Skip to content
Independent perspectives. Global stories.
BREAKING

ਕਾਂਗਰਸ ਸਰਕਾਰ ਨੇ ਖੇਤੀ ਟਿਊਬਵੈਲਾਂ ਉਤੇ ਮੁੜ ਬਿਜਲੀ ਬਿਲ ਲਾਉਣ ਦੀ ਖਿੱਚੀ ਤਿਆਰੀ : ਸੁਖਬੀਰ ਸਿੰਘ ਬਾਦਲ

Share this story

ਬਰਨਾਲਾ, 8 ਫਰਵਰੀ (ਬਲਜਿੰਦਰ ਸਿੰਘ ਚੌਹਾਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵਖ ਵਖ ਗਰਿਡਾਂ ਉਤੇ ਮੀਟਰ ਲਗਾ ਕੇ ਖੇਤੀ ਟਿਊਬਵੈਲਾਂ ਉਤੇ ਦੁਬਾਰਾ ਤੋਂ ਬਿਜਲੀ ਦੇ ਬਿਲ ਲਾਉਣ ਦੀ ਤਿਆਰੀ ਖਿਚ ਰਖੀ ਹੈ। ਉਹਨਾਂ ਨੇ ਸਰਕਾਰ ਦੀ ਕਰਜ਼ਾ ਮੁਆਫੀ ਅਤੇ ਘਰ ਘਰ ਨੌਕਰੀ ਦੇ ਵਾਅਦਿਆਂ ਤੋਂ ਮੁਕਰਨ ਲਈ ਵੀ ਸਖ਼ਤ ਨਿਖੇਧੀ ਕੀਤੀ ।ਇਥੇ ਵਡਾ ਘਲੂਘਾਰਾ ਦਿਵਸ ਮਨਾਉਣ ਲਈ ਕੁਤਬਾ ਬਾਹਮਣੀਆਂ ਵਿਖੇ ਕੀਤੀ ਸਾਲਾਨਾ ਕਾਨਫਰੰਸ ਦੌਰਾਨ ਇਕ ਵਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ 2002 ਵਿਚ ਖੇਤੀ ਟਿਊਬਵੈਲਾਂ ਉਤੇ ਦੁਬਾਰਾ ਬਿਜਲੀ ਦੇ ਬਿਲ ਲਗਾ ਦਿਤੇ ਸਨ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਉਹੀ ਕੰਮ ਦੁਬਾਰਾ ਕਰਨ ਦੀ ਯੋਜਨਾ ਬਣਾ ਰਹੀ ਹੈ।ਉਨ੍ਹਾ ਮੁੱਖ ਮੰਤਰੀ ਤੇ ਵਰਦਿਆਂ ਕਿਹਾ ਕਿ ਲੋਕਾਂ ਦੇ ਭਰੋਸੇ ਨੂੰ ਤੋੜਿਆ ਹੈ, ਸਰਦਾਰ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਦਸਤਖ਼ਤਾਂ ਵਾਲੇ ਹਲਫੀਆ ਬਿਆਨ ਦਿਤੇ ਸਨ , ਜਿਹਨਾਂ ਵਿਚ ਕਿਸਾਨਾਂ ਦਾ ਸਹਿਕਾਰੀ ਅਤੇ ਰਾਸ਼ਟਰੀ ਬੈਂਕਾਂ ਤੋਂ ਇਲਾਵਾ ਆੜ੍ਹਤੀਆਂ ਤੋਂ ਲਿਆ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਹੁਣ ਇਹ ਵਾਅਦਾ ਪੂਰਾ ਕਰਨ ਦੀ ਥਾਂ ਮੁਖ ਮੰਤਰੀ ਇਕ ਸਮਾਗਮ ਦਾ ਤਮਾਸ਼ਾ ਕਰਕੇ ਇਹ ਦਾਅਵਾ ਕਰ ਰਿਹਾ ਹੈ ਕਿ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ, ਜਦਕਿ ਸਚਾਈ ਇਹ ਹੈ ਕਿ ਸਰਕਾਰ ਇਹ ਵਾਅਦਾ ਪੂਰਾ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ।
ਇਸ ਮੌਕੇ ਉਤੇ ਮੌਜੂਦ ਸਾਬਕਾ ਵਿਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਬਾਰੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਪੁਛਿਆ ਕਿ ਕੀ ਪਰਮਿੰਦਰ ਨੇ ਕਦੇ ਕਿਹਾ ਸੀ ਕਿ ਖਜ਼ਾਨਾ ਖਾਲੀ ਹੈ?  ਤੁਹਾਡੇ ਸਾਰੇ ਕੰਮ ਹੋਏ ਸਨ। ਸਾਡੇ ਕਾਰਜਕਾਲ ਦੌਰਾਨ ਬਿਜਲੀ ਸੈਕਟਰ ਵਿਚ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ, ਜਿਸ ਨੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਇਆ ਸੀ। ਲਗਭਗ 30 ਹਜ਼ਾਰ ਕਰੋੜ ਰੁਪਏ ਸੜਕਾਂ ਦੇ ਨੈਟਵਰਕ ਨੂੰ ਸੁਧਾਰਨ ਉਤੇ ਖਰਚ ਕੀਤੇ ਗਏ ਸਨ। ਅਜ ਇਸ ਦੇ ਉਲਟ ਕੁਝ ਵੀ ਨਹੀਂ ਕੀਤਾ  ਜਾ ਰਿਹਾ ਹੈ।ਅਕਾਲੀ-ਭਾਜਪਾ ਸਰਕਾਰ ਦੀਆਂ ਸਾਰੀਆਂ ਲੋਕ-ਭਲਾਈ ਸਕੀਮਾਂ ਨੂੰ ਬੰਦ ਕਰ ਦਿਤਾ ਗਿਆ ਹੈ। ਲੋਕਾਂ ਨੂੰ ਪਿਛਲੇ ਇਕ ਸਾਲ ਤੋਂ ਬੁਢਾਪਾ ਪੈਨਸ਼ਨ ਨਹੀਂ ਮਿਲੀ ਹੈ। ਇਥੋਂ ਤਕ ਕਿ ਆਟਾ ਦਾਲ ਅਤੇ ਸ਼ਗਨ ਸਕੀਮਾਂ ਵੀ ਬੰਦ ਕਰ ਦਿਤੀਆਂ ਗਈਆਂ ਹਨ। ਸਰਦਾਰ ਬਾਦਲ ਨੇ ਸਾਬਕਾ ਮੁਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਵਲੋਂ ਸੂਬੇ ਦੇ ਵਿਰਸੇ ਨੂੰ ਅਗਲੀਆਂ ਪੀੜ੍ਹੀਆਂ ਤਕ ਪੁਜਦਾ ਕਰਨ ਲਈ ਕੀਤੇ ਯਤਨਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਵਿਰਾਸਤੇ-ਖਾਲਸਾ ਦੀ ਉਸਾਰੀ ਲਈ ਨਿਰੋਲ ਬਾਦਲ ਸਾਹਿਬ ਜ਼ਿੰਮੇਵਾਰ ਹਨ। 30 ਹਜ਼ਾਰ ਸਿਖਾਂ ਦੀ ਕੁਰਬਾਨੀ ਨੂੰ ਦਰਸਾਉਂਦੇ ਵਡੇ ਘਲੂਘਾਰੇ ਦੀ ਯਾਦਗਾਰ ਬਣਾਉਣ ਪਿਛੇ ਵੀ ਉੁਹਨਾਂ ਦੀ ਹੀ ਭੁਮਿਕਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਇਹਨਾਂ ਯਾਦਗਾਰਾਂ ਅਤੇ ਅੰਮ੍ਰਿਤਸਰ ਵਿਖੇ ਵਿਰਾਸਤੀ ਮਾਰਗ ਦੀ ਸੰਭਾਲ ਤਕ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਜ ਯੂਥ ਅਕਾਲੀ ਦਲ ਦੇ ਵਲੰਟੀਅਰ ਵਿਰਾਸਤੀ ਮਾਰਗ ਦੀ ਸਫਾਈ ਕਰ ਰਹੇ ਹਨ, ਕਿਉਂਕਿ ਜਿਹਨਾਂ ਕਰਮਚਾਰੀਆਂ ਦੀ ਇਹ ਜ਼ਿੰਮੇਵਾਰੀ ਹੈ, ਉਹਨਾਂ ਨੂੰ ਸਰਕਾਰ ਵਲੋਂ ਤਨਖਾਹਾਂ ਨਹੀਂ ਦਿਤੀਆਂ ਜਾ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ, ਬਲਦੇਵ ਸਿੰਘ ਮਾਨ, ਸੁਰਿੰਦਰਪਾਲ ਸਿੰਘ ਸਿਬੀਆ, ਸੰਤ ਬਲਬੀਰ ਸਿੰਘ ਘੁੰਨਸ, ਗਗਨਜੀਤ ਸਿੰਘ ਬਰਨਾਲਾ, ਇਕਬਾਲ ਸਿੰਘ ਝੂੰਦਾਂ ਅਤੇ ਕੁਲਵੰਤ ਸਿੰਘ ਕੀਤੂ ਨੇ ਵੀ ਸੰਬੋਧਨ ਕੀਤਾ।

WRITTEN BY