May 26, 2026 7:55 am

ਮਹਾਂਰਾਸ਼ਟਰ ਦੇ ਕਿਸਾਨਾਂ ਦਾ ਜੇਤੂ ਅੰਦਾਜ਼

ਮਹਾਂਰਾਸ਼ਟਰ ਦੇ ਕਿਸਾਨਾਂ ਨੇ ਆਲ ਇੰਡੀਆ ਕਿਸਾਨ ਸਭਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਮਨਵਾਉਣ ਲਈ ਸ਼ਾਨਦਾਰ ਅਤੇ ਸ਼ਕਤੀਸ਼ਾਲੀ ਅੰਦੋਲਨ ਕਰਕੇ ਦੇਸ਼ ਦੇ ਕਿਸਾਨਾਂ ਨੂੰ ਰਾਹ ਦਿਖਾਇਆ ਹੈ। ਕਿਸਾਨਾਂ ਦੇ ਇਕ ਵੱਡੇ ਅਤੇ ਵਿਸ਼ਾਲ ਅੰਦੋਲਨ ਦੇ ਸਾਹਮਣੇ ਸਰਕਾਰਾਂ ਬੌਣੀਆਂ ਹੋ ਗਈਆਂ। ਇਹੋ ਕਾਰਨ ਹੈ ਕਿ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਨਾਸਿਕ ਤੋਂ ਮੰਗਾਂ ਮਨਵਾਉਣ ਲਈ ਮੁੰਬਈ ਵਿੱਚ ਪਹੁੰਚੇ ਤਾਂ ਮਹਾਂਰਾਸ਼ਟਰ ਦੀ ਸਰਕਾਰ ਨੂੰ ਝੁਕਣਾ ਪਿਆ। ਇਸ ਅੰਦੋਲਨ ਦੀ ਬਦੌਲਤ ਹੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਮਹਾਰਾਸ਼ਟਰ ਦੀ ਸੂਬਾ ਸਰਕਾਰ ਨੇ ਜੰਗਲੀ ਜ਼ਮੀਨ ’ਤੇ ਖੇਤੀ ਕਰਨ ਦਾ ਹੱਕ ਦੇਣ ਸਮੇਤ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਲਿਆ ਹੈ। ਵਿਸ਼ਾਲ ਗਿਣਤੀ ਵਿੱਚ ਕਿਸਾਨਾਂ ਨੇ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਡੇਰਾ ਲਾਇਆ ਹੋਇਆ ਸੀ। ਕਿਸਾਨਾਂ ਨੇ ਇਹ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਉਹ ਮਹਾਂਰਾਸ਼ਟਰ ਦੀ ਵਿਧਾਨ ਸਭਾ ਦਾ ਘੇਰਾਓ ਕਰਨਗੇ। ਕਿਸਾਨਾਂ ਦੇ ਇਤਿਹਾਸਕ ਅੰਦੋਲਨ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਇਕ ਰਾਹ ਦਿਖਾਇਆ ਹੈ। ਇਸ ਸਮੇਂ ਪੂਰੇ ਦੇਸ਼ ਵਿੱਚ ਕਿਸਾਨ ਬਹੁਤ ਔਖੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਪੰਜਾਬ ਵਿੱਚ ਤਾਂ ਬੁਰੇ ਆਰਥਿਕ ਹਾਲਾਤਾਂ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਸੁਨਾਮੀ ਆਈ ਹੋਈ ਹੈ। ਖੁਦਕੁਸ਼ੀਆਂ ਕਰਨ ਵਾਲੇ ਅਤੇ ਢੇਰੀਆਂ ਢਾਅ ਕੇ ਬੈਠੇ ਕਿਸਾਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਮਹਾਂਰਾਸ਼ਟਰ ਦੇ ਕਿਸਾਨਾਂ ਨੇ ਕਿਸ ਤਰ੍ਹਾਂ ਨਾਸਿਕ ਤੋਂ ਪੈਦਲ, ਨੰਗੇ ਪੈਰ, ਛੇ ਦਿਨਾਂ ਤੱਕ 180 ਕਿਲੋਮੀਟਰ ਦਾ ਔਖਾ ਸਫ਼ਰ ਤੈਅ ਕਰਕੇ ਕਰੜੀ ਧੁੱਪ ’ਚ ਅੰਦੋਲਨ ਕੀਤਾ ਅਤੇ ਸਰਕਾਰ ਨੂੰ ਮੰਗਾਂ ਮਨਣ ਲਈ ਮਜ਼ਬੂਰ ਕਰ ਦਿੱਤਾ। ਖੁਦਕੁਸ਼ੀਆਂ ਕਰਕੇ ਮਰਨ ਨਾਲੋਂ ਸੰਘਰਸ਼ ਬੇਹਤਰ ਰਸਤਾ ਹੈ। ਜੇਕਰ ਮਹਾਂਰਾਸ਼ਟਰ ਦੇ ਕਿਸਾਨ ਆਪਣੀ ਹੋਂਦ ਲਈ ਲੜ ਸਕਦੇ ਹਨ ਤਾਂ ਪੰਜਾਬ ਦੇ ਕਿਸਾਨ ਕਿਉਂ ਨਹੀਂ ਇਸ ਤਰ੍ਹਾਂ ਦਾ ਵੱਡਾ ਅੰਦੋਲਨ ਕਰਦੇ। ਬੇਸ਼ਕ ਮਹਾਂਰਾਸ਼ਟਰ ਦੇ ਕਿਸਾਨਾਂ ਦੀਆਂ ਕੁੱਝ ਮੰਗਾਂ ਪੰਜਾਬ ਨਾਲੋਂ ਵੱਖਰੀਆਂ ਸਨ ਪ੍ਰੰਤੂ ਸਾਰੇ ਦੇਸ਼ ਦੇ ਕਿਸਾਨਾਂ ਦਾ ਦਰਦ ਸਾਂਝਾ ਹੈ। ਜੇਕਰ ਕਿਸਾਨ ਆਪਣੀ ਹੋਂਦ ਲਈ ਨਹੀਂ ਲੜਦੇ ਤਾਂ ਉਨ੍ਹਾਂ ਦੀ ਕਿਧਰੇ ਕੋਈ ਸੁਣਵਾਈ ਨਹੀਂ ਹੋਵੇਗੀ। ਖੁਦਕੁਸ਼ੀਆਂ ਕਰਨ ਵਾਲੇ ਕਿਸਾਨ ਆਪਣੇ ਪਰਿਵਾਰਾਂ ਲਈ ਹੋਰ ਵੱਡੀਆਂ ਮੁਸੀਬਤਾਂ ਪਿੱਛੇ ਛੱਡ ਜਾਂਦੇ ਹਨ। ਸਾਰੇ ਕਿਸਾਨਾਂ ਨੂੰ ਮਿਲ ਬੈਠ ਕੇ ਇਹ ਸੋਚਣਾ ਚਾਹੀਦਾ ਹੈ ਕਿ ਮੌਜੂਦਾ ਹਾਲਾਤਾਂ ਦਾ ਟਾਕਰਾ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਖੁਦਕੁਸ਼ੀਆਂ ਇਸ ਦਾ ਕੋਈ ਹੱਲ ਨਹੀਂ ਹੈ। ਪੰਜਾਬ ਵਿੱਚ ਮਹਾਂਰਾਸ਼ਟਰ ਤੋਂ ਵੀ ਮਾੜੇ ਹਾਲਾਤ ਹਨ। ਪੰਜਾਬ ਦੇ ਕਿਸਾਨਾਂ ਦੀ ਕੋਈ ਬਾਂਹ ਫੜਨ ਲਈ ਤਿਆਰ ਨਹੀਂ। ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਦੇ ਜਜ਼ਬਾਤਾਂ ਨਾਲ ਖੇਡ ਰਹੀਆਂ ਹਨ। ਇਸ ਲਈ ਕਿਸਾਨਾਂ ਨੂੰ ਆਪਣੇ ਬਲਬੂਤੇ ’ਤੇ ਆਪਣੀ ਲੜਾਈ ਲੜਨੀ ਹੋਵੇਗੀ। ਕਿਸਾਨਾਂ ਦੀਆਂ ਸਾਰੀਆਂ ਛੋਟੀਆਂ-ਵੱਡੀਆਂ ਜਥੇਬੰਦੀਆਂ ਨੂੰ ਆਪਸੀ ਏਕਤਾ ਅਤੇ ਇਤਫਾਕ ਨਾਲ ਕਿਸਾਨ ਹਿੱਤਾਂ ਦੀ ਲੜਾਈ ਲੜਨੀ ਚਾਹੀਦੀ ਹੈ। ਜੇਕਰ ਪੰਜਾਬ ਦੇ ਕਿਸਾਨ ਹੀ ਮਹਾਂਰਾਸ਼ਟਰ ਦੇ ਕਿਸਾਨਾਂ ਵਾਂਗ ਇਕਜੁੱਟ ਹੋ ਕੇ ਸੜਕ ’ਤੇ ਉ¤ਤਰ ਆਉਂਦੇ ਹਨ ਤਾਂ ਕੋਈ ਕਾਰਨ ਨਹੀਂ ਕਿ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਜਾਣ। ਮਹਾਂਰਾਸ਼ਟਰ ਦੇ ਕਿਸਾਨਾਂ ਦੇ ਸੰਘਰਸ਼ ਦਾ ਜੇਤੂ ਅੰਦਾਜ਼ ਹਮੇਸ਼ਾ ਵਕਤ ਦੇ ਸਫ਼ੇ ’ਤੇ ਅਮਰ ਰਹੇਗਾ।
– ਬਲਜੀਤ ਸਿੰਘ ਬਰਾੜ

Send this to a friend