ਫ਼ਤਿਹਗੜ੍ਹ ਸਾਹਿਬ, 1 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਮਾਤਾ ਗੁਜਰੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਦੇਸ਼ ਦੀ ਅਰਥ ਸ਼ਾਸ਼ਤਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਕੇਂਦਰੀ ਬਜ਼ਟ ਪੇਸ਼ ਹੋਣ ਦਾ ਸਿੱਧਾ ਪ੍ਰਸਾਰਣ ਕਾਲਜ ਦੇ ਕਾਮਰਸ ਹਾਲ ਵਿਖੇ ਵਿਦਿਆਰਥੀਆਂ ਨੂੰ ਦਿਖਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਅਧਿਆਪਕਾਂ ਨੇ ਵੀ ਹਿੱਸਾ ਲਿਆ।ਬਜ਼ਟ ਦੇ ਇਸ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਬਜ਼ਟ ਦੇ ਸੰਸਦ ਵਿੱਚ ਪੇਸ਼ ਹੋਣ ਤੋਂ ਲੈ ਕੇ ਬਜ਼ਟ ਦੀਆਂ ਆਮ ਆਦਮੀ ਨੂੰ ਕੀ ਕੀ ਸੁਵਿਧਾਵਾਂ ਪ੍ਰਾਪਤ ਹੋਣਗੀਆਂ ਆਦਿ ਵਿਸ਼ਿਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ ਵਿਦਿਆਰਥੀਆਂ ਵਿੱਚ ਸੰਚਾਰ ਕਰਨ ਦੇ ਹੁਨਰ ਬਾਰੇ ਵੀ ਗਿਆਨ ਹੋਣਾ ਚਾਹੀਦਾ ਹੈ ਤਾਂ ਹੀ ਵਿਦਿਆਰਥੀਆਂ ਨੂੰ ਵਧੀਆ ਰੁਜਗਾਰ ਪ੍ਰਾਪਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਰੁਜਗਾਰ ਦੀ ਘਾਟ ਨਹੀ ਹੁੰਦੀ, ਜੇਕਰ ਘਾਟ ਹੈ ਤਾਂ ਹੁਨਰ ਦੀ, ਜਿਸ ਦੀ ਨੌਜਵਾਨ ਵਰਗ ਸਹੀ ਸਮੇਂ ਪਹਿਚਾਣ ਨਹੀਂ ਕਰਦਾ। ਇਸ ਨਾਲ ਹੀ ਉਹ ਆਪਣੇ ਭਵਿੱਖ ਨੂੰ ਖਰਾਬ ਕਰ ਲੈਂਦਾ ਹੈ। ਇਸ ਮੌਕੇ ਡੀਨ ਅਕਾਦਮਿਕ ਪ੍ਰੋ. ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਕਾਲਜ ਦਾ ਇਹ ਟੀਚਾ ਰਹਿੰਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਆਪਣੀ ਸਾਰਥਕ ਭੂਮਿਕਾ ਨਿਭਾ ਸਕੇ। ਇਸ ਮੌਕੇ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀ ਹਾਜਰ ਸਨ।
ਮਾਤਾ ਗੁਜਰੀ ਕਾਲਜ ਵਿਖੇ ਬਜਟ ਸੈਸ਼ਨ ਦਾ ਸਿੱਧਾ ਪ੍ਰਸਾਰਣ ਦਿਖਾਇਆ



