ਪਾਕਿਸਤਾਨ ਕਿਉਂ ਪਛੜਿਆ

ਪਾਕਿਸਤਾਨ ਅਤੇ ਭਾਰਤ ਸੰਨ 1947 ’ਚ ਇਕੱਠੇ ਹੀ ਅੰਗਰੇਜ਼ੀ ਰਾਜ ਤੋਂ ਆਜ਼ਾਦ ਹੋਏ ਸਨ। ਪਿਛਲੇ ਸੱਤ ਦਹਾਕਿਆਂ ਵਿੱਚ ਦੋਵੇਂ ਮੁਲਕਾਂ ਦੇ ਹਾਲਾਤ ਕਾਫੀ ਵੱਖ-ਵੱਖ ਹਨ। ਭਾਰਤ ਨੇ ਕਈ ਖੇਤਰਾਂ ਵਿੱਚ ਵੱਡੀ ਤਰੱਕੀ ਕੀਤੀ ਹੈ। ਪ੍ਰੰਤੂ ਪਾਕਿਸਤਾਨ ਵਿਕਾਸ ਦੀ ਦੌੜ ਵਿੱਚ ਬੁਰੀ ਤਰ੍ਹਾਂ ਪਛੜ ਗਿਆ ਹੈ। ਪਾਕਿਸਤਾਨ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਤਾਂ ਲੋਕ ਹਾਲੇ ਵੀ ਕਬਾਇਲੀਆਂ ਵਾਂਗ ਰਹਿ ਰਹੇ ਹਨ। ਸਿਰਫ ਵੱਡੇ ਸ਼ਹਿਰਾਂ ਵਿੱਚ ਕੁਝ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੇਂਡੂ ਅਤੇ ਦੂਰ ਦੁਰਾਡੇ ਦੇ ਖੇਤਰ ਬੁਨਿਆਦੀ ਸਹੂਲਤਾਂ ਤੋਂ ਵੀ ਮੁਥਾਜ ਹਨ। ਹੋਰ ਤਾਂ ਹੋਰ ਪਾਕਿਸਤਾਨ ਦੇ 84 ਫੀਸਦੀ ਲੋਕਾਂ ਨੂੰ ਪੀਣ ਯੋਗ ਸੁਰਖਿਅਤ ਪਾਣੀ ਵੀ ਨਹੀਂ ਮਿਲ ਰਿਹਾ। ਜਲ ਸਰੋਤਾਂ ਦੀ ਖੋਜ ਬਾਰੇ ਪਾਕਿਸਤਾਨ ਕੌਂਸਲ ਵਲੋਂ ਕੀਤੇ ਅਧਿਐਨ ਮੁਤਾਬਕ ਮੁਲਕ ਵਿਚ 72 ਫ਼ੀਸਦੀ ਪਾਣੀ ਦੀ ਸਪਲਾਈ ਨਾਲ ਸਬੰਧਤ ਸਕੀਮਾਂ ਚਾਲੂ ਹਨ ਤੇ ਇਨ੍ਹਾਂ ਵਿਚੋਂ 84 ਫੀਸਦੀ ਅਜਿਹੀਆਂ ਹਨ ਜਿਨ੍ਹਾਂ ’ਚੋਂ ਸਪਲਾਈ ਹੁੰਦਾ ਪਾਣੀ ਪੀਣਯੋਗ ਨਹੀਂ। ਅਧਿਐਨ ਮੁਤਾਬਕ ਮੁਲਕ ਦੀ ਕੁਲ 19.5 ਕਰੋੜ ਦੀ ਆਬਾਦੀ ’ਚੋਂ 84 ਫੀਸਦੀ ਨੂੰ ਅਜੇ ਤਕ ਸਾਫ਼ ਪੀਣਯੋਗ ਪਾਣੀ ਨਸੀਬ ਨਹੀਂ ਹੁੰਦਾ।।ਮੁਲਕ ਦੇ ਸਿੰਧ ਤੇ ਪੰਜਾਬ ਸੂਬਿਆਂ ਨੂੰ ਸਪਲਾਈ ਹੁੰਦੇ ਪਾਣੀ ਦੇ ਸਰੋਤਾਂ ’ਚੋਂ 14 ਫ਼ੀਸਦੀ ਵਿਚ ਆਰਸੈਨਿਕ ਜਿਹੇ ਜ਼ਹਿਰੀਲੇ ਰਸਾਇਣਕ ਤਤ ਦੀ ਮਾਤਰਾ ਮਨਜ਼ੂਰਸ਼ੁਦਾ ਹਦ ਤੋਂ 50 ਪੀਪੀਬੀ ਵੱਧ ਹੈ। ਬੇਸ਼ਕ ਇਸ ਤਰ੍ਹਾਂ ਦੇ ਹਾਲਾਤ ਭਾਰਤ ਵਿੱਚ ਹਨ ਪ੍ਰੰਤੂ ਪਾਕਿਸਤਾਨ ਦੀ ਹਾਲਤ ਇਸ ਤੋਂ ਵੀ ਬਹੁਤ ਬੁਰੀ ਹੈ। ਪਾਣੀ ਤੋਂ ਇਲਾਵਾ ਦੂਸਰੀਆਂ ਬੁਨਿਆਦੀ ਸਹੂਲਤਾਂ ਉਪਲੱਬਧ ਨਹੀਂ ਹਨ। ਪਿੰਡਾਂ ਵਿੱਚ ਰਹਿ ਰਹੇ ਲੋਕ ਤਾਂ ਬਹੁਤ ਹੀ ਪਛੜੇਵੇਂ ਦਾ ਸ਼ਿਕਾਰ ਹਨ। ਪਿੰਡਾਂ ਦੀਆਂ ਲਿੰਕ ਸੜਕਾਂ ਦੀ ਉਸਾਰੀ ਤੱਕ ਨਹੀਂ ਹੋ ਸਕੀ। ਲੋਕਾਂ ਦੇ ਘਰ ਹਾਲੇ ਵੀ ਕੱਚੇ ਹਨ। ਖੇਤੀਬਾੜੀ ਦਾ ਮਸ਼ੀਨੀਕਰਨ ਵੀ ਨਹੀਂ ਹੋਇਆ। ਅਫਗਾਨਿਸਤਾਨ ਨਾਲ ਲੱਗਦੇ ਖੇਤਰਾਂ ਵਿੱਚ ਤਾਂ ਇਸ ਤੋਂ ਵੀ ਮਾੜੇ ਹਾਲਾਤ ਹਨ। ਲੋਕ ਪੜ੍ਹਦੇ ਲਿਖਦੇ ਨਹੀਂ ਹਨ। ਉਦਯੋਗ ਦੀ ਭਾਰੀ ਕਮੀ ਹੈ। ਨੌਕਰੀਆਂ ਵੀ ਬਹੁਤ ਘੱਟ ਹਨ। ਪਾਕਿਸਤਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗੁਆਂਢੀ ਦੇਸ਼ਾਂ ਨਾਲ ਲੜਾਈ ਝਗੜੇ ਛੱਡ ਕੇ ਅੰਦਰੂਨੀ ਵਿਕਾਸ ਵੱਲ ਧਿਆਨ ਦੇਵੇ। ਜਦੋਂ ਤੱਕ ਪਾਕਿਸਤਾਨ ਇਕ ਵਿਕਸਤ ਦੇਸ਼ ਨਹੀਂ ਬਣ ਜਾਂਦਾ ਤੱਦ ਤੱਕ ਸਰਕਾਰ ਨੂੰ ਹੋਰ ਸਾਰੇ ਫੌਜੀ ਅਤੇ ਬੇਲੋੜੇ ਖਰਚੇ ਬੰਦ ਕਰ ਦੇਣੇ ਚਾਹੀਦੇ ਹਨ। ਪਾਕਿਸਤਾਨ ਕਸ਼ਮੀਰ ਦੇ ਨਾਮ ਉਪਰ ਲੜਾਈ ’ਤੇ ਅਰਬਾਂ ਰੁਪਏ ਖਰਚ ਕਰ ਰਿਹਾ ਹੈ ਜੇਕਰ ਕਸ਼ਮੀਰ ਮਸਲੇ ਦਾ ਹੱਲ ਗੱਲਬਾਤ ਨਾਲ ਕੱਢਿਆ ਜਾਵੇ ਤਾਂ ਪਾਕਿਸਤਾਨ ਦਾ ਇਹ ਪੈਸਾ ਵਿਕਾਸ ਕਾਰਜਾਂ ਵਿੱਚ ਲਾਇਆ ਜਾ ਸਕਦਾ ਹੈ। ਆਮ ਲੋਕਾਂ ਨੂੰ ਪਾਕਿਸਤਾਨ ਦੀ ਸਰਕਾਰ ਉਪਰ ਇਹ ਦਬਾਅ ਬਣਾਉਣਾ ਹੋਵੇਗਾ ਕਿ ਉਹ ਬਜਟ ਦਾ ਵੱਡਾ ਹਿੱਸਾ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਲਈ ਖਰਚ ਕਰੇ।
– ਬਲਜੀਤ ਸਿੰਘ ਬਰਾੜ

Send this to a friend