ਜੈਤੋ, 19 ਫ਼ਰਵਰੀ (ਸਤਵਿੰਦਰਪਾਲ ਸਿੰਘ ਸੱਤੀ)- ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਤੇ ਸੈਰ –ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਜ ਇਤਿਹਾਸਕ ਸ਼ਹਿਰ ਗੰਗਸਰ ਜੈਤੋ ਦੇ ਰਾਮ ਲੀਲ੍ਹਾ ਮੈਦਾਨ ‘ਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਨ ਮੌਕੇ ਕਿਹਾ ਕਿ ‘ਜੈਤੋ ਸਥਾਨਕ ਸਰਕਾਰ ਦੇ ਮੰਤਰੀ ਜਨਾਬ ਮੁਹੰਮਦ ਸਦੀਕ ਹਨ’। ਸਿੱਧੂ ਨੇ ਨਗਰ ਕੌਂਸਲ ਦੇ ਅਧੂਰੇ ਪਏ ਕਾਰਜਾਂ ਨੂੰ ਸਿਰੇ ਚਾੜ੍ਹਨ ਲਈ 36 ਕਰੋੜ ਰੂਪੈ ਦੀ ਸਰਕਾਰੀ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਦੇ ਇਲਾਵਾ ਸਿੱਧੂ ਹੁਰਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜਿੱਥੇ ਅਜ਼ਾਦੀ ਦੇ ਸੰਘਰਸ਼ ਦੌਰਾਨ ਇੱਕ ਰਾਤ ਜੇਲ ਕੱਟ ਕੇ ਗਏ ਸਨ, ਉਸ ਯਾਦਗਾਰ ਦੇ ਸੁੰਦਰੀਕਰਨ ਲਈ ਵੀ ਪੰਜਾਹ ਲੱਖ ਰੂਪੈ ਦੇਣ ਦਾ ਐਲਾਨ ਕਰਕੇ ਗਏ ਹਨ। ਆਪਣੇ ਸਵਾਗਤੀ ਭਾਸ਼ਣ ਦੌਰਾਨ ਜੈਤੋ ਹਲਕੇ ਦੇ ਮੁੱਖ ਸੇਵਾਦਰ ਜਨਾਬ ਮੁਹੰਮਦ ਸਦੀਕ ਨੇ ਮੰਤਰੀ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਮੈਂਬਰ ਪਾਰਲੀਮੈਂਟ, ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਤੇ ਜੋਗਿੰਦਰ ਸਿੰਘ ਪੰਜਗਰਾਈਂ ਨੂੰ ਜੀ ਆਇਆਂ ਨੂੰ ਕਿਹਾ। ਆਪਣੇ ਧੜੱਲੇਦਾਰ ਤੇ ਅਤਿਸ਼ੀ ਭਾਸ਼ਣ ‘ਚ ਸਿੱਧੂ ਨੇ ਸੁਖਬੀਰ ਬਾਦਲ ਤੇ ਬਿਕਰਮ ਮਜੀਠਿਏ ਨੂੰ ਲੰਮੇ ਹੱਥੀਂ ਲਿਆ ਤੇ ਕਿਹਾ ਕਿ ਇਨ੍ਹਾਂ ਦੋਹਾਂ ਆਮ ਜਨਤਾ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਹੈ। ਜਿਕਰਯੋਗ ਹੈ ਕਿ ਮੰਤਰੀ ਸਾਹਿਬ ਮਿੱਥੇ ਸਮੇਂ ਤੋਂ ਲਗਭਗ ਢਾਈ ਘੰਟੇ ਦੇਰੀ ਨਾਲ ਪੁੱਜੇ। ਸਥਾਨਕ ਸਰਕਾਰਾਂ ਦੇ ਮੰਤਰੀ ਦੀ ਅਮਦ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਦੀ ਗੈਰ ਹਾਜਰੀ ਕਈ ਸਵਾਲ ਖੜ੍ਹੇ ਕਰ ਗਈ ਜਦ ਕਿ ਐਸ ਡੀ ਐਮ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸਮੇਂ ਤੋਂ ਪਹਿਲਾਂ ਹਾਜਰ ਸਨ। ਸਿੱਧੁ ਸਾਹਿਬ ਨੂੰ ਫ਼ੁੱਲਾਂ ਦਾ ਗੁਲਦਸਤਾ ਭੇਟ ਕਰਨ ਮੌਕੇ ਇੱਕ ਕਾਂਗਰਸੀ ਵਰਕਰ ਦੇ ਸਟੇਜ ਤੋਂ ਥੱਲੇ ਡਿਗਣ ਨਾਲ ਘਮੱਸੜ ਮੱਚ ਗਿਆ। ਪੱਤਰਕਾਰ ਗੈਲਰੀ ਵਿਚ ‘ਖਾਸ ਲੋਕਾਂ’ ਦੇ ਬੈਠਣ ਕਰਕੇ ਬਹੁਤੇ ਪੱਤਰਕਾਰਾਂ ਨੇ ਖੜੇ ਰਹਿ ਕੇ ਕਵਰੇਜ ਕੀਤੀ। ਇਸ ਮੌਕੇ ਸਦੀਕ ਸਾਹਿਬ ਦੇ ਜਵਾਈ ਸੂਰਜ ਭਾਰਦਵਾਜ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਪਵਨ ਕੁਮਾਰ ਗੋਇਲ, ਅਮਰਜੀਤ ਸਿੰਘ ਭੋਲਾ ਪ੍ਰਧਾਨ, ਜਤਿੰਦਰ ਸਿੰਘ ਰੰਧਾਵਾ ਜਰਨਲ ਸਕੱਤਰ, ਰਾਜੀਵ ਗੋਇਲ ਬਿੱਟੂ ਬਾਦਲ, ਹਰਸੰਗੀਤ ਹੈਪੀ ਅੰਗਰੋਇਆ, ਆਸ਼ੂ ਮਿੱਤਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜਰ ਸਨ। ਇਸ ਸਮਾਗਮ ਵਿਚ ਪੰਜਾਬੀ ਦੋਗਾਣਾ ਜੋੜੀ ਸੁਦਾਗਰ ਖਾਨ ਤੇ ਬੀਬਾ ਰੇਖਾ ਖਾਨ ਨੇ ਗੀਤ ਗਾ ਕੇ ਮਨੋਰੰਜਨ ਕੀਤਾ।
ਸਿੱਧੂ ਵੱਲੋਂ ਕੋਟਕਪੂਰਾ ਸ਼ਹਿਰ ਦੇ ਵਿਕਾਸ ਲਈ 87 91 ਕਰੋੜ ਦਾ ਐਲਾਨ
ਕੋਟਕਪਰਾ, (ਚਰਨਦਾਸ ਗਰਗ, ਸਤਨਾਮ ਸਿੰਘ, ਹਰਜੀਤ ਬਰਾੜ)- ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਸ਼ਹਿਰ ਵਿਚ ਸੀਵਰੇਜ ਸਮੱਸਿਆ ਦੇ ਪੱਕੇ ਹੱਲ ਲਈ , ਪੀਣ ਵਾਲੇ ਪਾਣੀ ਅਤੇ ਸੜਕਾਂ ਤੇ 87 91 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨੇ ਦਾਣਾ ਮੰਡੀ ਕੋਟਕਪੂਰਾ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਭਾਈ ਹਰਨਿਰਪਾਲ ਸਿੰਘ ਕੁੱਕੂ, ਭਾਈ ਰਾਹੁਲ ਸਿੱਧੂ ਤੇ ਕੁਸ਼ਲਦੀਪ ਸਿੰਘ ਢਿੱਲੋਂ ਐਮ ਐਲ ਏ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਸ: ਨਵਜੋਤ ਸਿੰਘ ਸਿੱਧੂ ਨੇ ਕਿਹਾ ਕੋਟਕਪੂਰਾ ਦੇ ਇਹ ਸਾਰੇ ਵਿਕਾਸ ਕਾਰਜ 2019 ਤੱਕ ਪੂਰੇ ਕਰ ਲਏ ਜਾਣ। ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਅਖੌਤੀ ਪੋਲ ਖੋਲੂ ਰੈਲੀਆਂ ਡਰਾਮੇ ਤੋਂ ਵੱਧ ਕੁਝ ਨਹੀਂ। ਕਾਂਗਰਸੀ ਆਗੂ ਅਤੇ ਪੀ ਪੀ ਐਸ ਸੀ ਦੇ ਸਾਬਕਾ ਆਗੂ ਭਾਈ ਰਾਹੁਲ ਸਿੱਧੂ ਨੇ ਕੋਟਕਪੂਰਾ ਦੇ ਵਿਕਾਸ ਲਈ ਦਿੱਤੀ ਰਾਸ਼ੀ ਤੇ ਸ: ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਆਈ ਜੀ, ਐਮ ਐਸ ਛੀਨਾ, ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ, ਐਸ ਐਸ ਪੀ ਡਾ: ਨਾਨਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ, ਪੰਚ, ਸਰਪੰਚ ਤੇ ਕਾਂਗਰਸੀ ਆਗੂ ਹਾਜ਼ਰ ਸਨ।