ਹੋਲੇ ਮਹੱਲੇ ਮੌਕੇ ਸੱਤਾਧਾਰੀ ਅਤੇ ਵਿਰੋਧੀ ਧਿਰ ਨਹੀਂ ਕਰੇਗੀ ਸਿਆਸੀ ਕਾਨਫਰੰਸ

ਸ੍ਰੀ ਆਨੰਦਪੁਰ ਸਾਹਿਬ, 21 ਫਰਵਰੀ (ਦਵਿੰਦਰਪਾਲ ਸਿੰਘ)- ਖਾਲਸਾ ਪੰਥ ਦੀ ਚੜ੍ਹਦੀਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੇ ਤਿਓਹਾਰ ਮੌਕੇ ਇਸ ਵਾਰ ਜਿੱਥੇ ਸੱਤਾਧਾਰੀ ਅਤੇ ਮੁੱਖ ਵਿਰੋਧੀ ਧਿਰ ਵੱਲੋਂ ਰਾਜਸੀ ਕਾਨਫਰੰਸ ਨਹੀਂ ਕੀਤੀ ਜਾ ਰਹੀ ਹੈ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਆਪਣੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਹੋਲਾ ਮਹੱਲਾ ਕਾਨਫਰੰਸ ਸਬੰਧੀ ਤਿਆਰੀਆਂ ਅਰੰਭ ਕਰ ਦਿੱਤੀਆਂ ਗਈਆਂ ਹਨ।ਜਦਕਿ ਪਹਿਲੀ ਵਾਰ ਸ਼ਿਵ ਸੈਨਾ ਵੱਲੋਂ ਵੀ ਆਪਣੀ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਇਸ ਵਾਰ ਹੋਲੇ ਮਹੱਲੇ ਮੌਕੇ ਕਾਂਗਰਸ ਪਾਰਟੀ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਧਾਰਮਿਕ ਰੰਗ ‘ਚ ਰੰਗੇ ਹੋਲੇ ਮਹੱਲੇ ਮੌਕੇ ਸਿਆਸੀ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ ਜਦਕਿ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਆਪਣੀ ਦਹਾਕਿਆਂ ਪੁਰਾਣੀ ਰਵਾਇਤ ਨੂੰ ਨਾ ਤੋੜਦੇ ਹੋਏ ਪਹਿਲਾਂ ਨਾਲੋਂ ਵੀ ਵੱਧਚੜ੍ਹ ਕੇ ਕਾਨਫਰੰਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਅਤੇ ਪੰਡਾਲ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਪਾਰਟੀ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਡੀ ਪਾਰਟੀ ਮੁੱਢ ਤੋਂ ਹੀ ਹੋਲੇ ਮਹੱਲੇ ਮੌਕੇ ਕਾਨਫਰੰਸ ਕਰਦੀ ਆ ਰਹੀ ਹੈ ਅਤੇ ਇਸ ਵਾਰ ਵੀ 1 ਮਾਰਚ ਨੂੰ ਵਿਸ਼ਾਲ ਕਾਨਫਰੰਸ ਕਰਕੇ ਲਾਮਿਸਾਲ ਇਕੱਠ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਮੈਨੇਜਰ ਰਣਜੀਤ ਸਿੰਘ ਹਰਜੀਤ ਸਿੰਘ ਅਚਿੰਤ, ਮਨਜਿੰਦਰ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।

Send this to a friend