ਅੱਜ ਦੇ ਆਧੁਨਿਕ ਸਮਾਜ ਵਿੱਚ ਦੇ ਵਾਹਨ (ਕਾਰ, ਸਕੂਟਰ, ਮੋਟਰਸਾਇਕਲ) ਸਾਡੀ ਬੁਨਿਆਦੀ ਸਹੂਲਤ ਤੇ ਲੋੜ ਬਣ ਗਏ ਨੇ। ਇਹਨਾਂ ਤੋਂ ਬਿਨਾਂ ਅਸੀਂ ਅਧੂਰੇ ਜਿਹੇ ਮਹਿਸੂਸ ਕਰਦੇ ਹਾਂ। ਇਕ ਕਦਮ ਤੁਰਨ ਦੀ ਸੋਚ ਨੂੰ ਛੱਡ ਅਸੀਂ ਆਪਣੇ ਦੁਪਾਹੀਆ ਵਾਹਨ ਜਾਂ ਕਾਰ ਦੀ ਵਰਤੋਂ ਕਰਨ ਨੁੰ ਵੱਧ ਪਹਿਲ ਦਿੰਦੇ ਹਾਂ॥ਤਕਨਾਲੋਜੀ ਨੇ ਦੂਰੀਆਂ ਨੂੰ ਘੱਟ ਤੇ ਸੌਖਾ ਤਾਂ ਕਰ ਦਿੱਤਾ ਪਰ ਅਸੀਂ ਆਤਮ ਨਿਰਭਰ ਰਹਿਣ ਦਾ ਜੋ ਗੁਰ ਸੀ, ਉਸ ਨੂੰ ਭੁੱਲਣ ਲੱਗ ਪਏ ਜਾਂ ਕਹਿ ਲਵੋ ਭੁੱਲ ਚੁੱਕੇ ਹਾਂ।
ਅੱਜ ਹਰ ਘਰ ਵਿੱਚ ਸਕੂਟਰ ਮੋਟਰਸਾਇਕਲ ਜਰੂਰ ਹੈ ਤੇ ਹੋਣਾ ਵੀ ਲਾਜਮੀ ਹੈ। ਸਰਕਾਰਾਂ ਵੱਲੋਂ ਇਹਨਾਂ ਵਾਹਨਾਂ ਨੂੰ ਚਲਾਉਣ ਲਈ ਕਾਨੂੰਨ ਤੇ ਨਿਯਮ ਬਣਾਏ ਗਏ ਹਨ ਜੋ ਇਹਨਾਂ ਵਾਹਨਾਂ ਦੀ ਅਣਗਿਹਲੀ ਨਾਲ ਹੁੰਦੀ ਵਰਤੋਂ ਨੂੰ ਸੁਧਾਰਣ ਤੇ ਰੋਕਣ ਲਈ ਬਣਾਏ ਗਏ ਹਨ।ਇਹਨਾਂ ਕਾਨੂੰਨਾ ਤਹਿਤ ਤੁਹਾਡੇ ਦੁਪਹੀਆ ਜਾਂ ਚੌਪਾਹੀਆ ਵਾਹਨ ਦੇ ਕਾਗਜਾਤ, ਚਲਾਉਣ ਵਾਲੇ ਦਾ ਲਾਈਸੈਂਸ,ਕਾਰ ਜਾਂ ਗੱਡੀ ਨੂੰ ਸੜਕ ਤੇ ਚਲਾਉਣ ਦੇ ਨਿਯਮ ਸਬੰਧੀ ਜਾਣਕਾਰੀ ਹੋਣਾ ਕਾਨੂੰਨ ਲਾਜਮੀ ਹੁੰਦਾ ਹੈ।ਇਹ ਸਾਰੇ ਕਾਨੂੰਨ ਸਾਡੀ ਸੁਰੱਖਿਆ ਦੇ ਲਈ ਹੀ ਬਣਾਏ ਗਏ ਹਨ ਤਾਂ ਜੋ ਅਸੀ ਦੁਰਘਟਨਾਵਾਂ ਤੋਂ ਬਚ ਸਕੀਏ ਤੇ ਹੋਰਾਂ ਨੂੰ ਵੀ ਬਚਾਈਏ।
ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਇਹਨਾਂ ਸੜਕੀ ਨਿਯਮਾਂ ਤੇ ਕਾਨੂੰਨਾਂ ਦੇ ਆਦੀ ਨਹੀਂ ਹਾਂ।ਅਸੀਂ ਗੱਡੀ ਚਲਾਉਂਦਿਆ ਬੈਲਟ ਨਹੀਂ ਲਾਉਂਦੇ, ਸਕੂਰਟ ਮੋਟਰਸਾਇਕਲ ਚਲਾਉਂਦਿਆ ਹੈਲਮਟ ਨਹੀਂ ਪਹਿਣਦੇ,ਗੱਡੀ ਮੋਟਰਸਾਇਕਲ ਚਲਾਉਂਦਿਆਂ ਅਸੀ ਸਾਰੇ ਨਿਯਮਾਂ ਨੂੰ ਛਿੱਕੇ ਟੰਗਣਾ ਮਾਣ ਸਮਝਦੇ ਹਾਂ। ਸਾਨੂੰ ਇਹ ਸਭ ਮੰਨਣ ਤੋਂ ਗੈਰ ਜਿੰਮੇਵਾਰੀ ਤੇ ਸ਼ਰਮ ਨਹੀਂ ਮਹਿਸੂਸ ਹੁੰਦੀ ਕਿ ਅਸੀਂ ਇਹਨਾਂ ਨਿਯਮਾਂ ਤੇ ਕਾਨੂੰਨਾਂ ਨੂੰ ਆਪਣੇ ਆਪ ‘ਤੇ ਲਾਗੂ ਨਹੀਂ ਹੋਣ ਦਿੰਦੇ। ਸਗੋਂ ਅਸੀਂ ਬਹਾਦੁਰੀ ਨਾਲ ਚਲਾਣ ਕੱਟਣ ਵਾਲੇ ‘ਤੇ ਸਿਫਾਰਸ਼ ਦਾ ਧੌਂਸ ਵਿਖਾਉਣਾ ਦੇ ਆਦੀ ਹੋ ਗਏ।ਇਥੇ ਵਿਸ਼ੇਸ਼ ਜਿਕਰਯੋਗ ਹੈ ਕਿ ਏਥੇ ਵਾਹਣ ਚਲਾਉਣ ਵਾਲਾ ਹੀ ਗੈਰ ਜਿੰਮੇਵਾਰ ਨਹੀਂ ਸਗੋਂ ਸੜਕੀ ਨਿਯਮਾਂ ਤੇ ਕਾਨੂੰਨ ਨੂੰ ਲਾਗੂ ਕਰਨ ਵਾਲੀ ਪੁਲਿਸ ਵੀ ਆਪਣਾ ਬੇਪਰਵਾਹ ਗੈਰ ਜਿੰਮੇਵਾਰ ਰਵੱਈਆ ਅਪਣਾ ਰਹੀ ਹੈ। ਜੇਕਰ ਕਾਨੂੰਨ ਬਣਾਏ ਹਨ ਤਾਂ ਇਹਨਾਂ ਨੂੰ ਲਾਗੂ ਕਰਨਾ ਟਰੈਫਿਕ ਪੁਲਿਸ ਦੀ ਨਿਰੋਲ ਜਿੰਮੇਵਾਰੀ ਹੁੰਦੀ ਹੈ।ਪਰ ਸੱਚ ਕੀ ਹੈ ਅਸੀਂ ਸੜਕ ‘ਤੇ ਚੜਦਿਆਂ ਹੀ ਵੇਖ ਪਰਖ ਸਕਦੇ ਹਾਂ।
ਵਾਹਨ ਚਲਾਉਣ ਸਬੰਧੀ ਇਕ ਸਭ ਤੋਂ ਅਹਿਮ ਨਿਯਮ ਹੈ ਕਿ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਾਹਨ ਨਹੀਂ ਚਲਾ ਸਕਦਾ। ਹੁਣ ਗੱਲ ਏਥੇ ਸਾਡੀ ਘਰਾਂ ਦੀ ਸ਼ੁਰੂ ਹੁੰਦੀ ਹੈ ਕਿ ਸਾਡਾ ਬੱਚਾ ਕਿੰਨੀ ਉਮਰ ਦਾ ਹੈ ਤੇ ਓਹ ਕਦੋਂ ਦਾ ਵਾਹਨ ਚਲਾ ਰਿਹਾ ਹੈ। ਸਾਡੀ ਤਰਾਸਦੀ ਹੈ ਕਿ ਅੱਜ ਹਰ ਘਰ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸਕੂਟਰ ਮੋਟਰਸਾਇਕਲ ਤੇ ਕਾਰ ਆਮ ਚਲਾਉਂਦੇ ਹਨ।ਜੇ ਨਹੀਂ ਯਕੀਨ ਤਾਂ ਸਕੂਲਾਂ ਟਿਊਸ਼ਨਾਂ ਦੇ ਬਾਹਰ ਖੜੀ ਵਾਹਨਾਂ ਦੀ ਭੀੜ ਤੁਹਾਨੂੰ ਜਵਾਬ ਸਪੱਸ਼ਟ ਕਰ ਦਵੇਗੀ ।ਕੀ ਕਦੀ ਤੁਸੀਂ ਸੋਚਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਕਾਨੂੰਨ ਤੋੜਨਾਂ ਸਿਖਾ ਕੇ ਕਿਹੜੀ ਸਿੱਖਿਆ ਦੇ ਰਹੇ ਹਾਂ । ਜੇਕਰ ਬੱਚੇ ਇਹਨਾਂ ਟਰੈਫਿਕ ਕਾਨੂੰਨਾਂ ਨਿਯਮਾਂ ਤੋਂ ਅਣਜਾਣ ਹਨ ਤਾਂ ਤੁਸੀਂ ਤਾਂ ਨਹੀਂ,ਇਹ ਨਿਯਮ ਸਾਡੀ ਰਾਖੀ ਲਈ ਹੀ ਬਣੇ ਹਨ, ਪਰ ਅਸੀਂ ਖੁਦ ਭਾਗੀਦਾਰ ਹਾਂ ਇਹਨਾਂ ਨਿਯਮਾਂ ਨੂੰ ਤੋੜਣ ਦੇ ਤੇ ਆਪਣੇ ਬੱਚਿਆਂ ਨੂੰ ਵੀ ਜਾਣ ਬੁੱਝ ਕੇ ਕਾਨੂੰਨ ਤੋੜਨਾ ਸਿਖਾ ਰਹੇ ਹਾਂ।
ਜੇਕਰ ਅਸੀਂ ਇਹਨਾਂ ਨਿਯਮਾਂ ਦੀ ਤੁਲਨਾਂ ਵਿਦੇਸ਼ਾਂ ਨਾਲ ਕਰੀਏ ਤਾਂ ਓਧਰ ਵੀ ਬੱਚੇ ਹਨ,ਓਹਨਾਂ ਦੇ ਵੀ ਮਾਪੇ ਹਨ।ਵਿਦੇਸ਼ਾਂ ਵਿੱਚ 18 ਸਾਲ ਤੋਂ ਘੱਟ ਉਮਰ ਦਾ ਵਾਹਨ ਚਲਾਉਣ ਬਾਰੇ ਸੋਚਦਾ ਵੀ ਨਹੀਂ।ਹੁਣ ਏਥੇ ਬਹੁਤ ਵੱਡਾ ਸਵਾਲ ਸਾਡੀ ਜਿੰਮੇਵਾਰੀ ਤੇ ਸਾਡੀ ਨੈਤਿਕਤਾ ਖੜਾ ਹੁੰਦਾ ਹੈ। ਇਹ ਸਵਾਲ ਇਕੱਲੇ ਮਾਪਿਆ ਨੂੰ ਨਹੀਂ ਸਗੋਂ ਇਹਨਾਂ ਕਾਨੂੰਨਾਂ ਤੇ ਨਿਯਮਾਂ ਨੂੰ ਲਾਗੂ ਕਰਨ ਵਾਲੀ ਪੁਲਿਸ ਦੇ ਲਈ ਵੀ ਹੈ। ਸਾਡੀ ਪੁਲਿਸ ਦਾ ਇਹ ਗੈਰ ਜਿੰਮੇਵਾਰਾਨਾਂ ਰਵੱਈਆ ਨਿੰਦਣਯੋਗ ਤੇ ਬਹੁਤ ਘਾਤਕ ਹੈ। ਓਹ ਕਿਓਂ ਇਸ ਨਿਯਮ ਨੂੰ ਲਾਗੂ ਨਹੀਂ ਕਰਦੀ, ਇਸਦਾ ਜਵਾਬ ਟਰੈਫਿਕ ਪੁਲਿਸ ਹੀ ਦੇ ਸਕਦੀ ਹੈ।
18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵਾਹਨ ਚਲਾਉਣਾਂ ਬਹੁਤ ਖਤਰਨਾਕ ਹੈ ,ਇਹਨਾਂ ਨੂੰ ਹਰ ਹਾਲਤ ਵਿੱਚ ਰੋਕਿਆ ਜਾਣਾ ਚਾਹੀਦਾ ਹੈ।ਬੱਚਿਆ ਨੂੰ ਵਾਹਨ ਚਲਾਉਣ ਦੀ ਹੱਲਾਸ਼ੇਰੀ ਦੇਣ ਦੀ ਬਜਾਏ ਸਾਇਕਲ ਚਲਾਉਣ ਜਾਂ ਬੱਸਾਂ ਦੀ ਵਰਤੋਂ ਕਰਨ ਲਈ ਕਹੋ।ਇਸ ਅਣਗਹਿਲੀ ਨੂੰ ਰੋਕਣ ਲਈ ਮਾਤਾ ਪਿਤਾ ਤੇ ਟਰੈਫਿਕ ਪੁਲਿਸ ਨੂੰ ਜਿੰਮੇਵਾਰੀ ਵਾਲਾ ਰੋਲ ਅਦਾ ਕਰਨਾ ਚਾਹੀਦਾ ਹੈ।ਸਕੂਲਾਂ ਵਿੱਚ ਟਰੈਫਿਕ ਨਿਯਮਾਂ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ।ਆਦਰਸ਼ ਮਾਤਾ ਪਿਤਾ ਦੇ ਸਿੱਖਿਅਤ ਹੋਣ ਦਾ ਪ੍ਰਤੱਖ ਸਬੂਤ ਓਹਨਾਂ ਦੇ ਬੱਚੇ ਹੁੰਦੇ ਹਨ, ਸੋ ਓਹਨਾਂ ਨੂੰ ਟਰੈਫਿਕ ਨਿਯਮ ਤੋੜਣੇ ਨਾ ਸਿਖਾਓ, । ਓਹਨਾਂ ਨੂੰ ਸਿਖਾਓ ਕਿ ਜਿਸ ਤਰ੍ਹਾਂ ਕੁਦਰਤ ਵੀ ਇਕ ਨਿਯਮ ਵਿੱਚ ਚਲਦੀ ਹੈ ਉਸੇ ਤਰ੍ਹਾਂ ਸਾਡੀਆਂ ਸਰਕਾਰਾਂ ਵੱਲੋਂ ਬਣਾਏ ਹਰ ਇਕ ਨਿਯਮ ਅਹਿਮ ਹਨ,ਜੋ ਸਾਡੀ ਸੁਰੱਖਿਆ ਲਈ ਹੀ ਬਣੇ ਹਨ ਤੇ ਓਹਨਾਂ ਦੀ ਪਾਲਣਾ ਕਰਨੀ ਚਾਹੀਦੀ ਹਾਂ। ਨਿਯਮਾਂ ਦੀ ਪਾਲਣਾ ਕਰਨਾ ਸਾਡਾ ਜਿੰਮੇਵਾਰ ਨਾਗਰਕਿ ਹੋਣ ਦੀ ਪਛਾਣ ਹੈ।