ਮਨੁੱਖਤਾ ਦੇ ਰਾਖੇ ਭਾਈ ਘਨਈਆ ਜੀ ਦੇ ਵਾਰਿਸ

ਇਸ ਸਮੇਂ ਅਗਰ ਹਾਲਾਤਾਂ ਵੱਲ ਝਾਤੀ ਮਾਰੀਏ ਤਾਂ ਵਿਸ਼ਵ ਅੰਦਰ ਜੰਗ ਦਾ ਮੈਦਾਨ ਬਣ ਚੁੱਕਾ ਪੱਛਮੀ ਏਸ਼ੀਆ ਦਾ ਮੁਸਲਿਮ ਦੇਸ਼ ਸੀਰੀਆ ਜੋ ਕਿ ਅਰਬ ਗਣਰਾਜ ਵਜੋਂ ਵੀ ਜਾਣਿਆ ਜਾਂਦਾ ਹੈ ਵਿਖੇ ਰੋਜ਼ਾਨਾ ਵਾਪਰ ਰਹੀਆਂ ਜੰਗੀ ਕਾਰਵਾਈਆਂ ਅਤੇ ਖੂਨੀ ਘਟਨਾਵਾਂ ਵੱਲ ਆਪ ਮੁਹਾਰੇ ਧਿਆਨ ਜਾਂਦਾ ਹੈ। ਜੰਗ ਦੇ ਮੈਦਾਨ ਸੀਰੀਆ ਅੰਦਰ ਰੋਜ਼ਾਨਾ ਮਰ ਰਹੀ ਮਾਨਵਤਾ ਅਤੇ ਲੂੰ-ਕੰਢੇ ਖੜੇ ਕਰਨ ਦੀਆਂ ਤਸਵੀਰਾਂ ਮਨੁੱਖਤਾ ਨੂੰ ਜਿੱਥੇ ਸ਼ਰਮਸਾਰ ਕਰਦੀਆਂ ਦਿਖਾਈ ਦਿੰਦੀਆਂ ਹਨ ਉਥੇ ਹੀ ਸ਼ਕਤੀਸ਼ਾਲੀ ਸਾਮਰਾਜਵਾਦੀ ਤਾਕਤਾਂ ਵੱਲੋਂ ਆਮ ਨਾਗਰਿਕਾਂ ਦੀ ਜਾਨ-ਮਾਲ ਦੀ ਕੋਈ ਪਰਵਾਹ ਨਾ ਕਰਦੇ ਹੋਏ ਆਪਣੇ ਹਿੱਤਾਂ ਦੀ ਪੂਰਤੀ ਲਈ ਮਾਸੂਮ ਲੋਕਾਂ ਅਤੇ ਬੱਚਿਆਂ ਦੀ ਜ਼ਿੰਦਗੀ ਨਾਲ ਖੂਨੀ ਖੇਡ ਖੇਡਣ ਦਾ ਭਲੀਭਾਂਤ ਦ੍ਰਿਸ਼ ਪੇਸ਼ ਕਰਦੀਆਂ ਹਨ। ਜਦੋਂ ਵੀ ਦੇਸ਼ਾਂ ਦੇ ਦਰਮਿਆਨ ਲੜਾਈ ਜਾਂ ਫਿਰ ਦੇਸ਼ਾਂ ਅੰਦਰ ਖਾਨਾਜੰਗੀ ਦੇ ਚੱਲਦੇ ਯੁੱਧ ਜਿਹੇ ਹਾਲਾਤ ਪੈਦਾ ਹੁੰਦੇ ਪ੍ਰਤੀਤ ਹੋਣ ਤਾਂ ਸਰਕਾਰਾਂ ਦਾ ਪਹਿਲਾ ਫਰਜ਼ ਬਣਦਾ ਹੈ ਕਿ ਆਮ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਦੇ ਨਾਲ ਉਨ੍ਹਾ ਦੇ ਮੁੜ ਵਸੇਬੇ ਅਤੇ ਸਿਹਤ ਸਹੂਲਤਾਂ ਆਦਿਕ ਮੁੱਢਲੀਆਂ ਜਰੂਰਤਾਂ ਦਾ ਧਿਆਨ ਰੱਖਦੇ ਹੋਏ ਨਾਗਰਿਕਾਂ ਦੀ ਰਾਖੀ ਕੀਤੀ ਜਾਵੇ। ਪਰ ਅਫਸੋਸ ਜਦੋਂ ਯੁੱਧਾਂ ਦਰਮਿਆਨ ਨਾਗਿਰਕਾਂ ਪ੍ਰਤੀ ਹੁਕਮਰਾਨ ਕੋਈ ਰਹਿਮ ਨਾ ਰੱਖਣ ਤਾਂ ਉਸਦਾ ਨਤੀਜਾ ਆਮ ਜਨਤਾ ਨੂੰ ਆਪਣੀਆਂ ਜਾਨਾਂ ਦੇ ਕੇ ਭੁਗਤਣਾ ਪੈਂਦਾ ਹੈ ਕਿਉਂਕਿ ਬੰਦੂਕ ਵਿਚੋਂ ਨਿਕਲਣ ਵਾਲੀ ਗੋਲੀ ਅਤੇ ਆਸਮਾਨ ਤੋਂ ਡਿੱਗਣ ਵਾਲੀਆਂ ਮਾਰੂ ਮਿਜ਼ਾਇਲਾਂ ਆਪਣੇ-ਪਰਾਏ ਦੀ ਪਛਾਣ ਨਹੀਂ ਕਰਦੀਆਂ, ਜੋ ਵੀ ਇਨ੍ਹਾਂ ਮਾਰੂ ਹਥਿਆਰਾਂ ਦੇ ਪ੍ਰਭਾਵ ਹੇਠ ਆ ਜਾਵੇ ਉਸਦਾ ਵਿਨਾਸ਼ ਹਰ ਹੀਲੇ ਹੁੰਦਾ ਹੈ। ਵਿਸ਼ਵ ਭਰ ਅੰਦਰ ਵੱਸਦੇ ਮਾਨਵਤਾਵਾਦੀ ਲੋਕ ਇਸ ਸਮੇਂ ਸੀਰੀਆਂ ਅੰਦਰ ਵਾਪਰ ਰਹੀਆਂ ਘਟਨਾਵਾਂ ਨਾਲ ਅੰਦਰ ਤੱਕ ਝਿੰਜੋੜੇ ਜਾ ਰਹੇ ਹਨ। ਹਰ ਉਹ ਇਨਸਾਨ ਜੋ ਮਨੁੱਖਤਾ ਨੂੰ ਪਿਆਰ ਕਰਦਾ ਹੈ ਸੀਰੀਆ ਦੀ ਧਰਤੀ ‘ਤੇ ਵਾਪਰ ਰਹੇ ਇਸ ਕਹਿਰ ਨਾਲ ਅੰਦਰ ਤੱਕ ਦੁੱਖੀ ਹੋ ਗਿਆ ਹੈ ਅਤੇ ਇਨਸਾਨੀਅਤ ਦੀ ਰਾਖੀ ਲਈ ਉਦਮ ਕਰਨੇ ਲੋਚਦਾ ਹੈ ਤਾਂ ਜੋ ਸੀਰੀਆ ਦੇ ਲੋਕਾਂ ਨੂੰ ਇਸ ਭਿਆਨਕ ਯੁੱਧ ਤੋਂ ਨਿਜਾਤ ਮਿਲ ਸਕੇ ਅਤੇ ਉਥੇ ਵੱਸਦਾ ਹਰ ਇਨਸਾਨ ਸੁਰੱਖਿਅਤ ਰਹਿ ਸਕੇ। ਸੀਰੀਆ ਯੁੱਧ ਦੇ ਦੁਖਾਂਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਸੰਨ 2011 ਤੋਂ ਹੁਣ ਤੱਕ ਤਕਰੀਬਨ ਪਿਛਲੇ ਅੱਠ ਸਾਲਾਂ ਤੋਂ ਇਹ ਦੇਸ਼ ਯੁੱਧ ਵਰਗੇ ਹਾਲਾਤਾਂ ਅਤੇ ਵੱਖ-ਵੱਖ ਲੜਾਈਆਂ ਨਾਲ ਜੂਝ ਰਿਹਾ ਹੈ। ਬਾਗੀਆਂ ਵੱਲੋਂ ਸਮੇਂ-ਸਮੇਂ ਸੀਰੀਆਈ ਆਰਮੀ ਨਾਲ ਚੱਲਣ ਵਾਲੀਆਂ ਲੜਾਈਆਂ ਦੇ ਚੱਲਦੇ ਆਮ ਲੋਕਾਂ ਦਾ ਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ ਅਤੇ ਜਿਸ ਜਗ੍ਹਾ ਯੁੱਧ ਹੁੰਦਾ ਹੈ ਆਮ ਲੋਕਾਂ ਵੱਲੋਂ ਪਲਾਇਨ ਕਰਕੇ ਸੁਰੱਖਿਅਤ ਥਾਵਾਂ ਤੇ ਜਾਣਾ ਲਗਾਤਾਰ ਜਾਰੀ ਰਹਿੰਦਾ ਹੈ। ਚਾਹੇ ਲਿਬਨਾਨ, ਗ੍ਰੀਸ ਜਾਂ ਕਰੋਏਸ਼ੀਆ ਦੇ ਸੀਰੀਆ ਨਾਲ ਲੱਗਦੇ ਬਾਰਡਰਾਂ ਵੱਲ ਧਿਆਨ ਮਾਰੋ ਜਾਂ ਫਿਰ ਤੁਰਕੀ, ਇਰਾਕ ਆਦਿ ਦੇ ਸੀਰੀਆ ਨਾਲ ਲੱਗਦੇ ਬਾਰਡਰਾਂ ਵੱਲ ਹਰ ਪਾਸੇ ਲੋਕਾਂ ਵਲੋਂ ਆਪਣੀ ਜਾਨ-ਮਾਲ ਦੀ ਰਾਖੀ ਲਈ ਹਿਜ਼ਰਤ ਕੀਤੀ ਜਾ ਰਹੀ ਹੈ। ਕੀ ਛੋਟਾ ਤੇ ਕੀ ਵੱਡਾ ਹਰ ਕੋਈ ਸੁਰੱਖਿਅਤ ਸਥਾਨ ਦੀ ਭਾਲ ਵਿਚ ਅਤੇ ਰੋਟੀ-ਪਾਣੀ ਦੀ ਭਾਲ ਵਿਚ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਸੁਰੱਖਿਅਤ ਸਥਾਨਾਂ ਵੱਲ ਮੂੰਹ ਕਰ ਰਹੇ ਹਨ। ਸੀਰੀਆ ਅੰਦਰ ਸੀਰੀਆਈ ਆਰਮੀ ਅਤੇ ਰੂਸੀ ਆਰਮੀ ਵੱਲੋਂ ਸਾਂਝੇ ਜੰਗੀ ਆਪ੍ਰੇਸ਼ਨ ਚਲਾ ਕੇ ਬਾਗੀਆਂ ਦੇ ਖਾਤਮੇ ਲਈ ਲਗਾਤਾਰ ਜੰਗੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਬਾਗੀਆਂ ਵੱਲੋਂ ਵੀ ਇਨ੍ਹਾਂ ਯੁੱਧਾਂ ਵਿਚ ਭਾਰੀ ਨੁਕਸਾਨ ਕੀਤਾ ਜਾ ਰਿਹਾ ਹੈ ਜੋ ਕਿ ਹੁਣ ਇਕ ਭਿਆਨਕ ਜੰਗ ਦਾ ਰੂਪ ਧਾਰਨ ਕਰ ਚੁੱਕਾ ਹੈ ਜਿਸਦੇ ਚੱਲਦੇ ਰੋਜ਼ਾਨਾ ਲੱਖਾਂ ਲੋਕ ਮਰ ਰਹੇ ਹਨ, ਅਪਾਹਿਜ ਹੋ ਰਹੇ ਹਨ, ਘਰਾਂ ਦੇ ਘਰ ਉਜੜ ਚੁੱਕੇ ਹਨ ਪਰ ਇਸ ਜੰਗ ਦਾ ਅੰਤ ਕਿਤੇ ਦਿਖਾਈ ਨਹੀਂ ਦੇ ਰਿਹਾ। ਅਜਿਹੇ ਮਾਰੂ ਹਾਲਾਤਾਂ ਅੰਦਰ ਮਨੁੱਖਤਾ ਦੀ ਸਾਰ ਲੈਣ ਦੀ ਅਗਰ ਕਿਸੇ ਨੇ ਹਿੰਮਤ ਕੀਤੀ ਹੈ ਤਾਂ ਉਹ ਗੁਰੂ ਨਾਨਕ ਜੀ ਦੇ ਸਿੱਖ ਹੀ ਹਨ ਜੋ ਕਿ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਅਤੇ ਗੁਰਬਾਣੀ ਦੇ ਸਿਧਾਂਤਾਂ ‘ਤੇ ਚੱਲਦੇ ਹੋਏ ਦੀਨ-ਦੁਖੀਆਂ ਦੀ ਰਾਖੀ ਲਈ ਅੱਗੇ ਆਏ ਹਨ। ਇਹ ਅਟੱਲ ਸੱਚਾਈ ਹੈ ਕਿ ਦੁਨੀਆ ਅੰਦਰ ਚਾਹੇ ਕਿਸੇ ਵੀ ਧਰਮ ਜਾਂ ਸਮੁਦਾਇ ’ਤੇ ਕਿਤੇ ਵੀ ਕੋਈ ਬਿਪਤਾ ਦਾ ਸਮਾਂ ਆਵੇ ਜਾਂ ਫਿਰ ਕੋਈ ਅਣਸੁਖਾਵੀਆਂ ਘਟਨਾਵਾਂ ਤੇ ਕੁਦਰਤੀ ਬਿਪਤਾਵਾਂ ਵਰਤਦੀਆਂ ਹਨ ਤਾਂ ਫਿਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਖਾਲਸਾ ਪੰਥ ਪੱਬਾਂ ਭਾਰ ਹੋ ਕੇ ਸਾਰੀ ਮਾਨਵਤਾ ਲਈ ਹੱਥੀਂ ਛਾਵਾਂ ਕਰਦਾ ਹੋਇਆ ਉਨ੍ਹਾ ਦੇ ਦੁੱਖ-ਦਰਦ ਵੰਡਾਉਂਦਾ ਹੈ।
ਭਾਈ ਘਨੱਈਆ ਜੀ ਦੇ ਇਨ੍ਹਾ ਵਾਰਿਸਾਂ ਦੀ ਗੱਲ ਕਰੀਏ ਤਾਂ ਸੀਰੀਆ ਵਿਖੇ ਇਸ ਸਮੇਂ ਚੱਲ ਰਹੇ ਯੁੱਧ ਦਰਮਿਆਨ ਇਨ੍ਹਾਂ ਵੱਲੋਂ ਹਰ ਕਿਸੇ ਦੀ ਨਿਰਸਵਾਰਥ ਅਤੇ ਬਿਨਾਂ ਕਿਸੇ ਭੇਦ-ਭਾਵ ਦੇ ਸਹਾਇਤਾ ਅਤੇ ਸੇਵਾ ਨਿਰੰਤਰ ਪਿਛਲੇ ਅੱਠ ਸਾਲਾਂ ਤੋਂ ਹੀ ਕੀਤੀ ਜਾ ਰਹੀ ਹੈ। ਬੇਸ਼ਕ ਅਗਰ ਨਾਮ ਲਿਆ ਜਾਵੇ ਤਾਂ ਖਾਲਸਾ ਏਡ ਅਤੇ ਇਸ ਦੇ ਨਾਲ ਹੋਰ ਦੂਜੀਆਂ ਸਿੱਖ ਸੰਸਥਾਵਾਂ ਦੇ ਵਲੰਟੀਅਰਾਂ ਵੱਲੋਂ ਇਕ ਰੋਲ ਮਾਡਲ ਬਣ ਕੇ ਬਿਨਾਂ ਕਿਸੇ ਇਕ ਧਰਮ ਦਾ ਪੱਖ ਕਰਦੇ ਹੋਏ ਸਭਨਾਂ ਦੀਨ-ਦੁਖੀਆਂ ਲਈ ਇਨਸਾਨੀਅਤ ਨੂੰ ਮੁੱਖ ਧਰਮ ਮੰਨ ਕੇ ਲਗਾਤਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਜੋ ਕਿ ਲਾਮਿਸਾਲ ਹਨ। ਬਹੁਤ ਸਾਰੀਆਂ ਵਿਸ਼ਵ ਪੱਧਰੀ ਸਿੱਖ ਸੰਸਥਾਵਾਂ ਇਨ੍ਹਾ ਰਾਹਤ ਕਾਰਜਾਂ ਲਈ ਕੰਮ ਕਰ ਰਹੀਆਂ ਹਨ ਅਤੇ ਇਨ੍ਹਾਂ ਸੋਹਣੀਆਂ ਪੱਗਾਂ ਅਤੇ ਖੁਸ਼ੀਆਂ ਵਾਲੇ ਚਿਹਰਿਆਂ ਨਾਲ ਨਿਸ਼ਕਾਮ ਸੇਵਾਵਾਂ ਕਰਨ ਵਾਲੇ ਇਨ੍ਹਾਂ ਸਿੰਘ ਸੂਰਮਿਆਂ ਨੂੰ ਦੇਖ ਕੇ ਹਰ ਕੋਈ ਇਨ੍ਹਾ ਦੇ ਸੇਵਾ-ਭਾਵ ਨਾਲ ਕੀਲਿਆ ਜਾਂਦਾ ਹੈ। ਵਿਸ਼ਵ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ ਹੋਣ ਚਾਹੇ ਸੰਯੁਕਤ ਰਾਸ਼ਟਰ ਸੰਘ ਹੋਵੇ, ਸੀਰੀਆ ਸੰਕਟ ਦੇ ਖਾਤਮੇ ਲਈ ਕਿਸੇ ਵਲੋਂ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸਦੇ ਚੱਲਦੇ ਹਾਲਾਤ ਦਿਨ-ਬ-ਦਿਨ ਖਰਾਬ ਹੋ ਰਹੇ ਹਨ, ਉਥੇ ਸਮੁੱਚਾ ਸਿੱਖ ਜਗਤ ਅਤੇ ਹਰ ਮਨੁੱਖਤਾ ਪ੍ਰੇਮੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਸੀਰੀਆ ਅੰਦਰ ਸਿੱਖਾਂ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਨਾਲ ਖੁਸ਼ੀ ਮਹਿਸੂਸ ਕਰਦਾ ਹੈ। ਸੀਰੀਆਈ ਲੋਕ ਜੋ ਕਿ ਆਮ ਤੌਰ ਤੇ ਦੇਖਣ-ਸੁਨਣ ਵਿਚ ਆਇਆ ਹੈ ਕਿ ਬਹੁਤ ਖੁੱਲ੍ਹਦਿਲੀ ਵਾਲੇ ਸੁਭਾਅ ਲਈ ਜਾਣੇ ਜਾਂਦੇ ਹਨ, ਉਹ ਲੋਕ ਸਿੱਖਾਂ ਦੇ ਚਲਾਏ ਜਾ ਰਹੇ ਲੰਗਰਾਂ ਅਤੇ ਲੋੜਵੰਦਾਂ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਮੁੜ ਵਸੇਬਿਆਂ ਜਿਹੀਆਂ ਸੇਵਾਵਾਂ ਲਈ ਸਿੱਖ ਕੌਮ ਦੇ ਬਹੁਤ ਧੰਨਵਾਦੀ ਹਨ। ਆਪਣੇ ਦੇਸ਼ ਅੰਦਰ ਆਪਣੇ ਹੱਕਾਂ ਲਈ ਜੂਝਦੀ ਅਤੇ ਜੂਨ-ਨਵੰਬਰ 1984 ਸਿੱਖ ਨਸਲਕੁਸ਼ੀ ਵਾਸਤੇ ਸਾਲਾਂਬੱਧੀ ਇਨਸਾਫ ਦੀ ਮੰਗ ਕਰ ਰਹੀ ਸਿੱਖ ਕੌਮ ਨੂੰ ਭਾਵੇਂ ਆਪਣੇ ਦੇਸ਼ ਦੀਆਂ ਸਰਕਾਰਾਂ ਅਜੇ ਤੱਕ ਪੂਰਾ ਨਿਆਂ ਨਹੀਂ ਦੇ ਸਕੀਆਂ ਪਰ ਫਿਰ ਵੀ ਘੱਟ ਗਿਣਤੀ ਹੋਣ ਦੇ ਕਾਰਨ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨ ਵਾਲੀ ਇਸ ਸਿੱਖ ਕੌਮ ਵਲੋਂ ਸੰਸਾਰ ਭਰ ਵਿਚ ਨਿਸ਼ਕਾਮ ਕੀਤੇ ਜਾਂਦੇ ਕਾਰਜਾਂ ਦੇ ਚੱਲਦੇ ਅੱਜ ਸਮੁੱਚਾ ਸੰਸਾਰ ਭਲੀਭਾਂਤ ਜਾਣ ਚੁੱਕਾ ਹੈ ਕਿ ਸਿੱਖ ਕੌਮ ਸਰਬੱਤ ਦਾ ਭਲਾ ਲੋਚਣ ਵਾਲੀ ਕੌਮ ਹੈ ਅਤੇ ਸਿੱਖ ਹਮੇਸ਼ਾ ਲੋੜਵੰਦਾ ਦੀ ਮਦਦ ਅਤੇ ਮਜ਼ਲੂਮਾਂ ਦੀ ਰਾਖੀ ਲਈ ਤਤਪਰ ਰਹਿੰਦੇ ਹਨ। ਸਮਾਂ ਅਤੇ ਸਥਾਨ ਵੱਖ ਹੋ ਸਕਦੇ ਹਨ ਪਰ ਗੁਰੂ ਦਾ ਖਾਲਸਾ ਮਾਨਵਤਾ ਦੇ ਭਲੇ ਲਈ ਹਮੇਸ਼ਾ ਕਾਰਜਸ਼ੀਲ ਰਹਿੰਦਾ ਹੈ। ਸਮੁੱਚਾ ਸਿੱਖ ਪੰਥ ਸਰਬਤ ਦੇ ਭਲੇ ਦੀ ਲੋਚਾ ਕਰਦਾ ਹੈ ਅਤੇ ਸਿੱਖ ਕੌਮ ਹਮੇਸ਼ਾ ਹੀ ਸੀਸ ਤਲੀ ਤੇ ਰੱਖ ਕੇ ਦੂਜਿਆਂ ਦੀ ਮਦਦ ਲਈ ਅੱਗੇ ਨਿਤਰਦੀ ਰਹੀ ਹੈ। ਸੰਸਾਰ ਅੰਦਰ ਜਿਥੇ ਵੀ ਮਨੁੱਖਤਾ ਦਾ ਘਾਣ ਹੁੰਦਾ ਹੋ ਰਿਹਾ ਹੋਵੇ ਉਥੇ ਨਿਸੰਗ ਹੋ ਕੇ ਲੋਕਾਈ ਦੇ ਭਲੇ ਲਈ ਕਾਰਜ ਕਰਦੇ ਪੱਗਾਂ ਅਤੇ ਸੋਹਣੀਆਂ ਦਾੜ੍ਹੀਆਂ ਵਾਲੇ ਇਹ ਸਰਦਾਰ ਦੁਨੀਆ ਲਈ ਕਿਸੇ ਅਦੁੱਤੀ ਮਸੀਹੇ ਤੋਂ ਘੱਟ ਨਹੀਂ ਜਾਪਦੇ। ਸੰਸਾਰ ਵਿਚ ਅਜਿਹੀਆਂ ਥਾਵਾਂ ਜਿਥੇ ਕੋਈ ਨਹੀਂ ਪਹੁੰਚਦਾ ਉਥੇ ਭਾਈ ਘਨਈਆ ਜੀ ਦੇ ਵਾਰਿਸ ਪਹੁੰਚ ਕੇ ਸੇਵਾਵਾਂ ਕਰਦੇ ਹਨ ਪਰ ਅਫਸੋਸ ਬਹੁਤ ਸਾਰੇ ਐਂਟੀ ਪਬਲੀਸਿਟੀ ਕਰਨ ਵਾਲੇ ਲੋਕ ਇਨ੍ਹਾਂ ਪ੍ਰਤੀ ਸੱਚ ਨਸ਼ਰ ਨਹੀਂ ਹੋਣ ਦਿੰਦੇ। ਸਿੱਖਾਂ ਨੂੰ ਤਲਵਾਰਾਂ ਲਹਿਰਾਉਂਦੇ ਹੋਏ ਆਪਸ ਵਿਚ ਲੜਦੇ ਤਾਂ ਦਿਖਾਇਆ ਜਾਂਦਾ ਹੈ ਪਰ ਜੋ ਇਹ ਖਾਲਸੇ ਮਾਨਵਤਾ ਦੀ ਰਾਖੀ ਲਈ ਕਾਰਜ ਕਰ ਰਹੇ ਹਨ ਉਹ ਕੋਈ ਵੀ ਦਿਖਾ ਕੇ ਰਾਜ਼ੀ ਨਹੀਂ ਹੁੰਦਾ, ਜੋ ਕਿ ਅਫਸੋਸਨਾਕ ਹੈ।
ਇਹ ਕਹਿਣਾ ਅਤਿਕਥਨੀ ਬਿਲਕੁਲ ਨਹੀਂ ਹੋਵੇਗਾ ਕਿ ਆਪਣੇ ਉਲਟ ਰਾਜਨੀਤੀ ਦੇ ਚੱਲਦੇ ਹੋਏ ਵੀ ਵਿਸ਼ਵ ਪੱਧਰ ‘ਤੇ ਸਿੱਖ ਸੰਸਥਾਵਾਂ ਵੱਲੋਂ ਮਨੁੱਖਤਾ ਦੀ ਰਾਖੀ ਲਈ ਨਿਰੰਤਰ ਕੀਤੇ ਜਾ ਰਹੇ ਕਾਰਜ ਹੀ ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ ਅਤੇ ਗੁਰੂ ਦਾ ਖਾਲਸਾ ਪੰਥ ਨਿਰੰਤਰ ਇਹ ਕਾਰਜ ਨਿਭਾਉਂਦਾ ਹੋਇਆ ਸੰਸਾਰ ਭਰ ਵਿਚ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਦੇ ਮਹਾਨ ਵਾਕਾਂ ਉਪਰ ਪਹਿਰਾ ਦਿੰਦਾ ਰਹੇਗਾ।

Send this to a friend