ਬਜਟ 24 ਮਾਰਚ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ
ਚੰਡੀਗੜ, 7 ਮਾਰਚ- ਪੰਜਾਬ ਮੰਤਰੀ ਮੰਡਲ ਨੇ ਵਿਧਾਨ ਸਭਾ ਦਾ ਬਜਟ ਸਮਾਗਮ 20 ਮਾਰਚ ਤੋਂ 28 ਮਾਰਚ ਤਕ ਸਦਣ ਦਾ ਫੈਸਲਾ ਕੀਤਾ ਹੈ ਜਿਸ ਦੌਰਾਨ ਸਾਲ 2018-19 ਦਾ ਬਜਟ 24 ਮਾਰਚ ਨੂੰ ਸਦਨ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।ਇਹ ਫੈਸਲਾ ਅਜ ਦੁਪਹਿਰ ਪੰਜਾਬ ਭਵਨ ਵਿਖੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।ਮੰਤਰੀ ਮੰਡਲ ਦੇ ਇਸ ਫੈਸਲੇ ਦੇ ਅਨੁਸਾਰ ਭਾਰਤੀ ਸੰਵਿਧਾਨ ਦੀ ਧਾਰਾ 174 ਦੀ ਕਲਾਜ਼ (1) ਦੇ ਅਨੁਸਾਰ 15ਵੀਂ ਪੰਜਾਬ ਵਿਧਾਨ ਸਭਾ ਦਾ ਚੌਥਾ ਸਮਾਗਮ ਸਦੇ ਜਾਣ ਲਈ ਪੰਜਾਬ ਦੇ ਰਾਜਪਾਲ ਨੂੰ ਅਧਿਕਾਰਿਤ ਕੀਤਾ ਗਿਆ ਹੈ।ਬਜਟ ਸਮਾਗਮ 20 ਮਾਰਚ ਨੂੰ ਸ਼ਰਧਾਂਜਲੀਆਂ ਦੇ ਨਾਲ ਸ਼ੁਰੂ ਹੋਵੇਗਾ ਅਤੇ ਉਸੇ ਦਿਨ ਸਵੇਰੇ 11 ਵਜੇ ਰਾਜਪਾਲ ਦਾ ਭਾਸ਼ਣ ਹੋਵੇਗਾ।ਪਹਿਲੇ ਦਿਨ ਦੋ ਸੈਸ਼ਨ ਹੋਣਗੇ।ਰਾਜਪਾਲ ਦੇ ਭਾਸ਼ਣ ‘ਤੇ ਧੰਨਵਾਦ ਦਾ ਮਤਾ 21 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਸ ’ਤੇ ਚਰਚਾ ਹੋਵੇਗੀ। ਇਸ ਮਤੇ ’ਤੇ ਬਹਿਸ ਅਗਲੇ ਦੋ ਦਿਨ ਤਕ ਚਲੇਗੀ।ਬੁਲਾਰੇ ਨੇ ਅਗੇ ਦਸਿਆ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੇ ਕਾਰਨ ਸਮਾਗਮ ਨਹੀਂ ਹੋਵੇਗਾ।ਸਾਲ 2016-17 ਦੀ ਭਾਰਤ ਦੇ ਕੰਪਟਰੋਲਰ ਅਤੇ ਅਡੀਟਰ ਜਨਰਲ ਦੀਆਂ ਰਿਪੋਰਟਾਂ (ਸਿਵਲ, ਵਪਾਰਕ), ਸਾਲ 2016-17 ਦੇ ਪੰਜਾਬ ਸਰਕਾਰ ਦੇ ਵਿਤੀ ਲੇਖੇ ਅਤੇ ਸਾਲ 2016-17 ਦੀ ਨਮਿਤਣ ਲੇਖੇ ਦੀਆਂ ਰਿਪੋਰਟਾਂ 24 ਮਾਰਚ ਨੂੰ ਸਵੇਰੇ 10 ਵਜੇ ਸਦਨ ਵਿਚ ਰਖੇ ਜਾਣ ਦੀ ਸੰਭਾਵਨਾ ਹੈ।ਸਾਲ 2017-18 ਲਈ ਗਰਾਂਟਾਂ ਲਈ ਅਨੁਪੂਰਕ ਮੰਗਾਂ, ਸਾਲ 2017-18 ਦੀਆਂ ਗਰਾਂਟਾਂ ਲਈ ਅਨੁਪੂਰਕ ਮੰਗਾਂ ‘ਤੇ ਨਮਿਤਣ ਬਿਲ, ਸਾਲ 2018-19 ਦੇ ਬਜਟ ਅਨੁਮਾਨ ਵੀ 24 ਮਾਰਚ ਨੂੰ ਪੇਸ਼ ਕੀਤੇ ਜਾਣਗੇ।ਬਜਟ ਅਨੁਮਾਨਾਂ ਬਾਰੇ ਬਹਿਸ 26 ਮਾਰਚ ਨੂੰ ਬਾਅਦ ਦੁਪਹਿਰ ਦੋ ਵਜੇ ਸ਼ੁਰੂ ਹੋਵੇਗੀ ਅਤੇ ਇਹ ਅਗਲੇ ਦਿਨ ਵੀ ਜਾਰੀ ਰਹੇਗੀ।ਸਾਲ 2018-19 ਦੇ ਬਜਟ ਅਨੁਮਾਨਾਂ ਸਬੰਧੀ ਮੰਗਾਂ ‘ਤੇ ਬਹਿਸ ਅਤੇ ਵੋਟਿੰਗ, ਸਾਲ 2018-19 ਲਈ ਬਜਟ ਅਨੁਮਾਨਾਂ ਬਾਰੇ ਨਮਿਤਣ ਬਿਲ ਅਤੇ ਵਿਧਾਨਿਕ ਕੰਮਕਾਰ 28 ਮਾਰਚ ਨੂੰ ਹੋਣਗੇ। ਇਸ ਤੋਂ ਬਾਅਦ ਸਦਨ ਨੂੰ ਅਣਮਿਥੇ ਸਮੇਂ ਲਈ ਮੁਅਤਲ ਕਰ ਦਿਤਾ ਜਾਵੇਗਾ।