ਬਠਿੰਡਾ, 24 ਫਰਵਰੀ (ਇੰਦਰਜੀਤ ਨਥਾਣਾ)- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਠਿੰਡਾ ਸ਼੍ਰੀ ਰਾਜਵਿੰਦਰ ਸਿੰਘ ਵਲੋਂ ਦੱਸਿਆ ਗਿਆ ਕਿ ਮਿਤੀ 22 ਫਰਵਰੀ ਨੂੰ ਦੁਪਹਿਰ 2:18 ਵਜੇ ਦਿਨ ਵੀਰਵਾਰ ਨੂੰ ਪੰਘੂੜਾ ਇੰਡੀਅਨ ਰੈੱਡ ਕਰਾਸ ਸੁਸਾਇਟੀ, ਬਠਿੰਡਾ ਵਿਖੇ ਇੱਕ ਬੱਚੀ ਆਈ ਹੈ। ਉਨ੍ਹਾਂ ਦੱਸਿਆ ਕਿ ਇਹ ਬੱਚੀ ਲਗਭਗ ਡੇਢ ਸਾਲ ਦੀ ਹੈ ਅਤੇ ਕਿਸੇ ਨਾਮਲੂਮ ਵਿਅਕਤੀ ਦੁਆਰਾ ਪੰਘੂੜੇ ਵਿੱਚ ਛੱਡੀ ਗਈ ਹੈ। ਇਸ ਦੇ ਸਬੰਧ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ ਵਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਸੂਚਤ ਕੀਤਾ ਗਿਆ। ਇਸ ਸਬੰਧੀ ਥਾਣਾ ਥਰਮਲ ਵਿਖੇ ਡੀ.ਡੀ.ਆਰ ਨੰ: 28 ਮਿਤੀ 23 ਫਰਵਰੀ 2018 ਵੀ ਦਰਜ ਕਰਵਾਈ ਗਈ।ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੰਘੂੜੇ ਦੀ ਅਟੈਂਡੈਂਟ ਸੋਨੀਆ ਦੁਆਰਾ ਬੱਚੀ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਬੱਚਿਆਂ ਦੇ ਮਾਹਿਰ ਡਾਕਟਰ ਵਲੋਂ ਬੱਚੇ ਦਾ ਮੈਡੀਕਲ ਕੀਤਾ ਗਿਆ ਤੇ ਬੱਚੀ ਤੰਦਰੁਸਤ ਪਾਈ ਗਈ। ਉਨ੍ਹਾਂ ਕਿਹਾ ਕਿ ਬੱਚੇ ਦੇ ਮੈਡੀਕਲੀ ਫਿੱਟ ਹੋਣ ਉਪਰੰਤ ਬੱਚੇ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ (ਮਿਤੀ 23 ਫਰਵਰੀ 2018 ਨੂੰ) ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਦੇ ਨਿਯਮਾਂ ਅਨੁਸਾਰ ਬੱਚੇ ਨੂੰ ਅਡਾਪਸ਼ਨ ਹਿੱਤ ਬਾਲ ਭਲਾਈ ਕਮੇਟੀ, ਬਠਿੰਡਾ ਦੇ ਹੁਕਮਾਂ ਨਾਲ ਬੱਚੇ ਨੂੰ ਆਰਜੀ ਤੌਰ ’ਤੇ ਸਪੈਸ਼ਲਾਈਜਡ ਅਡਾਪਸ਼ਨ ਏਜੰਸੀ ਸ਼੍ਰੀ ਅਨੰਤ ਅਨਾਥ ਆਸ਼ਰਮ, ਨਥਾਣਾ ਵਿਖੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਜੇਕਰ ਇਸ ਸਮੇਂ ਦੌਰਾਨ ਬੱਚੇ ਦੇ ਵਾਰਿਸਾਂ ਦਾ ਕੁਝ ਪਤਾ ਨਹੀਂ ਲੱਗਦਾ ਤਾਂ ਬੱਚੇ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਉਸਨੂੰ ਅਡਾਪਸ਼ਨ ਹਿੱਤ ਚਾਹਵਾਨ ਮਾਪਿਆਂ ਨੂੰ ਗੋਦ ਦੇ ਦਿੱਤਾ ਜਾਵੇਗਾ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬੇਟੀਆਂ ਨੂੰ ਮਾਰਨ ਦੀ ਬਜਾਏ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਨੂੰ ਸੌਂਪਿਆ ਜਾਵੇ ਤਾਂ ਜੋ ਇਨ੍ਹਾਂ ਲੜਕੀਆਂ ਨੂੰ ਅਡਾਪਸ਼ਨ ਹਿੱਤ ਬੇਔਲਾਦ ਜੋੜਿਆਂ ਨੂੰ ਗੋਦ ਦਿੱਤਾ ਜਾ ਸਕੇ। ਇਸ ਮੌਕੇ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਗੁਪਤਾ, ਸ਼੍ਰੀਮਤੀ ਐਸ. ਐਲ. ਲਾਟਿਕਾ, ਸ਼੍ਰੀ ਕ੍ਰਿਸ਼ਨ ਕੁਮਾਰ ਬਾਂਸਲ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦਾ ਸਟਾਫ਼ ਮੌਕੇ ’ਤੇ ਮੌਜੂਦ ਸੀ।