ਮੂਣਕ (ਸੰਗਰੂਰ), 7 ਫਰਵਰੀ (ਕੁਲਵੰਦ ਦੇਹਲਾਂ, ਰਣਦੀਪ ਖੰਗੂੜਾ)-ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕੇਂਦਰ ’ਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ. ਦੀ ਸਰਕਾਰ ਅਵੱਸ਼ ਬਣੇਗੀ ਅਤੇ ਨਵੇਂ ਗਠਿਤ ਹੋਏ ਤੀਜੇ ਮੋਰਚੇ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਤੀਜੇ ਮੋਰਚੇ ਬਹੁਤ ਵਾਰ ਬਣੇ ਹਨ ਪ੍ਰੰਤੂ ਇਹ ਕਦੇ ਵੀ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਦੱਸਿਆ ਕਿ ਜਦੋਂ ਪਿਛਲੀ ਵਾਰ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਐਨ.ਡੀ.ਏ. ਸਰਕਾਰ ਬਣੀ ਸੀ ਤਾਂ ਉਸ ਸਮੇਂ 24 ਪਾਰਟੀਆਂ ਨੇ ਇਸ ’ਚ ਸ਼ਮੂਲੀਅਤ ਕੀਤੀ ਸੀ ਅਤੇ ਹੁਣ ਵੀ ਸ੍ਰੀ ਮੋਦੀ ਦੀ ਅਗਵਾਈ ’ਚ ਸਰਕਾਰ ਬਣਨ ’ਤੇ ਬਹੁਤੀਆਂ ਪਾਰਟੀਆਂ ਐਨ.ਡੀ.ਏ. ’ਚ ਸ਼ਾਮਲ ਹੋ ਜਾਣਗੀਆਂ। ਸ. ਢੀਂਡਸਾ ਅੱਜ ਸ
. ਸੁਖਵੰਤ ਸਿੰਘ ਸਰਾਉ ਦੀ ਅਗਵਾਈ ਹੇਠ ਮੂਣਕ ਵਿਖੇ ਸਥਾਨਕ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਕੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਕਰਵਾਏ ਗਏ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਪੱਤਰਕਾਰਾਂ ਵੱਲੋਂ ’84 ਸਿੱਖ ਕਤਲੇਆਮ ’ਚ ਕੁਝ ਕਾਂਗਰਸੀਆਂ ਦੀ ਸ਼ਮੂਲੀਅਤ ਬਾਰੇ ਰਾਹੁਲ ਗਾਂਧੀ ਦੇ ਬਿਆਨ ਸਬੰਧੀ ਪੁੱਛਣ ’ਤੇ ਰਾਜ ਸਭਾ ਮੈਂਬਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 1984 ਤੋਂ ਲਗਾਤਾਰ ਇਹ ਕਹਿੰਦਾ ਆ ਰਿਹਾ ਹੈ ਕਿ ਬੇਦੋਸ਼ੇ ਸਿੱਖਾਂ ਦੇ ਕਤਲੇਆਮ ਲਈ ਕਾਂਗਰਸ ਹੀ ਜ਼ਿੰਮੇਵਾਰ ਹੈ ਪ੍ਰੰਤੂ ਕਾਂਗਰਸ ਅਜੇ ਵੀ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਨੂੰ ਤਿਆਰ ਨਹੀਂ। ਘੱਗਰ ਦੀ ਸਮੱਸਿਆ ਦੇ ਹੱਲ ਸੰਬਧੀ ਪੁੱਛੇ ਜਾਣ ’ਤੇ ਸ. ਢੀਂਡਸਾ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਕੇਂਦਰ ਸਰਕਾਰ ਵੱਲੋਂ ਅੜਿੱਕੇ ਲਗਾਉਣ ਕਾਰਨ ਨਹੀਂ ਹੋ ਰਿਹਾ ਪਰ ਜੇਕਰ ਪੰਜਾਬ ਦੇ ਲੋਕ ਇੱਕ ਵਾਰ ਕੇਂਦਰ ’ਚ ਐਨ.ਡੀ.ਏ. ਸਰਕਾਰ ਬਣਾ ਦੇਣ ਤਾਂ ਤੁਰੰਤ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਮੁਖ ਤਰਜੀਹ ਪੰਜਾਬ ਦਾ ਵਿਕਾਸ ਤੇ ਲੋਕ ਭਲਾਈ ਦੀਆਂ ਸਕੀਮਾਂ ਹਨ ਅਤੇ ਸਰਕਾਰ ਨੇ ਗਰੀਬਾਂ ਸਮੇਤ ਹਰ ਵਰਗ ਦੀ ਬਾਂਹ ਫੜਦਿਆਂ ਲੋਕ ਭਲਾਈ ਸਕੀਮਾਂ ਲਾਗੂ ਕੀਤੀਆਂ ਤੇ ਰਾਜ ਚੌਂਹਪੱਖੀ ਵਿਕਾਸ ਕਰਵਾਉਣ ਦੀਆਂ ਯੋਜਨਾਵਾਂ ਉਲੀਕੀਆਂ। ਇਸ ਮੌਕੇ ਰਾਜ ਸਭਾ ਮੈਂਬਰ ਨੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਰਕਾਰ ਨੇ ਹਰੇਕ ਸ਼ਹਿਰ ਤੇ ਮੰਡੀਆਂ ਦੇ ਵਿਕਾਸ ਲਈ ਵੀ ਵੱਖਰਾ ਫੰਡ ਰੱਖਿਆ ਹੈ। ਜਿਸ ਤਹਿਤ ਤਕਰੀਬਨ 1.50 ਕਰੋੜ ਰੁਪਏ ਇਕੱਲੇ ਮੂਣਕ ਦੇ ਵਿਕਾਸ ’ਤੇ ਖਰਚ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਟੈਂਡਰ ਹੋ ਚੁੱਕੇ ਹਨ ਜ਼ਿਨ੍ਹਾਂ ਦਾ ਕੰਮ ਵੀ ਜਲਦ ਸ਼ੁਰੂ ਹੋ ਰਿਹਾ ਹੈ ਜਦਕਿ ਨਵੀਂਆਂ ਸੜਕਾਂ ਮਈ ਦੌਰਾਨ ਬਣਗੀਆਂ। ਉਨ੍ਹਾਂ ਕਿਹਾ ਕਿ ਨਵੀਂ ਆਟਾ ਦਾਲ ਸਕੀਮ ਤਹਿਤ ਇੱਕ ਰੁਪਏ ਕਿਲੋ ਕਣਕ ਤੇ 20 ਕਿੱਲੋ ਦਾਲ ਦੀ ਸਕੀਮ ਹੇਠ 50 ਫੀਸਦੀ ਲੋੜਵੰਦ ਆਬਾਦੀ ਨੂੰ ਲਿਆਂਦਾ ਜਾ ਰਿਹਾ ਹੈ ਜਦਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ 30 ਹਜ਼ਾਰ ਰੁਪਏ ਤੱਕ ਦੀ ਮੁਫ਼ਤ ਮੈਡੀਕਲ ਸਹੂਲਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਹਲਕਾ ਇੰਚਾਰਜ ਸ. ਸੁਖਵੰਤ ਸਿੰਘ ਸਰਾਉ ਨੇ ਸ. ਢੀਂਡਸਾ ਦਾ ਸਵਾਗਤ ਕਰਦਿਆਂ ਮੂਣਕ ਦੀਆਂ ਮੰਗਾਂ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਸ. ਢੀਂਡਸਾ ਦੀ ਬਤੌਲਤ ਵਿਕਾਸ ਫੰਡਾਂ ਦੀ ਕੋਈ ਕਮੀ ਨਹੀਂ ਹੈ ਜਿਸ ਲਈ ਲਹਿਰਾਗਾਗਾ, ਮੂਣਕ ਤੇ ਖਨੌਰੀ ਦੀ ਨੁਹਾਰ ਬਦਲਕੇ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ।
ਸੰਗਤ ਦਰਸ਼ਨ ਦੌਰਾਨ ਸ. ਢੀਂਡਸਾ ਨੇ ਮੂਣਕ ਦੇ ਵੱਖ-ਵੱਖ ਵਰਗਾਂ ਦੀਆਂ ਧਰਮਸ਼ਾਲਾਵਾਂ ਅਤੇ ਹੋਰਨਾਂ ਵਿਕਾਸ ਕਾਰਜਾਂ ਲਈ ਤਕਰੀਬਨ 50 ਲੱਖ ਰੁਪਏ ਦੇ ਚੈਕ ਤਕਸੀਮ ਕੀਤੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਮੌਕੇ ’ਤੇ ਹੀ ਨਿਪਟਾਰਾ ਕਰਵਾਇਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਰਾਮਪਾਲ ਸਿੰਘ ਬਹਿਣੀਵਾਲ, ਨਗਰ ਪੰਚਾਇਤ ਦੇ ਪ੍ਰਧਾਨ ਸ੍ਰੀ ਭੀਮ ਸੈਨ ਗਰਗ, ਐਡਵੋਕੇਟ ਕੁਲਵੰਤ ਸਿੰਘ ਰੋਮਾਣਾ, ਬਲਾਕ ਸੰਮਤੀ ਚੇਅਰਮੈਨ ਚਮਕੌਰ ਸਿੰਘ ਬਾਦਲਗੜ੍ਹ, ਮਾਸਟਰ ਰਾਮ ਸਿੰਘ ਦੇਹਲਾਂ, ਪਾਲ ਸਿੰਘ ਗੇਹਲਾਂ, ਪ੍ਰਕਾਸ਼ ਚੰਦ ਮੁਲਾਣਾ, ਮਲਕੀਤ ਸੈਣੀ, ਕਾਲਾ ਰਾਮ, ਦਰਸ਼ਨ ਰਾਮ, ਪਰਮਜੀਤ ਰਾਉ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਕਰਮਵੀਰ ਸਿੰਗਲਾ, ਭਾਜਪਾ ਮੰਡਲ ਪ੍ਰਧਾਨ ਸ੍ਰੀ ਜੈ ਭਗਵਾਨ ਸਿੰਗਲਾ, ਸ੍ਰੀਮਤੀ ਦਲਜੀਤ ਕੌਰ ਭੁੱਲਰ, ਏ.ਡੀ.ਸੀ. (ਜਨਰਲ) ਪ੍ਰੀਤਮ ਸਿੰਘ ਜੌਹਲ, ਐਸ.ਡੀ.ਐਮ. ਬਖ਼ਤਾਵਰ ਸਿੰਘ, ਡੀ.ਐਸ.ਪੀ. ਗੁਰਮੇਲ ਸਿੰਘ ਧਾਲੀਵਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਤੇਜ ਪ੍ਰਤਾਪ ਸਿੰਘ ਸਰਾਉ, ਡੀ.ਈ.ਓ (ਅ) ਨਿਰਮਲ ਸਿੰਘ ਸਿੱਧੂ, ਬੀ.ਡੀ.ਪੀ.ਓ. ਰਾਮ ਸਿੰਘ, ਕਾਰਜ ਸਾਧਕ ਅਫ਼ਸਰ ਰਮੇਸ਼ ਕੁਮਾਰ ਸਮੇਤ ਹੋਰ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ, ਮੂਣਕ ਦੇ ਵਸਨੀਕ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਗੂ ਤੇ ਵਰਕਰ ਵੱਡੀ ਗਿਣਤੀ ’ਚ ਮੌਜੂਦ ਸਨ।



