ਸ੍ਰੀ ਆਨੰਦਪੁਰ ਸਾਹਿਬ, 24 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਹੋਲੇ ਮਹੱਲੇ ਦੌਰਾਨ ਦਹਾਕਿਆਂ ਤੋਂ ਚਲਦੀ ਆ ਰਹੀ ਰਵਾਇਤ ਅਨੁਸਾਰ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਲਾਮਿਸਾਲ ਸਿਆਸੀ ਕਾਨਫਰੰਸ ਕਰਕੇ ਜਿੱਥੇ ਸੰਗਤਾਂ ਨਾਲ ਵਿਚਾਰਾਂ ਕਰੇਗਾ ਉਥੇ ਹੀ ਸਿੱਖਾਂ ਦੀ ਦੁਸ਼ਮਨ ਜਮਾਤ ਕਾਂਗਰਸ ਦੀਆਂ ਨਾਕਾਮੀਆਂ ਨੂੰ ਵੀ ਨਸ਼ਰ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ। ਚੰਦੂਮਾਜਰਾ ਵੱਲੋਂ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਖੇ ਹਲਕੇ ਦੇ ਸਮੂੰਹ ਅਕਾਲੀ-ਭਾਜਪਾ ਵਰਕਰਾਂ ਦੀ ਬੈਠਕ ਬੁਲਾਈ ਗਈ ਸੀ। ਜਿਸ ਵਿੱਚ ਉਨ੍ਹਾਂ ਸਮੂੰਹ ਵਰਕਰਾਂ ਦੀਆਂ ਡਿਊਟੀਆਂ ਲਗਾ ਕੇ ਹੋਲਾ ਮਹੱਲਾ ਕਾਨਫਰੰਸ ਵਿੱਚ ਰਿਕਾਰਡ ਤੋੜ ਇਕੱਠ ਕਰਨ ਦੇ ਲਈ ਕਿਹਾ। ਇਸ ਮੌਕੇ ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਬਾਕੀ ਪਾਰਟੀਆਂ ਤਾਂ ਆਪਣੀਆਂ ਕਾਨਫਰੰਸਾਂ ਮਹਿਜ਼ ਸਿਆਸੀ ਲਾਹਾ ਲੈਣ ਦੇ ਲਈ ਕਰਦੀਆਂ ਸਨ ਅਤੇ ਹੁਣ ਸੱਤਾ ਹਥਿਆਉਣ ਤੋਂ ਬਾਅਦ ਕਾਂਗਰਸ ਅਤੇ ਵਿਰੋਧੀ ਧਿਰ ‘ਚ ਬੈਠੀ ਆਪ ਨੇ ਲੋਕਾਂ ‘ਚ ਜਾਣ ਤੋਂ ਕਿਨਾਰਾ ਕਰ ਲਿਆ ਹੈ। ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਮੂੰਹ ਆਗੂ ਤੇ ਵਰਕਰ ਸਹਿਬਾਨ ਆਪਣਾ ਮੂਲ਼ ਨਹੀਂ ਛੱਡਦੇ ਅਤੇ ਧਰਤੀ ਨਾਲ ਜੁੜ ਕੇ ਹੀ ਰਹਿੰਦੇ ਹਨ।ਇਹੀ ਕਾਰਨ ਹੈ ਕਿ ਅਸੀਂ ਆਪਣੀ ਪਾਰਟੀ ਦੀ ਪ੍ਰੰਪਰਾ ਅਨੁਸਾਰ 1 ਮਾਰਚ ਨੂੰ ਵਿਸ਼ਾਲ ਕਾਨਫਰੰਸ ਕਰਨ ਜਾ ਰਹੇ ਹਾਂ। ਇਸ ਬੈਠਕ ਨੂੰ ਡਾ. ਪਰਮਿੰਦਰ ਸ਼ਰਮਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਡੀ ਐਸ ਜੀ ਐਮ ਸੀ ਮੈਂਬਰ ਕੁਲਵੰਤ ਸਿੰਘ ਬਾਠ, ਹਰਪ੍ਰੀਤ ਸਿੰਘ ਬਸੰਤ, ਮਨਜਿੰਦਰ ਸਿੰਘ ਬਰਾੜ, ਹਰਦੇਵ ਸਿੰਘ ਦੇਬੀ, ਸੁਰਿੰਦਰ ਸਿੰਘ ਮਟੌਰ ਨੇ ਵੀ ਸੰਬੋਧਨ ਕੀਤਾ ਜਦਕਿ ਇਸ ਮੌਕੇ ਠੇਕੇਦਾਰ ਗੁਰਨਾਮ ਸਿੰਘ, ਬੇਦੀ ਇੰਦਰਜੀਤ ਸਿੰਘ ਖਾਲਸਾ, ਗੁਰਬਚਨ ਸਿੰਘ ਲੋਦੀਪੁਰ ਆਦਿ ਵੀ ਹਾਜ਼ਰ ਸਨ।