ਨਕਲੀ ਹਰਿਮੰਦਰ ਸਾਹਿਬ ਬਰਦਾਸ਼ਤ ਨਹੀ ਕਰਾਂਗੇ : ਭਾਈ ਲੋਂਗੋਵਾਲ

ਸ੍ਰੀ ਅਨੰਦਪੁਰ ਸਾਹਿਬ, 1 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)-ਅੱਜ ਹੋਲੇ ਮਹੱਲੇ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਨਕਲੀ ਹਰਿਮੰਦਰ ਸਾਹਿਬ ਪ੍ਰਵਾਨ ਨਹੀ। ਉਨ੍ਹਾਂ ਕਿਹਾ ਇਹ ਸਿੱਖ ਕੌਮ ਦਾ ਕੇਂਦਰੀ ਅਸਥਾਨ ਹੈ ਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਮਸਤੂਆਣਾ ਵਿਖੇ ਜੋ ਸ਼੍ਰੀ ਹਰਿਮੰਦਰ ਸਾਹਿਬ ਦੀ ਨਕਲ ਤਿਆਰ ਕੀਤੀ ਗਈ ਹੈ ਉਸ ਵਿਚ ਲੋੜੀਂਦੀਆਂ ਤਬਦੀਲੀਆਂ ਲਈ ਟੀਮ ਪੜਤਾਲ ਕਰ ਰਹੀ ਹੈ ਤੇ ਇਸ ਨੂੰ ਹਰ ਹੀਲੇ ਬਦਲਿਆ ਜਾਵੇਗਾ। ਦਿੱਲੀ ਵਿਚ 40 ਦੇ ਕਰੀਬ ਸਿਕਲੀਗਰ ਪਰਿਵਾਰਾਂ ਵਲੋਂ ਸਿੱਖ ਧਰਮ ਤਿਆਗ ਕੇ ਇਸਾਈ ਧਰਮ ਅਪਨਾਉਣ ਬਾਰੇ ਉਨ੍ਹਾਂ ਕਿਹਾ ਕਿ ਉਹ ਦੋ ਦਿਨਾਂ ਵਿਚ ਹੀ ਇਕ ਟੀਮ ਉਥੇ ਭੇਜ ਰਹੇ ਹਨ ਤਾਂ ਜੋ ਇਸ ਵਿਚਲੀ ਸਚਾਈ ਦਾ ਪਤਾ ਲਗਾਇਆ ਜਾ ਸਕੇ। ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਅਸੀਂ ਸਿਕਲੀਗਰ ਸਿੱਖਾਂ ਦੀ ਹਰ ਤਰਾਂ ਦੀ ਮਦਦ ਕਰਾਂਗੇ ਤੇ ਉਨ੍ਹਾਂ ਨੂੰ ਨਿਰਾਸ਼ ਨਹੀ ਹੋਣ ਦੇਵਾਂਗੇ। ਇਸ ਮੋਕੇ ਉਨ੍ਹਾਂ ਦੇ ਨਾਲ ਡਾ:ਦਲਜੀਤ ਸਿੰਘ ਚੀਮਾ, ਮਨਜੀਤ ਸਿੰਘ ਬਾਸੋਵਾਲ, ਮੋਹਨ ਸਿੰਘ ਡੂਮੇਵਾਲ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

Send this to a friend