ਅੰਮ੍ਰਿਤਸਰ, 6 ਮਾਰਚ (ਦਵਾਰਕਾ ਨਾਥ ਰਾਣਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਨਦਾਰ ਸੇਵਾਵਾਂ ਬਦਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਪੁਲਿਸ ਸ੍ਰ.ਜਗਮੋਹਨ ਸਿੰਘ ਨੂੰ ਪ੍ਰੈਜੀਡੈਂਟ ਪੁਲਿਸ ਮੈਡਲ ਫਾਰ ਮੈਰੀਟੌਰੀਅਸ ਸਰਵਿਸ ਦੇ ਨਾਲ ਸਨਮਾਨਿਤ ਕੀਤਾ ਹੈ। ਇਹ ਸਨਮਾਨ ਮੁੱਖ ਮੰਤਰੀ ਵੱਲੋਂ ਸ੍ਰ.ਜਗਮੋਹਨ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ 28 ਫਰਵਰੀ ਨੂੰ ਦਿੱਤਾ ਗਿਆ। ਇਸ ਮੌਕੇ ’ਤੇ ਪੀ.ਪੀ.ਐਸ.ਅਧਿਕਾਰੀ ਨੂੰ ਇਸ ਮੈਡਲ ਲਈ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੈਡਲ ਪੁਲਿਸ ਫੋਰਸ ਵਿੱਚ ਉਨਾਂ ਵਲੋਂ ਨਿਭਾਈ ਗਈ ਸ਼ਾਨਦਾਰ ਸੇਵਾਵਾਂ ਦੇ ਬਦਲੇ ਦਿੱਤਾ ਗਿਆ ਹੈ। ਉਨ੍ਹਾਂ ਸ੍ਰ.ਜਗਮੋਹਨ ਸਿੰਘ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਉਨਾ ਨੂੰ ਆਪਣੀ ਡਿਊਟੀ ਹੋਰ ਵੀ ਤਨਦੇਹੀ ਨਾਲ ਨਿਭਾਉਣ ਲਈ ਆਖਿਆ। ਇਥੇ ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਇਸ ਮੌਕੇ ’ਤੇ ਇਕ ਪੁਲਿਸ ਮੈਡਲ ਬਹਾਦਰੀ ਲਈ ਦਿੱਤਾ ਜਦਕਿ 59 ਅਧਿਕਾਰੀਆਂ ਜਿਨਾਂ ਵਿੱਚ 3 ਏ.ਡੀ.ਜੀ.ਪੀ., 2 ਆਈ.ਜੀ., 2 ਡੀ.ਆਈ.ਜੀ., 12 ਐਸ.ਐਸ.ਪੀ./ ਕਮਾਂਡੈਂਟ/ਡੀ.ਸੀ.ਪੀ./ ਏ.ਆਈ.ਜੀ. , 1 ਡੀ.ਆਈ.ਜੀ., 1 ਡੀ.ਐਸ.ਪੀ., 18 ਇੰਸਪੈਕਟਰ, 14 ਸਬ ਇੰਸਪੈਕਟਰ, 14 ਏ.ਐਸ.ਆਈ. ਅਤੇ 1 ਹੈਡ ਕਾਂਸਟੇਬਲ ਨੂੰ ਪ੍ਰੈਜੀਡੈਂਟ ਪੁਲਿਸ ਮੈਡਲ ਫਾਰ ਮੈਰੀਟੌਰੀਅਸ ਸਰਵਿਸ ਦਿੱਤਾ ਗਿਆ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਵੀ ਹਾਜ਼ਰ ਸਨ।