Skip to content
Independent perspectives. Global stories.
BREAKING

ਕਿਸਾਨ, ਮਜ਼ਦੂਰ ਤੇ ਗਰੀਬ ਪੱਖੀ ਹੋਵੇਗਾ ਬਜਟ : ਹੁੱਡਾ

Share this story

image ਚੰਡੀਗੜ੍ਹ, 7 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ 21 ਫਰਵਰੀ ਨੂੰ ਸ਼ੁਰੂ ਹੋ ਰਹੇ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਪੂਰਾ ਬਜਟ ਪੇਸ਼ ਕੀਤਾ ਜਾਵੇਗਾ ਅਤੇ ਬਜਟ ਕਿਸਾਨ, ਮਜਦੂਰ ਅਤੇ ਗਰੀਬ ਪੱਖੀ ਹੋਵੇਗਾ। ਮੁੱਖ ਮੰਤਰੀ ਅੱਜ ਰਾਜ ਕੈਬਿਨੇਟ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।ਇਕ ਸੁਆਲ ਦੇ ਜਵਾਬ ਵਿਚ ਸ੍ਰੀ ਹੁੱਡਾ ਨੇ ਸਪਸ਼ਟ ਕੀਤਾ ਕਿ ਬਜਟ ਸੈਸ਼ਨ ਵਿਚ ਲੇਖਾਨੁਦਾਨ (ਵੋਟ ਆਨ ਅਕਾਊਂਟ) ਪੇਸ਼ ਨਹੀਂ ਹੋਵੇਗਾ ਅਤੇ ਪੂਰਾ ਬਜਟ ਪੇਸ਼ ਕੀਤਾ ਜਾਵੇਗਾ।ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਕੌਮੀ ਪੱਧਰ ਦੇ ਚੋਣ ਐਲਾਨ ਪੱਤਰ ਵਿਚ ਕਿਸਾਨ ਹਿੱਤ ਦੇ ਮੁੱਦੇ ਰੱਖਣ

ਲਈ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ 11 ਫਰਵਰੀ ਨੂੰ ਸੋਨੀਪਤ ਜਿਲੇ ਦੇ ਗੰਨੌਰ ਵਿਚ ਦੇਸ਼ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਗੇ ਅਤੇ ਇਸ ਦੇ ਆਯੋਜਨ ਦੀ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਦਸਿਆ ਕਿ ਗੰਨੌਰ ਵਿਚ ਸਥਾਪਿਤ ਕੀਤੀ ਜਾ ਰਹੀ ਕੌਮਾਂਤਰੀ ਟਰਮਿਨਲ ਮਾਰਕੀਟ ਦਾ ਨੀਂਹ ਪੱਥਰ ਵੀ ਇਸ ਦਿਨ ਰਾਹੁਲ ਗਾਂਧੀ ਵੱਲੋਂ ਰੱਖਿਆ ਜਾਵੇਗਾ। ਸ੍ਰੀ ਹੁੱਡਾ ਨੇ ਕਿਹਾ ਕਿ ਇਸ ਸੰਮੇਲਨ ਵਿਚ ਦੇਸ਼  ਭਰ ਦੇ ਕਿਸਾਨ ਸੰਗਠਨਾਂ ਦੇ ਨੁਮਾਇੰਦੇ ਹਿੱਸਾ ਲੈਣਗੇ ਅਤੇ ਹੁਣ ਤਕ 21 ਰਾਜਾਂ ਦੇ ਕਿਸਾਨ ਸੰਗਠਨਾਂ ਵੱਲੋਂ ਸਹਿਮਤੀ ਮਿਲ ਚੁੱਕੀ ਹੈ। ਇਸ ਸੰਮੇਲਨ ਵਿਚ ਲਗਭਗ 400 ਨੁਮਾਇੰਦਦਿਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।
ਇਕ ਹੋਰ ਸੁਆਲ ਦੇ ਜਵਾਬ ਵਿਚ ਸ੍ਰੀ ਹੁੱਡਾ ਨੇ ਇਕ ਵਾਰ ਮੁੜ ਸਪਸ਼ਟ ਕੀਤਾ ਕਿ ਹਰਿਆਣਾ ਵਿਧਾਨ ਸਭਾ ਆਪਣਾ ਕਾਰਜਕਾਲ ਪੂਰਾ ਕਰੇਗੀ ਅਤੇ ਵਿਧਾਨ ਸਭਾ ਚੋਣ ਨਿਰਧਾਰਿਤ ਸਮੇਂ ’ਤੇ ਹੋਣਗੇ। ਉਨ੍ਹਾਂ ਨੇ ਲੋਕ ਸਭਾ ਚੋਣ ਦੇ ਨਾਲ ਵਿਧਾਨ ਸਭਾ ਚੋਣ ਕਰਵਾਉਣ ਨੂੰ ਲੈ ਕੇ ਲਗਾਏ ਜਾ ਰਹੇ ਅੰਦਾਜ਼ਿਆਂ  ਨੂੰ ਖਾਰਿਜ ਕੀਤਾ। ਇਕ ਸੁਆਲ ਦੇ ਜਵਾਬ ਵਿਚ ਸ੍ਰੀ ਹੁੱਡਾ ਨੇ ਕਿਹਾ ਕਿ ਹਰਿਆਣਾ ਵਿਚ ਕਾਂਗਰਸ ਸਾਰੀਆਂ ਲੋਕ ਸਭਾ ਸੀਟਾਂ ’ਤੇ ਇੱਕਲੇ ਚੋਣ ਲੜੇਗੀ।
ਹਰਿਆਣਾ ਰਾਜ ਕਾਂਗਰਸ ਕਮੇਟੀ ਦੇ ਪ੍ਰਧਾਨ ਚੋਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਹੁੱਡਾ ਨੇ ਕਿਹਾ ਕਿ ਇਸ ਸਮੇਂ ਫੂਲਚੰਦ ਮੁਲਾਨਾ ਪਾਰਟੀ ਦੇ ਪ੍ਰਧਾਨ ਹਨ ਅਤੇ ਅੱਗੇ ਵੀ ਕੋਈ ਕਾਂਗਰਸੀ ਹੀ ਪ੍ਰਧਾਨ ਹੋਵੇਗਾ। ਕਿਸੇ ਮਹਿਲਾ ਨੂੰ ਪਾਰਟੀ ਪ੍ਰਧਾਨ ਬਣਾਏ ਜਾਣ ਦੀ ਸੰਭਾਵਨਾ ’ਤੇ ਸ੍ਰੀ ਹੁੱਡਾ ਨੇ ਕਿਹਾ ਕਿ ਇਹ ਕੋਈ ਵੀ ਹੋ ਸਕਦਾ ਹੈ, ਸਾਰਿਆਂ ਨੂੰ ਪੂਰਾ ਹੱਕ ਹੈ। ਹਰਿਆਣਾ ਵਿਚ ਖਾਪਾਂ ਦੀ ਭੂਮਿਕਾ ਦੇ ਸਬੰਧ ਵਿਚ ਪੁੱਛੇ ਜਾਣ ’ਤੇ ਸ੍ਰੀ ਹੁੱਡਾ ਨੇ ਕਿਹਾ ਕਿ ਇਹ ਹਰਿਆਣਾ ਦੇ ਸਭਿਆਚਾਰ ਦਾ ਹਿੱਸਾ ਹੈ ਅਤੇ ਰਾਜ ਵਿਚ ਖਾਪਾਂ ਦੀ ਭੂਮਿਕਾ ਇਕ ਐਨ.ਜੀ.ਓ. ਦੀ ਤਰ੍ਹਾਂ ਹੈ।
ਆਮ ਆਦਮੀ ਪਾਰਟੀ ਦੇ ਸਬੰਧ ਵਿਚ ਪੁੱਛੇ ਜਾਣ ’ਤੇ ਸ੍ਰੀ ਹੁੱਡਾ ਨੇ ਕਿਹਾ ਕਿ ਆਮ ਆਦਮੀ ਕਾਂਗਰਸ ਪਾਰਟੀ ਦੇ ਨਾਲ ਹੈ ਅਤੇ ਕੁਝ ਖਾਸ ਆਦਮੀ ਆਮ ਆਦਮੀ ਪਾਰਟੀ ਦੇ ਨਾਲ ਹਨ। ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਵਿਚ ਅੰਬਾਲਾ ਸੈਂਟਰਲ ਜੇਲ ਵਿਚ ਬੰਦ ਸਵਾਮੀ ਅਸੀਮਾ ਨੰਦ ਨੇ ਇਕ ਪੱਤਰਕਾਰ ਵੱਲੋਂ ਇੰਟਰਵਿਊ ਲਏ ਜਾਣ ਦੇ ਦਾਅਵੇ ਦੇ ਸਬੰਧ ਵਿਚ ਪੁੱਛੇ ਜਾਣ ’ਤੇ ਸ੍ਰੀ ਹੁੱਡਾ ਨੇ ਕਿਹਾ ਕਿ ਜੇਲ੍ਹ ਵਿਚ ਬੰਦ ਕਿਸੇ ਵੀ ਕੈਦੀ ਨਾਲ ਮੁਲਾਕਾਤ ਨਿਯਮ ਅਨੁਸਾਰ ਇਜਾਜ਼ਤ ਨਾਲ ਹੀ ਸੰਭਵ ਹੈ ਅਤੇ ਕੋਈ ਵੀ ਵਿਅਕਤੀ ਇਕ ਕਾਨੂੰਨੀ ਪ੍ਰਕ੍ਰਿਆ ਰਾਹੀਂ ਮੁਲਾਕਾਤ ਕਰ ਸਕਦਾ ਹੈ। ਇਸ ਮੌਕੇ ’ਤੇ ਮੁੱਖ ਸਕੱਤਰ ਐਸ.ਸੀ.ਚੌਧਰੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਡਾ.ਕੇ.ਕੇ.ਖੰਡੇਲਵਾਲ, ਵਧੀਕ ਪ੍ਰਧਾਨ ਸਕੱਤਰ ਸ਼ਿਵ ਰਮਨ ਗੋੜ, ਉਪ-ਪ੍ਰਧਾਨ ਸਕੱਤਰ ਆਰ.ਐਸ.ਦੂਨ, ਪ੍ਰਧਾਨ ਓਐਸਡੀ ਐਮ.ਐਸ.ਚੋਪੜਾ, ਵਧੀਕ ਮੀਡਿਆ ਸਲਾਹਕਾਰ ਸੁਨੀਲ ਪਰਤੀ ਤੇ ਕੇਵਲ ਢਿੰਗਰਾ, ਉਦਯੋਗ ਤੇ ਵਪਾਰ ਵਿਭਾਗ ਦੇ ਵਧੀਕ ਪ੍ਰਧਾਨ ਸਕੱਤਰ ਯੁੱਧਵੀਰ ਸਿੰਘ ਮਲਿਕ ਵੀ ਹਾਜ਼ਿਰ ਸਨ।

WRITTEN BY