਕ ‘ਤੇ ਪਾਣੀ ਆਉਣ ਕਰਕੇ ਆਵਾਜਾਈ ਵਿਚ ਲੋਕਾਂ ਨੂੰ ਕਾਫ਼ੀ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਇਹਨਾਂ ਘਰਾਂ ਨੂੰ ਦੋ-ਤਿੰਨ ਵਾਰ ਇਤਲਾਹ ਦੇ ਦਿਤੀ ਗਈ ਹੈ ਪਰ ਉਹਨਾਂ ‘ਤੇ ਕੋਈ ਅਸਰ ਨਹੀਂ ਹੋ ਰਿਹਾ, ਸਰਕਾਰ ਵਲੋਂ ਪਾਣੀ ਦੇ ਨਿਕਾਸ ਲਈ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਗਲੀਆਂ-ਨਾਲੀਆਂ ਪਕੀਆਂ ਬਣਾ ਦਿਤੀਆਂ ਗਈਆਂ ਹਨ ਪਰ ਲੋਕਾਂ ਵਲੋਂ ਸੰਭਾਲ ਨਹੀ ਕੀਤੀ ਜਾ ਰਹੀ ਸਗੋਂ ਦੁਰਵਰਤੋਂ ਕੀਤੀ ਜਾ ਰਹੀ ਹੈ । ਸੜਕ ‘ਤੇ ਖੜਾ ਪਾਣੀ ਬਦਬੂ ਮਾਰ ਰਿਹਾ ਤੇ ਮਛਰਾਂ ਨੂੰ ਸਦਾ ਦੇ ਰਿਹਾ ਹੈ। ਆਜ਼ਾਦ ਵੈਲਫ਼ੇਅਰ ਸੁਸਾਇਟੀ ਅਤੇ ਬੁਰਜ ਮਹਿਮਾ ਦੀ ਪੰਚਾਇਤ ਵਲੋਂ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਸਮਸਿਆ ਵਲ ਜ਼ਰੂਰ ਧਿਆਨ ਦਿਤਾ ਜਾਵੇ ।