ਮਾਨਸਾ, 22 ਫਰਵਰੀ (ਸੁਖਜਿੰਦਰ ਸਿੱਧੂ)- ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਵੱਲੋ ਮਾਨਸਾ ਵਿਖੇ 23 ਮਾਰਚ 2018 ਨੂੰ ਕੀਤੀ ਜਾ ਰਹੀ ਇਨਕਲਾਬ ਰੈਲੀ ਦੀ ਸਫਲਤਾ ਲਈ ਪਿੰਡ ਭੁਪਾਲ ਕਲਾਂ ਵਿਖੇ ਮਨਰੇਗਾ ਮਜਦੂਰਾਂ ਦੀ ਰੈਲੀ ਕੀਤੀ ਗਈ। ਰੈਲੀ ਵਿੱਚ ਮਜਦੂਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਆਰਥਿਕ ਸਹਿਯੋਗ ਲਈ ਹੱਥ ਖੜੇ ਕਰਕੇ ਭਰੋਸਾ ਦਿੱਤਾ । ਰੈਲੀ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਜਿਲ੍ਹਾ ਆਗੂ ਮਾਕਰੇਡ ਅਮਰੀਕ ਸਮਾੳਂ ਨੇ ਕਿਹਾ ਕਿ ਪਾਰਟੀ ਵੱਲੋਂ ਇਨਕਲਾਬ ਰੈਲੀ ਉਸ ਸਮੇ ਕੀਤੀ ਜਾ ਰਹੀ ਹੈ ਜਦਂੋ ਕਂੇਦਰ ਦੀ ਭਾਜਪਾ ਸਰਕਾਰ ਵੱਲੋਂ ਮੇਕ-ਇਨ ਇੰਡੀਆ ਦਾ ਨਾਆਰਾ ਦੇ ਕੇ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੀ ਦੋਹਾਂ ਹੱਥਾਂ ਨਾਲ ਲੁੱਟ ਕਰਨ ਦੀ ਖੁਲ੍ਹ ਦੇ ਕੇ ਕਿਰਤੀ ਵਰਗ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ। ਇਸ ਕਾਰਨ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਤੋਂ ਪੀੜਤ ਦੇਸ਼ ਦੀ ਵੱਡੀ ਗਿਣਤੀ ਮੋਦੀ ਸਰਕਾਰ ਖਿਲਾਫ ਸੜਕਾਂ ਤੇ ਉਤਰੀ ਹੋਈ ਹੈ । ਦੂਸਰੇ ਪਾਸੇ ਮੁੱਠੀ ਭਰ ਘਰਾਣੇ ਮੋਦੀ ਦੀ ਵਾਹ-ਵਾਹ ਕਰ ਰਹੇ ਹਨ। ਇਸ ਤੋਂ ਮੋਦੀ ਸਰਕਾਰ ਦਾ ਕਿਰਤੀ ਵਿਰੋਧੀ ਚਿਹਰਾ ਬਿਲਕੁਲ ਸਾਫ਼ ਨਜ਼ਰ ਆਉਂਦਾ ਹੈ। ਇਨਕਲਾਬ ਰੈਲੀ ਕਿਰਤੀਆਂ ਦੇ ਹੱਕਾਂ ਲਈ ਰਾਜਸੀ ਸਿਆਸੀ ਤਬਦੀਲੀ ਲਈ ਇਤਿਹਾਸਿਕ ਸਾਬਤ ਹੋਵੇਗੀ। ਉਨ੍ਹਾਂ ਅਪੀਲ ਕੀਤੀ ਕਿ ਕਿਰਤੀ ਵਰਗ ਦੀ ਪੁੱਗਤ ਵਾਲਾ ਰਾਜਨੀਤਿਕ ਢਾਂਚਾ ਉਸਾਰਨ ਲਈ ਇਨਕਲਾਬ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਮਨਰੇਗਾ ਮਜਦੂਰਾਂ ਨੇ ਕਿਹਾ ਕਿ ਮਜਦੂਰਾ ਨੂੰ ਸਮੇਂ ਸਿਰ ਕੰਮ ਨਹੀ ਮਿਲਦਾ, ਕੀਤੇ ਹੋਏ ਕੰਮ ਦੇ ਸਮੇਂ ਸਿਰ ਪੈਸੇ ਨਹੀਂ ਮਿਲਦੇ ਅਤੇ ਕੰਮ ਦੀ ਡਿਮਾਂਡ ਫਾਰਮ ਭਰਨ ਦੇ ਬਾਵਜੂਦ ਭੀਖੀ ਬਲਾਕ ਦੇ ਅਧਿਕਾਰੀਆਂ ਵੱਲੋਂ ਖੱਜਲ-ਖੁਆਰ ਕੀਤਾ ਜਾਂਦਾ ਹੈ ਅਤੇ ਰੱਲਾ ਦੀ ਐਸ.ਬੀ.ਆਈ.ਬੈਂਕ ਵੱਲੋਂ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਜੇਕਰ ਮਜ਼ਦੂਰਾਂ ਦੀ ਅਜਿਹੀ ਖੱਜਲ-ਖੁਆਰੀ ਬੰਦ ਨਾ ਹੋਈ ਤਾਂ ਪਾਰਟੀ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਦਰਸ਼ਨ ਸਿੰਘ ਭੁਪਾਲ, ਬਹਾਦਰ ਸਿੰਘ, ਕੁਲਵਿੰਦਰ ਕੌਰ, ਪਿਆਰਾ ਸਿੰਘ, ਮਨਜੀਤ ਕੌਰ, ਬਾਬੂ ਸਿੰਘ, ਰਾਜਿੰਦਰ ਕੌਰ, ਭੋਲਾ ਸਿੰਘ ਸ਼ਾਮਿਲ ਸਨ।