ਗੁਰਦੁਆਰਾ ਸਾਹਿਬ ਨੂੰ ਦੁੱਧ ਨਾਲ ਧੋ ਕੇ ਕੀਤੀ ਸਾਫ਼ ਸਫ਼ਾਈ
ਸਮਾਲਸਰ (ਮੋਗਾ) 19 ਫਰਵਰੀ- ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਪਿੰਡ ਰੋਡੇ ਵਿਖੇ ਉਸਾਰੇ ਗਏ ਗੁਰਦਵਾਰਾ ਸੰਤ ਖ਼ਾਲਸਾ ਦੇ 22 ਫਰਵਰੀ ਨੂੰ ਹੋ ਰਹੇ ਉਦਘਾਟਨ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ’ਚ ਗੁਰਦਵਾਰਾ ਸਾਹਿਬ ਨੂੰ ਪੂਰੀ ਸ਼ਰਧਾ ਨਾਲ ਸਾਫ਼ ਸਫ਼ਾਈ ਕਰਦਿਆਂ ਫਰਸ਼ ਆਦਿ ਦੁੱਧ ਨਾਲ ਧੋਇਆ ਗਿਆ। ਗੁਰਦਵਾਰਾ ਸਾਹਿਬ ਨੂੰ ਮਾਹਿਰ ਕਾਰੀਗਰਾਂ ਵੱਲੋਂ ਸੁੰਦਰ ਫੁੱਲਾਂ ਨਾਲ ਸੱਜਾ ਦਿੱਤਾ ਗਿਆ ਹੈ।ਕਲ ਮਿਤੀ 20 ਫਰਵਰੀ ਨੂੰ ਇੱਕ ਨਗਰ ਕੀਰਤਨ ਉਪਰੰਤ ਗੁਰਦਵਾਰਾ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ। ਨਗਰ ਕੀਰਤਨ ’ਤੇ ਫੁੱਲਾਂ ਦੀ ਵਰਗਾ ਕੀਤੀ ਜਾਵੇਗੀ। ਜਿਸ ’ਚ ਸੈਂਕੜੇ ਗੱਡੀਆਂ ਅਤੇ ਮੋਟਰ ਸਾਈਕਲ ਸ਼ਾਮਿਲ ਹੋਣਗੇ। ਉਦਘਾਟਨ ਸਮਾਗਮ ਪ੍ਰਤੀ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਗੁਰਦੁਆਰਾ ਸੰਤ ਖ਼ਾਲਸਾ ਦੇ ਸ਼ੁਭ ਉਦਘਾਟਨ ਸਮੇਂ 22 ਫਰਵਰੀ ਨੂੰ ਹਰ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਆਪਣਾ ਜ਼ਰੂਰੀ ਫਰਜ਼ ਸਮਝ ਕੇ ਹੁੰਮ-ਹੁੰਮਾ ਕੇ ਹਾਜ਼ਰੀਆਂ ਭਰ ਕੇ ਦਰਸ਼ਨ ਦੇਣ ਦੀ ਉਹਨਾਂ ਅਪੀਲ ਕੀਤੀ ਹੈ। ਇਸ ਮੌਕੇ ਭਾਈ ਈਸ਼ਰ ਸਿੰਘ ਪੁੱਤਰ ਸੰਤ ਭਿੰਡਰਾਂਵਾਲੇ, ਸਿੰਘ ਸਾਹਿਬ ਭਾਈ ਜਸਬੀਰ ਸਿੰਘ, ਕੈਪਟਨ ਹਰਚਰਨ ਸਿੰਘ, ਗਿਆਨੀ ਜਸਵੰਤ ਸਿੰਘ, ਭਾਈ ਸੁਖ ਹਰਪ੍ਰੀਤ ਸਿੰਘ, ਭਾਈ ਜਗਤਾਰ ਸਿੰਘ, ਰਾਗੀ ਅਮਨਦੀਪ ਸਿੰਘ, ਭਾਈ ਕੁਲਦੀਪ ਸਿੰਘ, ਜਗਸੀਰ ਸਿੰਘ, ਜਤਿੰਦਰ ਸਿੰਘ ਐਕਸੀਅਨ, ਹਰਪਾਲ ਸਿੰਘ, ਗੁਰਿੰਦਰ ਸਿੰਘ ਨਿਊਜ਼ੀਲੈਂਡ, ਗੁਰਪ੍ਰੀਤ ਸਿੰਘ ਕੈਨੇਡਾ ਸਮੇਤ ਪੰਚ ਸਰਪੰਚ ਹਾਜ਼ਰ ਸਨ।