ਡਾ. ਅਬਦੁਲ ਕਲਾਮ ਨੇ ਅਨੇਕਾਂ ਸਮੱਸਿਆਵਾਂ ਤੇ ਚੁਣੌਤੀਆਂ ਦਾ ਕੀਤਾ ਸਾਹਮਣਾ : ਕੌਸ਼ਲ

ਕੋਟਕਪੂਰਾ, 26 ਫਰਵਰੀ (ਚਰਨਦਾਸ ਗਰਗ, ਸਤਨਾਮ ਸਿੰਘ)-ਟੀਚਾ ਸਰ ਕਰਨ ਲਈ ਜੇਕਰ ਸਾਡੇ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਰਹੇ ਡਾ. ਅਬਦੁਲ ਕਲਾਮ ਨੂੰ ਅਨੇਕਾਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਅੱਜ ਦੁਨੀਆਂ ਦੇ ਕੋਨੇ-ਕੋਨੇ ’ਚ ਵਸਦੇ ਲੋਕ ਡਾ. ਅਬਦੁਲ ਕਲਾਮ ਦਾ ਨਾਮ ਵੀ ਬੜੇ ਮਾਣ ਸਤਿਕਾਰ ਨਾਲ ਲੈਂਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਨੇੜਲੇ ਪਿੰਡ ਸਿਵੀਆਂ ਦੇ ਸਰਕਾਰੀ ਹਾਈ ਸਕੂਲ ਵਿਖੇ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ ਸੈਮੀਨਾਰ ਅਤੇ ਸਨਮਾਨ ਸਮਾਰੋਹ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕੀਤਾ। ਮਾ. ਅਸ਼ੌਕ ਕੌਸ਼ਲ, ਗੁਰਚਰਨ ਸਿੰਘ ਬਰਾੜ, ਕੁਲਵੰਤ ਸਿੰਘ ਚਾਨੀ, ਮਨਦੀਪ ਸਿੰਘ ਪੁਰਬਾ, ਗੁਰਿੰਦਰ ਸਿੰਘ ਕੋਟਕਪੂਰਾ ਆਦਿ ਨੇ ਅੰਕੜਿਆਂ ਸਹਿਤ ਬਿਆਨ ਕਰਦਿਆਂ ਦੱਸਿਆ ਕਿ ਭਾਂਵੇ ਦੇਸ਼ ਵਿਰੋਧੀ ਤਾਕਤਾਂ ਦੀ ਮਨਸ਼ਾ ਪੁਰਾਤਨ ਕਾਲ ਤੋਂ ਸਾਡਾ ਨੁਕਸਾਨ ਕਰਨ ਦੀ ਬਣੀ ਹੋਈ ਹੈ ਤੇ ਹੁਣ ਵੀ ਸਮਾਜ ਵਿਰੋਧੀ ਅਨਸਰ ਸਾਡਾ ਨੁਕਸਾਨ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਪਰ ਦੇਸ਼ ਦੀ ਆਨ-ਬਾਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਪੁਰਾਤਨ ਸਮੇਂ ’ਚ ਵੀ ਦੇਸ਼ ਲਈ ਕੁਰਬਾਨ ਹੋ ਜਾਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ ਤੇ ਅੱਜ ਵੀ ਆਪਣੀ ਜਾਨ ਜੋਖਮ ’ਚ ਪਾ ਕੇ, ਸੁੱਖ ਅਰਾਮ ਤਿਆਗ ਕੇ, ਹਰ ਚੁਣੌਤੀ ਦਾ ਸਾਹਮਣਾ ਕਰਨ, ਮੂੰਹ ਤੋੜ ਜਵਾਬ ਦੇਣ ਵਾਲਿਆਂ ਦੀ ਗਿਣਤੀ ਕੋਈ ਘੱਟ ਨਹੀਂ। ਸੁਸਾਇਟੀ ਦੇ ਆਗੂਆਂ ਸੋਮਇੰਦਰ ਸਿੰਘ ਸੁਨਾਮੀ, ਪ੍ਰਿੰਸੀਪਲ ਦਰਸ਼ਨ ਸਿੰਘ, ਸੁਖਮੰਦਰ ਸਿੰਘ ਰਾਮਸਰ ਅਤੇ ਤਰਸੇਮ ਨਰੂਲਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹੁਣ ਤੱਕ ਜਿਲੇ ਦੇ 27 ਸਰਕਾਰੀ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਅੱਜ 28ਵੇਂ ਸਕੂਲ ਦੇ 6ਵੀਂ, 7ਵੀਂ, 8ਵੀਂ, 9ਵੀਂ ਅਤੇ ਦਸਵੀਂ ਦੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਕਰਨ ਲਈ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਸਕੂਲ ਵੱਲੋਂ ਅਰੁਨਦੀਪ ਸਿੰਘ ਨੇ ਮੁੱਖ ਮਹਿਮਾਨ ਬਲਦੇਵ ਸ਼ਰਮਾ ਸਮੇਤ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਉਨਾ ਦਾ ਧੰਨਵਾਦ ਕੀਤਾ। ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਬਲਦੇਵ ਸ਼ਰਮਾ ਸਮੇਤ ਸਕੂਲ ਮੁਖੀ ਗਿਆਨ ਸਿੰਘ ਅਤੇ ਸਮੂਹ ਸਟਾਫ ਦਾ ਸਨਮਾਨ ਚਿੰਨ੍ਹ ਤੇ ਯਾਦਗਾਰੀ ਤਸਵੀਰਾਂ ਨਾਲ ਸਨਮਾਨ ਕੀਤਾ ਗਿਆ।

Send this to a friend