ਜਸਟਿਨ ਟਰੂਡੋ ਦੀ ਅੰਮ੍ਰਿਤਸਰ ਆਮਦ ’ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਦੀ ਗ੍ਰਿਫ਼ਤਾਰੀ ਦੁਖਦਾਇਕ ਅਮਲ : ਸ. ਸਿਮਰਨਜੀਤ ਸਿੰਘ ਮਾਨ

ਟਰੂਡੋ ਦੀ ਆਮਦ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਛਾਪੇ ਮਾਰ ਕੇ ਅੰਮ੍ਰਿਤਸਰ ਨਾਲ ਸੰਬੰਧਤ 6 ਆਗੂਆਂ ਦੀ ਗ੍ਰਿਫ਼ਤਾਰੀ

ਫ਼ਤਹਿਗੜ੍ਹ ਸਾਹਿਬ, 21 ਫਰਵਰੀ-“ਕੈਨੇਡਾ ਦਾ ਮੁਲਕ ਇਕ ਜਮਹੂਰੀਅਤ ਅਤੇ ਅਮਨ ਪਸ਼ੰਦ ਲੀਹਾਂ ਉਤੇ ਪਹਿਰਾ ਦੇਣ ਵਾਲਾ ਮੁਲਕ ਹੈ। ਜਿਥੇ ਵਖ-ਵਖ ਮੁਲਕਾਂ ਤੇ ਕੌਮਾਂ ਦੇ ਨਿਵਾਸੀ ਵਡੀ ਗਿਣਤੀ ਵਿਚ ਜਿੰਦਗੀ ਬਸਰ ਕਰ ਰਹੇ ਹਨ । ਸਿਖ ਕੌਮ ਵੀ ਕੈਨੇਡਾ ਵਿਚ ਲਖਾਂ ਦੀ ਗਿਣਤੀ ਵਿਚ ਵਸੀ ਵੀ ਪਈ ਹੋਈ ਹੈ ਅਤੇ ਉਨ੍ਹਾਂ ਸਿਖਾਂ ਦੇ ਕੈਨੇਡਾ ਦੀ ਹਕੂਮਤ ਨਾਲ ਬਹੁਤ ਅਛੇ ਅਤੇ ਨਿਘੇ ਸੰਬੰਧ ਹਨ । ਕਿਉਂਕਿ ਸਿਖਾਂ ਨੇ ਜਿਥੇ ਕੈਨੇਡਾ ਦੇ ਕਾਨੂੰਨ ਅਤੇ ਨਿਯਮਾਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾਂ ਕਰਦੇ ਆ ਰਹੇ ਹਨ, ਉਥੇ ਕੈਨੇਡਾ ਦੀ ਤਰਕੀ ਵਿਚ ਵੀ ਵਡਾ ਯੋਗਦਾਨ ਪਾਇਆ ਹੈ । ਪਰ ਦੁਖ ਅਤੇ ਅਫ਼ਸੋਸ ਹੈ ਕਿ ਜਦੋਂ ਕੈਨੇਡਾ ਦੇ ਪ੍ਰੀਮੀਅਰ ਸ੍ਰੀ ਜਸਟਿਨ ਟਰੂਡੋ ਪੰਜਾਬ ਦੀ ਪਵਿਤਰ ਧਰਤੀ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਉਚੇਚੇ ਤੌਰ ਤੇ ਆਏ ਹਨ ਅਤੇ ਜਿਨ੍ਹਾਂ ਨੇ ਸਿਖ ਕੌਮ ਨਾਲ ਆਪਣੇ ਸੰਬੰਧਾਂ ਨੂੰ ਵੀ ਹੋਰ ਮਜ਼ਬੂਤ ਕੀਤਾ ਹੈ, ਉਸ ਸਮੇਂ ਉਨ੍ਹਾਂ ਦੀ ਆਮਦ ਤੇ ਬਿਨ੍ਹਾਂ ਵਜਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਦੀ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰੀ ਕਰਨ ਦੇ ਅਮਲ ਕੇਵਲ ਕੈਨੇਡਾ ਹਕੂਮਤ ਅਤੇ ਸਿਖਾਂ ਦੇ ਡੂੰਘੇ ਰਿਸਤੇ ਵਿਚ ਕੜਵਾਹਟ ਪੈਦਾ ਕਰਨ ਵਾਲੇ ਹੀ ਨਹੀਂ ਹਨ, ਬਲਕਿ ਸਿਖ ਕੌਮ ਨੂੰ ਜ਼ਲੀਲ ਕਰਨ ਵਾਲੀ ਵੀ ਦੁਖਦਾਇਕ ਕਾਰਵਾਈ ਕੀਤੀ ਗਈ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਇਹ ਮੰਗ ਕਰਦਾ ਹੈ ਕਿ ਅਫ਼ਸਰਸ਼ਾਹੀ ਵਿਰੁਧ ਫੋਰੀ ਕਾਨੂੰਨੀ ਕਾਰਵਾਈ ਕਰਦੇ ਹੋਏ ਸਿਖ ਕੌਮ ਨੂੰ ਇਨਸਾਫ਼ ਵੀ ਦਿਤਾ ਜਾਵੇ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸ੍ਰੀ ਜਸਟਿਨ ਟਰੂਡੋ ਦੀ ਆਮਦ ਤੋ ਇਕ ਦਿਨ ਪਹਿਲੇ 20 ਫਰਵਰੀ ਦੀ ਰਾਤ ਨੂੰ ਅੰਮ੍ਰਿਤਸਰ ਦੇ ਪਾਰਟੀ ਨਾਲ ਸੰਬੰਧਤ ਆਗੂਆਂ ਦੇ ਘਰ ਛਾਪੇ ਮਾਰਕੇ ਪਾਰਟੀ ਦੇ ਸੀਨੀਅਰ ਆਗੂ ਸ. ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ ਸਕਤਰ, ਸ. ਅਮਰੀਕ ਸਿੰਘ ਨੰਗਲ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਕੁਲਵੰਤ ਸਿੰਘ ਮਜੀਠਾ, ਕੁਲਵੰਤ ਸਿੰਘ ਮਝੈਲ, ਬਲਜਿੰਦਰ ਸਿੰਘ ਢਿਲੋਂ, ਸਤਨਾਮ ਸਿੰਘ ਕੋਟਖ਼ਾਲਸਾ ਆਦਿ ਆਗੂਆਂ ਨੂੰ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨ ਤੋਂ ਰੋਕਣ ਹਿਤ ਗ੍ਰਿਫ਼ਤਾਰ ਕੀਤਾ ਗਿਆ।

Send this to a friend