ਮਾਨਸਾ, 23 ਫਰਵਰੀ (ਨਛੱਤਰ ਸਿੰਘ ਕਾਹਨਗੜ੍ਹ, ਸੁਖਜਿੰਦਰ ਸਿੱਧੂ)- ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਨੌਕਰੀ ਦਿਵਾਉਣ ਦੇ ਮੰਤਵ ਨਾਲ ਜੋ ਪੰਜਾਬ ਵਿੱਚ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਉਸ ਤਹਿਤ ਮਾਨਸਾ ਵਿੱਚ ਅੱਜ ਇੱਕ ਰੁਜ਼ਗਾਰ ਮੇਲਾ ਸਥਾਨਕ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਲਗਾਇਆ ਗਿਆ। ਇਸ ਮੇਲੇ ਵਿੱਚ ਤਕਰੀਬਨ 450 ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਪਹੁੰਚੇ, ਜਿਨ੍ਹਾਂ ਵਿੱਚੋਂ 357 ਵੱਖ-ਵੱਖ ਕੰਪਨੀਆਂ ਵਿੱਚ ਨੌਕਰੀ ਲਈ ਚੁਣੇ ਗਏ। ਇਸ ਮੇਲੇ ਦਾ ਉਦਘਾਟਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਵੱਡਾ ਤੇ ਬਹੁਤ ਵਧੀਆ ਉਪਰਾਲਾ ਹੈ, ਜਿਸ ਤਹਿਤ ਬੇਰੁਜ਼ਗਾਰ ਨੂੰ ਵੱਡੀਆਂ-ਵੱਡੀਆਂ ਕੰਪਨੀਆਂ ਵੱਲੋਂ ਉਨ੍ਹਾਂ ਦੇ ਜ਼ਿਲ੍ਹੇ ਤੱਕ ਪੰਹੁਚ ਕਰਕੇ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਨੌਜਵਾਨਾਂ ਨੂੰ ਇੱਧਰ-ਉਧਰ ਭਟਕਣਾ ਨਹੀਂ ਪੈਂਦਾ। ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਪ੍ਰੇਰਦਿਆਂ ਕਿਹਾ ਕਿ ਜਿਹੜੇ ਨੌਜਵਾਨ ਅੱਜ ਇਸ ਮੇਲੇ ਦੌਰਾਨ ਨੌਕਰੀ ਲਈ ਚੁਣੇ ਜਾਂਦੇ ਹਨ, ਉਹ ਇਸ ਮੌਕੇ ਨੂੰ ਨਾ ਗਵਾਉਣ ਅਤੇ ਜਲਦ ਹੀ ਆਪਣੀ ਡਿਊਟੀ ਨੂੰ ਜੁਆਇੰਨ ਕਰ ਲੈਣ। ਇਸ ਤੋਂ ਪਹਿਲਾਂ ਸ਼੍ਰੀ ਗੁਪਤਾ ਨੇ ਵੱਖ-ਵੱਖ ਕੰਪਨੀਆਂ ਦੇ ਮਲਟੀ-ਨੈਸ਼ਨਲ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਅਤੇ ਰੁਜ਼ਗਾਰ ਮੇਲੇ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਚਰਚਾ ਕੀਤੀ। ਰੁਜ਼ਗਾਰ ਮੇਲੇ ਦੌਰਾਨ ਅੱਜ ਡਿਪਟੀ ਕਮਿਸ਼ਨਰ ਨੇ ਐਲ.ਐਂਡ.ਟੀ. (ਲਾਰਸਨ ਐਂਡ ਟੂਬਰੋ) ਵਿੱਚ ਚੁਣੇ ਹੋਏ 93 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਐਲ.ਐਂਡ.ਟੀ. ਦੇ ਚੇਨੱਈ ਤੋਂ ਆਏ ਐਚ.ਆਰ. ਦੇ ਨੁਮਾਇੰਦੇ ਧਰਾਨੀ ਨਟਰਾਜਨ ਨੇ ਦੱਸਿਆ ਕਿ ਸਾਨੂੰ ਜਿੰਨ੍ਹੇ ਵੀ ਬੱਚੇ ਪੰਜਾਬ ਤੋਂ ਮਿਲ ਜਾਣ, ਉਨ੍ਹੇ ਘੱਟ ਹਨ। ਉਨ੍ਹਾ ਦੱਸਿਆ ਕਿ ਪਿਛਲੀ ਵਾਰ ਵੀ ਪੰਜਾਬ ਵਿੱਚੋਂ ਸਭ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਾਡੀ ਕੰਪਨੀ ਵੱਲੋਂ ਨੌਕਰੀਆਂ ਦਿੱਤੀਆਂ ਗਈਆਂ ਸਨ ਅਤੇ ਉਮੀਦ ਹੈ ਕਿ ਇਸ ਵਾਰ ਵੀ ਮਾਨਸਾ ਦੇ ਵੱਧ ਤੋਂ ਵੱਧ ਨੌਜਵਾਨ ਨਿਯੁਕਤ ਹੋਣਗੇ। ਸ਼੍ਰੀ ਧਰਾਨੀ ਨੇ ਕਿਹਾ ਕਿ ਨਿਯੁਕਤ ਹੋਏ ਨੌਜਵਾਨਾਂ ਨੂੰ ਪਹਿਲਾਂ 3 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਜਿਸ ਦੌਰਾਨ ਉਨ੍ਹਾਂ ਦਾ ਰਹਿਣਾ ਅਤੇ ਖਾਣਾ-ਪੀਣਾ ਕੰਪਨੀ ਵੱਲੋਂ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਨੂੰ 10500/- ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨਾ ਨੇ ਆਈ.ਟੀ.ਆਈ. ਵਾਲੇ ਨੌਜਵਾਨਾਂ ਨੂੰ 1 ਸਾਲ ਬਾਅਦ ਸੁਪਰਵਾਈਜ਼ਰ ਨਿਯੁਕਤ ਕੀਤਾ ਜਾਵੇਗਾ ਅਤੇ ਜਿਨ੍ਹਾਂ ਵਿਦਿਆਰਥੀਆਂ ਨੇ ਜਿਨ੍ਹਾਂ ਨੌਜਵਾਨਾਂ ਨੇ ਆਈ.ਟੀ.ਆਈ. ਨਹੀਂ ਕੀਤੀ ਹੋਈ, ਉਨ੍ਹਾਂ ਨੂੰ 4 ਸਾਲ ਬਾਅਦ ਕਾਬਲਿਅਤ ਦੇਖ ਕੇ ਸੁਪਰਵਾਈਜ਼ਰ ਬਣਾ ਦਿੱਤਾ ਜਾਵੇਗਾ। ਉਨ੍ਹਾਂ ਨਾਲ ਹੀ ਦੱਸਿਆ ਕਿ 4 ਸਾਲ ਬਾਅਦ ਗੈਰ-ਆਈ.ਟੀ.ਆਈ. ਵਾਲੇ ਨੌਜਵਾਨਾ ਦੀ ਤਰੱਕੀ ਆਈ.ਟੀ.ਆਈ. ਵਾਲੇ ਨੌਜਵਾਨਾਂ ਨਾਲੋਂ ਵੀ ਜ਼ਿਆਦਾ ਹੋਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਸ਼੍ਰੀ ਗੁਰਿੰਦਰ ਪਾਲ ਸਿੰਘ ਸਹੋਤਾ, ਐਸ.ਡੀ.ਐਮ. ਮਾਨਸਾ ਸ਼੍ਰੀ ਅਭਿਜੀਤ ਕਪਲਿਸ਼ ਅਤੇ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਮੇਜਰ (ਰਿਟਾ) ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਤੋਂ ਇਲਾਵਾ ਨੌਕਰੀ ਲਈ ਇੰਟਰਵਿਊ ਦੇਣ ਆਏ ਨੌਜਵਾਨ ਮੌਜੂਦ ਸਨ।