ਜਲੰਧਰ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਉਤਰੀ ਭਾਰਤ ਦੀ ਉਘੀ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵੱਲੋਂ ਅਕਾਦਮਿਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਲਈ ਸਲਾਨਾ ਇਨਾਮ ਵੰਡ ਸਮਾਗਮ ਕਰਾਇਆ ਗਿਆ ਜਿਸ ਵਿਚ ਨਗਰ ਨਿਗਮ ਜਲੰਧਰ ਦੇ ਮਾਣਯੋਗ ਮੇਅਰ ਸ੍ਰੀ ਜਗਦੀਸ਼ ਰਾਜ ਰਾਜਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਤੇ ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਅਫੇਅਰਜ਼ ਨੇ ਮੁੱਖ ਮਹਿਮਾਨ ਸ੍ਰੀ ਜਗਦੀਸ਼ ਰਾਜ ਰਾਜਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ। ਮੁੱਖ ਮਹਿਮਾਨ ਸ੍ਰੀ ਜਗਦੀਸ਼ ਰਾਜ ਰਾਜਾ ਨੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚੋਂ ਯੂਨੀਵਰਸਿਟੀ ਮੈਰਿਟ ਹਾਸਲ ਕਰਨ ਵਾਲੇ, ਅੰਤਰ-ਰਾਸ਼ਟਰੀ ਅਤੇ ਅੰਤਰ-ਯੂਨੀਵਰਸਿਟੀ ਪੱਧਰ ਦੇ ਖਿਡਾਰੀਆਂ ਤੇ ਸਹਿਪਾਠੀ ਗਤੀਵਿਧੀਆ ਵਿਚ ਹਿੱਸਾ ਲੈਣ ਵਾਲੇ ਲਗਭਗ 370 ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਅਕਾਦਮਿਕ ਖੇਤਰ ਵਿਚ ਨੇਹਾ ਅਰੋੜਾ, ਸੱਭਿਆਚਾਰਕ ਗਤੀਵਿਧੀਆ ਵਿਚੋਂ ਲਵਪ੍ਰੀਤ ਮਾਨ ਅਤੇ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਸੌਰਵ ਨੂੰ ‘ਰੋਲ ਆਫ ਆਨਰ’ ਦੀ ਟਰਾਫੀ ਅਤੇ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਕਾਲਜ ਦੇ 13 ਅਧਿਆਪਕ ਡਾ. ਮਨੋਹਰ ਸਿੰਘ, ਡਾ. ਬਲਰਾਜ ਕੌਰ, ਡਾ. ਅਰੁਣਜੀਤ ਕੌਰ, ਡਾ. ਬਲਦੇਵ ਸਿੰਘ, ਡਾ. ਭੁਪਿੰਦਰਪਾਲ ਸਿੰਘ, ਡਾ. ਮਨਮੀਤ ਸੋਢੀ, ਡਾ. ਦਿਨਕਰ ਸ਼ਰਮਾ, ਪ੍ਰੋ. ਪਲਵਿੰਦਰ ਸਿੰਘ, ਡਾ. ਅਜੀਤਪਾਲ ਸਿੰਘ, ਡਾ. ਉਦੇਵੀਰ ਸਿੰਘ, ਪ੍ਰੋ. ਹਰਗੁਨਜੀਤ ਸ਼ੇਰਗਿੱਲ, ਡਾ. ਸੁਨੀਤਾ ਰਾਣੀ ਅਤੇ ਡਾ. ਗੀਤਾਂਜਲੀ ਸਿੰਘ ਨੂੰ ਵਿਸ਼ੇਸ਼ ਪ੍ਰਾਪਤੀਆਂ ਅਤੇ ਨਾਨ ਟੀਚਿੰਗ ਸਟਾਫ ਦੇ ਮੈਂਬਰ ਸ੍ਰੀ ਰਣਜੀਤ ਰਾਣਾ, ਐਲ.ਏ. ਅਤੇ ਰੂਪ ਲਾਲ, ਸਵੀਪਰ ਨੂੰ ਵੀ ਬੇਹਤਰ ਸੇਵਾਵਾਂ ਲਈ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਾਲਜ ਦੀ ਸਲਾਨਾ ਅਕਾਦਮਿਕ ਰਿਪੋਰਟ ਪੇਸ਼ ਕੀਤੀ ਅਤੇ ਵਿਦਿਆਰਥੀਆਂ ਨੂੰ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਨ ਲਈ ਵਿਸ਼ੇਸ਼ ਤੌਰ ਤੇ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਮੁੱਖ ਮਹਿਮਾਨ ਸ੍ਰੀ ਜਗਦੀਸ਼ ਰਾਜ ਰਾਜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਭਾਗਸ਼ਾਲੀ ਵਿਦਿਆਰਥੀ ਹਨ, ਜਿਨਾਂ ਨੇ ਇਕ ਅਜਿਹੀ ਸੰਸਥਾ ਤੋਂ ਵਿਦਿਆ ਪ੍ਰਾਪਤ ਕੀਤੀ ਹੈ, ਜਿਸ ਨੇ ਦੇਸ਼ ਦੇ ਵਿਕਾਸ ਵਿਚ ਤੇ ਖੇਡਾਂ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰ ਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।