ਹੈਮਿਲਟਨ, 28 ਜਨਵਰੀ (ਵਿਸ਼ਵ ਵਾਰਤਾ)- ਨਿਊਜ਼ੀਲੈਂਡ ਨੇ ਅੱਜ ਚੌਥੇ ਵਨਡੇ ਮੈਚ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਆਪਣੇ ਨਾਮ ਕਰ ਲਈ। ਹੁਣ ਤੱਕ ਨਿਊਜ਼ੀਲੈਂਡ ਦੀ ਟੀਮ 3 ਮੈਚ ਜਿੱਤ ਚੁੱਕੀ ਹੈ, ਜਦੋਂ ਕਿ ਇਕ ਮੈਚ ਟਾਈ ਹੋ ਗਿਆ ਸੀ। ਫਿਲਹਾਲ ਦੋਨਾਂ ਟੀਮਾਂ ਵਿਚਾਲੇ ਇਕ ਮੈਚ ਖੇਡਿਆ ਜਾਣਾ ਬਾਕੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਸੀਰੀਜ਼ ਵਿਚ ਬਣੇ ਰਹਿਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਸੀ, ਪਰ ਉਸ ਦੀ ਹਾਰ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਇਸ ਹਾਰ ਨਾਲ ਭਾਰਤੀ ਟੀਮ ’ਤੇ ਕਈ ਸਵਾਲ ਵੀ ਉਠਣੇ ਸ਼ੁਰੂ ਹੋ ਗਏ ਹਨ। ਇਸ ਤੋਂ ਪਹਿਲਾਂ ਅੱਜ ਟੀਮ ਇੰਡੀਆ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰੋਹਿਤ ਸ਼ਰਮਾ ਨਾਲ ਓਪਨਿੰਗ ’ਤੇ ਆਏ ਵਿਰਾਟ ਕੋਹਲੀ ਕੇਵਲ 2 ਦੌੜਾਂ ਹੀ ਬਣਾ ਸਕਿਆ, ਜਦੋਂ ਕਿ ਰੋਹਿਤ ਨੇ 79 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਰਹਾਨੇ ਕੇਵਲ 3 ਦੌੜਾਂ ਹੀ ਬਣਾ ਸਕਿਆ। ਰਾਇਨਾ ਦੀ ਥਾਂ ਟੀਮ ਵਿਚ
ਸ਼ਾਮਿਲ ਕੀਤੇ ਗਏ ਰਾਇਡੂ ਨੇ 37 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਮਹਿੰਦਰ ਸਿੰਘ ਧੋਨੀ ਤੇ ਰਵਿੰਦਰ ਜਡੇਜਾ ਨੇ ਕ੍ਰਮਵਾਰ 79 ਤੇ 62 ਦੌੜਾਂ ਦੀਆਂ ਅਜੇਤੂ ਪਾਰੀਆਂ ਖੇਡ ਟੀਮ ਦਾ ਸਕੋਰ 278 ਦੌੜਾਂ ਤੱਕ ਪਹੁੰਚਾ ਦਿੱਤਾ। ਜਿੱਤ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਨੇ ਤੇਜ਼ ਸ਼ੁਰੂਆਤ ਕੀਤੀ। ਗੁਪਟਿਲ ਨੇ 35 ਤੇ ਰਾਈਡਰ ਨੇ 19 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਿਲੀਅਮਸਨ ਨੇ 60 ਦੌੜਾਂ ਦਾ ਯੋਗਦਾਨ ਪਾਇਆ। 112 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੇ ਟੇਲਰ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਜਦੋਂ ਕਿ ਕਪਤਾਨ ਮੈਕੁਲਮ ਨੇ 49 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ 48.1 ਓਵਰਾਂ ਵਿਚ ਹੀ ਜਿੱਤ ਦਿਵਾ ਦਿੱਤੀ। ਭਾਰਤ ਵੱਲੋਂ ਸ਼ਮੀ ਅਹਿਮਦ ਤੇ ਵਰੁਣ ਆਰੋਨ ਨੂੰ ਕੇਵਲ 1-1 ਵਿਕਟ ਹੀ ਮਿਲੀ। ਦੋਨਾਂ ਟੀਮਾਂ ਵਿਚਾਲੇ ਅਗਲਾ ਮੈਚ 31 ਜਨਵਰੀ ਨੂੰ ਖੇਡਿਆ ਜਾਵੇਗਾ।



