ਟਰੱਕ ਆਪਰੇਟਰਾਂ ਅਤੇ ਚੱਢਾ ਟਰਾਂਸਪੋਰਟ ਦੀ ਲੜਾਈ ਸੜਕਾਂ ’ਤੇ ਉਤਰੀ

ਪਟਿਆਲਾ, 6 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸ਼ਹਿਰ ਦੇ ਟਰੱਕ ਆਪਰੇਟਰਾਂ ਅਤੇ ਚੱਢਾ ਟਰਾਂਸਪੋਰਟ ਦੀ ਲੜਾਈ ਸੜਕਾਂ ’ਤੇ ਉਤਰ ਆਈ ਹੈ। ਜਿਥੇ ਇੱਕ ਪਾਸੇ ਅੱਜ ਟਰੱਕ ਓਪਰੇਟਰਾਂ ਨੇ ਚੱਢਾ ਟਰਾਂਸਪੋਰਟ ਦੇ ਮਾਲਕ ਪ੍ਰੀਤਮ ਸਿੰਘ ਚੱਢਾ ਦਾ ਪੁਤਲਾ ਸਾੜਿਆ, ਉਥੇ ਪ੍ਰੀਤਮ ਸਿੰਘ ਚੱਢਾ ਦੇ ਪੁੱਤਰ ਜਪ ਚੱਢਾ ਨੇ ਇਸ ਮਾਮਲੇ ਵਿਚ ਅਦਾਲਤ ਵਿਚ ਮਾਣਹਾਨੀ ਦਾ ਕੇਸ ਦਾ ਐਲਾਨ ਕੀਤਾ ਹੈ। ਇਧਰ ਟਰੱਕ ਓਪਰੇਟਰਾਂ ਨੇ ਪ੍ਰੀਤਮ ਸਿਘ ਚੱਢਾ ਅਤੇ ਪੁੱਤਰ ਜਪ ਚੱਢਾ ਦੇ ਖਿਲਾਫ ਖੁਲ ਕੇ ਨਾਅਰੇਬਾਜ਼ੀ ਕੀਤੀ ਅਤੇ ਉਸ ਨੂੰ ਓਪਰੇਟਰਾਂ ਨਾਲ ਦੀ ਪਿੱਠ ਵਿਚ ਛੁਰਾ ਮਾਰਨ ਵਾਲਾ ਕਰਾਰ ਦਿੱਤਾ। ਟਰੱਕ ਓਪਰੇਟਰਾਂ ਦੀ ਅਗਵਾਈ ਕਰ ਰਹੇ ਹਰਪਾਲ ਪ੍ਰਧਾਨ, ਸੁਖਦੇਵ ਸਿੰਘ ਬੈਂਕੋ, ਤਰਲੋਚਨ ਸਿੰਘ ਤੋਚੀ, ਨਿੱਕੂ, ਹਰਦੀਪ ਸਿੰਘ ਦੀਪਾ ਕਿਹਾ ਕਿ ਚੱਢਾ ਟਰਾਂਸਪੋਰਟ ਵੱਲੋਂ ਪਟਿਆਲਾ ਦੇ ਟਰੱਕ ਓਪਰੇਟਰਾਂ ਖਾਸ ਤੌਰ ’ਤੇ ਛੋਟੇ ਟਰੱਕ ਓਪਰੇਟਰਾਂ ਦੀ ਦੋ ਵਕਤ ਦੀ ਰੋਟੀ ਖੋਹਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਹਰਪਾਲ ਪ੍ਰਧਾਨ ਨੇ ਕਿਹਾ ਕਿ ਡੀ.ਐਮ.ਡਬਲਯੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 80 ਦੇ ਦਹਾਕੇ ਵਿਚ ਪਟਿਆਲਾ ਦੇ ਲੋਕਾਂ ਦੇ ਰੁਜਗਾਰ ਲਈ ਇੱਕ ਵੱਡਾ ਪ੍ਰਾਜੈਕਟ ਲੈ ਕੇ ਆਏ ਸੀ ਪਰ ਚੱਢਾ ਟਰਾਂਸਪੋਰਟ ਪਟਿਆਲਾ ਦੇ ਸਥਾਨਕ ਓਪਰੇਟਰਾਂ ਨੂੰ ਕੰਮ ਦੇਣ ਦੀ ਬਜਾਏ। ਬਾਹਰਲੇ ਜਾਂ ਆਪਣੇ ਟਰੱਕਾਂ ਨਾਲ ਡੀ.ਐਮ.ਡਬਲਯੂ ਦਾ ਕੰਮ ਕਰ ਰਿਹਾ ਹੈ, ਜੋ ਕਿ ਸਰਾਸਰ ਧੱਕਾ ਹੈ। ਇਸ ਨਾਲ ਪਟਿਆਲਾ ਦੇ ਟਰੱਕ ਓਪਰੇਟਰਾਂ ਦਾ ਰੁਜਗਾਰ ਦਾ ਹੱਕ ਮਾਰਿਆ ਜਾ ਰਿਹਾ ਹੈ। ਇਸ ਬਾਰੇ ਅਸੀਂ ਮਹਾਰਾਣੀ ਪ੍ਰਨੀਤ ਕੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਣੂ ਕਰਵਾਇਆ ਜਾਵੇਗਾ। ਇਸ ਧੰਦੇ ਨਾਲ ਤਕਰੀਬਨ 25 ਹਜ਼ਾਰ ਲੋਕ ਜੁੜੇ ਹੋਏ ਹਨ। ਜਿਨ੍ਹਾਂ ਦੀ ਰੋਜ਼ੀ ਰੋਟੀ ’ਤੇ ਸਿੱਧਾ ਅਸਰ ਪੈ ਰਿਹਾ ਹੈ। ਇਸ ਮਸਲੇ ਨੂੰ ਜਲਦੀ ਸੁਲਝਾਇਆ ਜਾਵੇ। ਉਹਨਾਂ ਦੱਸਿਆ ਕਿ ਡੀ.ਐਮ.ਡਬਲਯੂ ਦਾ ਠੇਕਾ ਚਾਰ ਟਰਾਂਸਪੋਟਰਾਂ ਦੇ ਕੋਲ ਹੈ। ਜਿਨ੍ਹਾਂ ਵਿਚੋਂ ਤਿੰਨ ਸਥਾਨਕ ਟਰੱਕ ਆਪਰੇਟਰਾਂ ਨੂੰ ਕੰਮ ਦੇ ਰਹੇ ਹਨ ਅਤੇ ਸਿਰਫ ਚੱਢਾ ਟਰਾਂਸਪੋਰਟਰ ਹੀ ਪਟਿਆਲਾ ਦੇ ਲੋਕਾਂ ਬੇਰੁਜਗਾਰ ਕਰਨ ਵਿਚ ਜੁਟੇ ਹੋਏ ਹਨ। ਜਦੋਂ ਕਿ 80 ਫੀਸਦੀ ਕੰਮ ਚੱਢਾ ਟਰਾਂਸਪੋਰਟ ਦੇ ਕੋਲ ਹੈ। ਉਹਨਾਂ ਕਿਹਾ ਕਿ ਪ੍ਰੀਤਮ ਸਿੰਘ ਚੱਢਾ ਖੁਦ 15 ਸਾਲ ਪ੍ਰਧਾਨ ਰਿਹਾ ਹੈ ਅਤੇ ਉਹਨਾਂ ਦੇ ਸਿਰ ’ਤੇ ਸਰਦਾਰੀ ਕੀਤੀ ਅਤੇ ਅੱਜ ਉਹਨਾਂ ਦੇ ਹੀ ਪਰਿਵਾਰ ਉਜਾੜਨ ‘ਤੇ ਉਤਾਰੂ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਯੂਨੀਅਨ ਤੋੜੀਆਂ ਹਨ ਨਾ ਕਿ ਸਥਾਨਕ ਟਰੱਕ ਓਪਰੇਟਰਾਂ ਨੂੰ ਬੇਰੁਜਗਾਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।

Send this to a friend